ਅਵਤਾਰ ਸਿੰਘ ਆਨੰਦ
ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਤੋਂ ਬਾਹਰ ਦੇਸ਼ ਦੇ ਬਾਕੀ ਰਾਜਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਗੁਰੂ ਤੇਗ ਬਹਾਦਰ ਦੇ ਇਲਾਹੀ ਚਿਹਰੇ ਦੇ ਪ੍ਰਭਾਵ ਅਤੇ ਸ਼ਾਂਤ ਚਿੱਤ ਸੁਭਾਅ ਤੋਂ ਸੰਗਤ ਬਹੁਤ ਪ੍ਰਭਾਵਿਤ ਸੀ। ਜਦੋਂ ਵੀ ਸੰਗਤ ਗੁਰੂ ਸਾਹਿਬ ਨੂੰ ਆਪਣੇ ਨਗਰ ’ਚ ਚਰਨ ਪਾਉਣ ਲਈ ਬੇਨਤੀ ਕਰਦੀ ਤਾਂ ਗੁਰੂ ਜੀ ਆਪਣੇ ਸਿੱਖਾਂ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਯਾਤਰਾਵਾਂ ’ਤੇ ਨਿਕਲ ਪੈਂਦੇ।
ਬੁਲਾਕੀ ਦਾਸ ਵੱਲੋਂ ਅਰਦਾਸ, ਬੇਨਤੀ ਕਰਨ ’ਤੇ ਗੁਰੂ ਸਾਹਿਬ ਉੱਤਰ-ਪੂਰਬ ਦੀ ਯਾਤਰਾ ’ਤੇ ਗਏ। ਇਸ ਵਾਰ ਗੁਰੂ ਸਾਹਿਬ ਮਾਤਾ ਗੁਜਰੀ ਜੀ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਭਾਈ ਕਿਰਪਾਲ ਚੰਦ, ਦੀਵਾਨ ਭਾਈ ਮਤੀ ਦਾਸ, ਸਤੀ ਦਾਸ, ਮੁਨਸ਼ੀ ਸਾਹਿਬ ਚੰਦ ਨੂੰ ਮਾਤਾ ਜੀ ਕੋਲ ਹੀ ਛੱਡ ਕੇ ਚੰਦ ਕੁ ਸਿੱਖਾਂ ਨਾਲ ਢਾਕੇ ਵੱਲ ਰਵਾਨਾ ਹੋਏ। ਗੁਰੂ ਸਾਹਿਬ ਪਟਨਾ ਸਾਹਿਬ ਤੋਂ 18 ਕੋਹ ਦੂਰ ਮੁੰਘੇਰ ਸਹਿਰ ਵਿਖੇ ਦੋ ਦਿਨ ਸਿੱਖਾਂ ਦੇ ਘਰ ਰੁਕੇ। ਇਸੇ ਤਰ੍ਹਾਂ ਉਹ ਗੰਜ, ਭਾਗਲਪੁਰ, ਰਾਜ ਮਹਿਲ, ਕਹਲਗਾਉ, ਕੁੰਤਲ, ਮਾਲਦੋ, ਨਲਹੱਟੀ ਅਦਿ ਨਗਰਾਂ ਤੋਂ ਹੁੰਦੇ ਹੋਏ ਮੁਰਸ਼ਦਾਬਾਦ (ਮਕਸੂਦਾਬਾਦ) ਪੁੱਜੇ। ਇਥੇ ਕੁਝ ਦਿਨ ਰੁਕਣ ਤੋਂ ਬਾਅਦ ਗੁਰੂ ਜੀ ਆਪਣੇ ਸਿੱਖਾਂ ਨਾਲ ਢਾਕੇ ਦੇ ਮਸੰਦ ਬੁਲਾਕੀ ਦਾਸ ਦੇ ਘਰ ਗਏ। ਇਸ ਤੋਂ ਪਹਿਲਾਂ ਬੁਲਾਕੀ ਦਾਸ ਦੇ ਘਰ ਗੁਰੂ ਨਾਨਕ ਸਾਹਿਬ ਵੀ ਆਏ ਸਨ। ਗੁਰੂ ਤੇਗ ਬਹਾਦਰ ਜੀ ਨੇ ਜਦੋਂ ਬੁਲਾਕੀ ਦਾਸ ਦੇ ਘਰ ਦਾ ਦਰਵਾਜਾ ਖੜਕਾਇਆ ਤਾਂ ਉਸ ਵੇਲੇ ਬੁਲਾਕੀ ਦਾਸ ਘਰ ਨਹੀਂ ਸੀ ਪਰ ਉਸ ਦੀ ਮਾਤਾ ਬ੍ਰਿਧਾ ਨੇ ਦਰਵਾਜਾ ਖੋਲ੍ਹਿਆ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬ ਨੂੰ ਦੇਖਦਿਆਂ ਹੀ ਮਾਤਾ ਉਨ੍ਹਾਂ ਦੇ ਚਰਨਾਂ ਵਿੱਚ ਡਿੱਗ ਪਈ। ਕੁਝ ਚਿਰ ਮਗਰੋਂ ਬੁਲਾਕੀ ਦਾਸ ਘਰ ਆਇਆ ਤਾਂ ਉਹ ਵੀ ਗੁਰੂ ਜੀ ਨੂੰ ਵੇਖ ਕੇ ਭਾਵੁਕ ਹੋ ਗਿਆ। ਗੁਰੂ ਸਾਹਿਬ ਨੇ ਬੁਲਾਕੀ ਦਾਸ ਅਤੇ ਉਸ ਦੀ ਬ੍ਰਿਧ ਮਾਤਾ ਦੀ ਸੇਵਾ ਤੋਂ ਖੁਸ਼ ਹੁੰਦਿਆਂ ਅਸੀਸਾਂ ਦਿੱਤੀਆਂ। ਇੱਥੇ ਅੱਜ-ਕੱਲ੍ਹ ਗੁਰਦੁਆਰਾ ਸੰਗਤ ਟੋਲਾ ਸਾਹਿਬ ਸੁਸ਼ੋਭਿਤ ਹੈ।
ਗੁਰੂ ਜੀ ਦੀ ਆਮਦ ਬਾਰੇ ਪਤਾ ਲੱਗਦਿਆਂ ਹੀ ਢਾਕੇ ਦੀ ਸੰਗਤ ਕੀਮਤੀ ਸੌਗਾਤਾਂ ਲੈ ਕੇ ਗੁਰੂ ਜੀ ਕੋਲ ਹਾਜ਼ਰ ਹੋਈ। ਸਾਰੀ ਰਾਤ ਕੀਰਤਨ ਹੋਇਆ। ਗਿਆਨੀ ਗਿਆਨ ਸਿੰਘ ਮੁਤਾਬਕ, ‘ਵਾਜੇ ਵਜਾਏ, ਸ਼ਬਦ ਗਾਏ, ਫੁੱਲ ਵਰਸਾਏ।’ ਉਨ੍ਹਾਂ ਦਾ ਪ੍ਰੇਮ ਦੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ। ਉਨ੍ਹਾਂ ਬਚਨ ਕੀਤਾ, “ਇੱਥੇ ਧਰਮਸ਼ਾਲਾ ਬਣਾਓ, ਕਿਸੇ ਸਿੱਖ ਸੰਤ ਟਿੱਕਾ ਰੱਖੋ, ਪੁੰਨੜਾ ਵਾਲੇ ਦਿਨ ਹਰ ਮਹੀਨੇ ਜੋੜ ਮੇਲ ਕੀਰਤਨ ਕਰੋ।” ਮਗਰੋਂ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਇਥੇ ਧਰਮਸ਼ਾਲਾ ਬਣਾਈ ਗਈ। ਹੁਣ ਤਕ ਉਥੇ ਜੋੜ ਮੇਲਾ ਲੱਗਦਾ ਹੈ ਤੇ ਕਥਾ ਕੀਰਤਨ ਹੁੰਦਾ ਹੈ।
ਇਸ ਮਗਰੋਂ ਗੁਰੂ ਸਾਹਿਬ ਢਾਕੇ ਤੋਂ ਥੋੜੀ ਦੂਰ ਮੁਦਰਾਪੁਰ ਜਾ ਬਿਰਾਜੇ। ਇਸ ਸ਼ਹਿਰ ਨੂੰ ਅੱਜ-ਕੱਲ੍ਹ ਮਧਰੀ ਪੁਰ ਕਿਹਾ ਜਾਂਦਾ ਹੈ। ਪਹਿਲਾਂ ਇਹ ਢਾਕੇ ਦੀ ਸਬ-ਡਵੀਜ਼ਨ ਹੁੰਦੀ ਸੀ ਪਰ ਹੁਣ ਇਹ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਇਥੇ ਪੀਰ ਨੱਥੇ ਸ਼ਾਹ ਨੇ ਗੁਰੂ ਜੀ ਦੀ ਸੇਵਾ ਕੀਤੀ। ਇਹ ਨੱਥੇ ਸ਼ਾਹ ਉਹ ਹੀ ਪੀਰ ਸੀ, ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਢਾਕੇ ਵੱਲ ਤੋਰਿਆ ਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਸੰਭਾਲਣ ਲਈ ਕਿਹਾ ਸੀ। ਗੁਰੂ ਤੇਗ ਬਹਾਦਰ ਜੀ ਨੇ ਇੱਥੋਂ ਅੱਗੇ ਤੁਰਨ ਲੱਗਿਆਂ ਸੰਗਤ ਨੂੰ ਪੰਜ ਗ੍ਰੰਥੀ ਭੇਟ ਕੀਤੀ।
ਮਗਰੋਂ ਗੁਰੂ ਸਾਹਿਬ ਰਾਜੇ ਬਿਸ਼ਨ ਸਿੰਘ ਕੋਲ ਪੁੱਜੇ। ਕੁੱਝ ਇਤਿਹਾਸਕਾਰ ਰਾਜਾ ਬਿਸ਼ਨ ਸਿੰਘ ਨੂੰ ਰਾਜਾ ਰਾਮ ਸਿੰਘ ਵੀ ਲਿਖਦੇ ਹਨ। ਉਸ ਦੇ ਪਿਤਾ ਦਾ ਨਾਂ ਰਾਜਾ ਜੈ ਸਿੰਘ ਸੀ। ਦਿੱਲੀ ਦਾ ਰਹਿਣ ਵਾਲਾ ਰਾਜਾ ਜੈ ਸਿੰਘ ਗੁਰੂ ਹਰਗੋਬਿੰਦ ਸਾਹਿਬ ਦਾ ਸ਼ਰਧਾਲੂ ਸੀ। ਜਿੱਥੇ ਅੱਜ-ਕੱਲ੍ਹ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ, ਉੱਥੇ ਰਾਜਾ ਜੈ ਸਿੰਘ ਦਾ ਮਹਿਲ ਹੁੰਦਾ ਸੀ। ਇਹ ਮਹਿਲ ਰਾਜਾ ਜੈ ਸਿੰਘ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਭੇਟ ਕੀਤਾ ਸੀ।
ਰਾਜਾ ਬਿਸ਼ਨ ਸਿੰਘ ਦੇ ਸਿਪਾਹੀ ਗੁਰੂ ਜੀ ਨੂੰ ਅੱਗਿਓਂ ਲੈਣ ਆ ਗਏ। ਰਾਜੇ ਨੇ ਗੁਰੂ ਸਾਹਿਬ ਦੀ ਬਹੁਤ ਟਹਿਲ ਸੇਵਾ ਕੀਤੀ ਅਤੇ ਕਿਹਾ ਕਿ ਔਰੰਗਜ਼ੇਬ ਨੇ ਉਸ ਨੂੰ ਕਾਮਰੂਪ ਦੇਸ਼ ਦੇ ਰਾਜਪੂਤ ਰਾਜਿਆਂ ’ਤੇ ਜਿੱਤ ਪ੍ਰਾਪਤ ਕਰਨ ਲਈ ਭੇਜਿਆ ਹੈ ਪਰ ਉਸ ਨੂੰ ਪਤਾ ਲੱਗਿਆ ਹੈ ਕਿ ਇੱਥੇ ਬਹੁਤ ਜਾਦੂਗਰ ਰਹਿੰਦੇ ਹਨ, ਜਿਹੜੇ ਆਪਣੇ ਜਾਦੂ-ਟੂਣੇ ਨਾਲ ਕਿਸੇ ਨੂੰ ਜਿੱਤਣ ਨਹੀਂ ਦਿੰਦੇ। ਜੇ ਉਹ ਹਾਰ ਗਿਆ ਤਾਂ ਔਰੰਗਜ਼ੇਬ ਉਸ ਨੂੰ ਮਾਰ ਦੇਵੇਗਾ। ਗੁਰੂ ਜੀ ਕਹਿਣ ਲੱਗੇ, “ਡਰ ਨਾ, ਤੇਰੀ ਫਤਹਿ ਹੋਵੇਗੀ।’’
ਰਾਜੇ ਬਿਸ਼ਨ ਸਿੰਘ ਦੇ ਵਿਰੋਧੀ ਕਾਮਰੂਪ ਰਾਜੇ (ਚੱਕਰ ਧਵੱਜ) ਪਰਨਪਾਲ ਦੀ ਫੌਜ ਨੇ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਇੱਕਠ ਕੀਤਾ ਅਤੇ ਰਾਜਾ ਬਿਸ਼ਨ ਸਿੰਘ ਨੂੰ ਯੁੱਧ ਲਈ ਲਲਕਾਰਿਆ। ਉਧਰ ਅਚਾਨਕ ਦਰਿਆ ਵਿੱਚ ਪਾਣੀ ਵੱਧ ਗਿਆ। ਪਰਨਪਾਲ ਰਾਜੇ ਦੀ ਵੱਡੀ ਗਿਣਤੀ ਫੌਜ ਦਰਿਆ ਵਿਚ ਰੁੜ ਗਈ। ਕਿਸੇ ਨੇ ਰਾਜੇ ਪਰਨਪਲ ਨੂੰ ਕਿਹਾ, ‘‘ਰਾਜਾ ਬਿਸ਼ਨ ਸਿੰਘ ਦੇ ਕਾਫਲੇ ’ਚ ਗੁਰੂ ਨਾਨਕ ਦੇਵ ਦਾ ਗੱਦੀ ਨਸ਼ੀਨ ਵੀ ਹੈ। ਇਹ ਸਭ ਉਸ ਦੇ ਪ੍ਰਤਾਪ ਨਾਲ ਹੋ ਰਿਹਾ ਹੈ। ਜਿਹੜਾ ਗੁਰੂ ਦਰਿਆ ਦਾ ਮੁੱਖ ਮੋੜ ਸਕਦਾ ਹੈ, ਉਸ ਲਈ ਅਸੀਂ ਕੀ ਚੀਜ਼ ਹਾਂ। ਆਪਣੀ ਹਾਰ ਸਵੀਕਾਰ ਕਰੋ ਤੇ ਗੁਰੂ ਜੀ ਦੇ ਚਰਨਾਂ ’ਚ ਢਹਿ ਪਓ।’’
ਗੁਰੂ ਜੀ ਦੇ ਬਚਨ ਅਟੱਲ ਹੋਏ ਅਤੇ ਰਾਜੇ ਬਿਸ਼ਨ ਸਿੰਘ ਦੀ ਜਿੱਤ ਹੋਈ। ਰਾਜਾ ਪਰਨਪਾਲ ਗੁਰੂ ਜੀ ਦੇ ਚਰਨਾਂ ਵਿਚ ਸਿਰ ਧਰ ਕੇ ਮੁਆਫੀ ਮੰਗਣ ਲੱਗਾ। ਗੁਰੂ ਸਾਹਿਬ ਨੇ ਦੋਹਾਂ ਰਾਜਿਆਂ ’ਚ ਸੰਧੀ ਕਰਵਾਈ। ਪੱਕੀ ਮਿੱਤਰਤਾ ਕਰਵਾ ਕੇ ਗੁਰੂ ਸਾਹਿਬ ਨੇ ਦੋਹਾਂ ਦੇਸ਼ਾਂ ਦੀ ਹੱਦਬੰਦੀ ਕਰਵਾਈ। ਖੰਜਰ ਗੱਡ ਕੇ ਉਸ ਅਸਥਾਨ ਦਾ ਨਾਮ ਗੁਰ ਖੰਜਰ ਪੁਰ ਰੱਖਿਆ। ਇਹ ਉਹ ਖੰਜਰ ਸੀ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਭੇਟ ਕੀਤਾ ਸੀ।
ਗੁਰੂ ਜੀ ਨੇ ਦੋਹਾਂ ਰਾਜਿਆ ਦੀ ਸਹਿਮਤੀ ਨਾਲ ਧੋਬੀਆਂ ਬੰਦਰਪੁਰ ਪਿੰਡ ਵਸਾਇਆ। ਅਜੇ ਗੁਰੂ ਜੀ ਅੱਗੇ ਜਾਣ ਦੀ ਗੱਲ ਕਰ ਹੀ ਰਹੇ ਸਨ ਕਿ ਇਕ ਸਿੱਖ ਪਟਨਾ ਸਾਹਿਬ ਤੋਂ ਬਾਲਕ (ਗੁਰੂ) ਗੋਬਿੰਦ ਰਾਇ ਦੇ ਜਨਮ ਦੀ ਖੁਸ਼ੀ ਦੀ ਖਬਰ ਲੈ ਕੇ ਗੁਰੂ ਜੀ ਕੋਲ ਪੁੱਜਿਆ। ਇਹ ਖਬਰ ਸੁਣ ਕੇ ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਰਾਜਾ ਬਿਸ਼ਨ ਸਿੰਘ ਤੇ ਰਾਜਾ ਪਰਨਪਾਲ ਨੇ ਸਾਰੀ ਫੌਜ ਵਿਚ ਮਿਠਾਈ ਵੰਡੀ।
ਪਟਨਾ ਸਾਹਿਬ ਜਾਣ ਲੱਗੇ ਗੁਰੂ ਜੀ ਨੇ ਰਾਜਾ ਬਿਸ਼ਨ ਸਿੰਘ ਨੂੰ ਖੰਜਰ ਵਾਲੀ ਜਗ੍ਹਾ ’ਤੇ ਇਕ ਉੱਚਾ ਅਸਥਾਨ ਬਣਾਉਣ ਲਈ ਕਿਹਾ ਕਿਉਂਕਿ ਇੱਥੇ ਪਹਿਲਾਂ ਗੁਰੂ ਨਾਨਕ ਦੇਵ ਜੀ ਵੀ ਆਏ ਸਨ। ਰਾਜਾ ਬਿਸ਼ਨ ਸਿੰਘ ਅਤੇ ਰਾਜਾ ਪਰਨਪਾਲ ਦੀ ਫੌਜ ਨੇ ਰਲ ਕੇ ਉੱਥੇ ਦਮਦਮਾ ਸਾਹਿਬ ਨਾਂ ਦਾ ਇੱਕ ਅਸਥਾਨ ਬਣਾਇਆ। ਇਹ ਅਸਥਾਨ ਬ੍ਰਹਮਪੁੱਤਰ ਦਰਿਆ ਕਿਨਾਰੇ ਦੁਬਰੀ ਵਿੱਚ ਹੈ। ਇੱਥੇ ਗੁਰਦੁਆਰੇ ਦੀ ਹਦੂਦ ਅੰਦਰ ਇੱਕ ਪਿੱਪਲ ਹੈ। ਪ੍ਰਚਲਿਤ ਕਥਾ ਅਨੁਸਾਰ ਇੱਕ ਜਾਦੂਗਰਨੀ ਇਸ ਪਿੱਪਲ ’ਤੇ ਬਹਿ ਕੇ ਗੁਰੂ ਤੇਗ ਬਹਾਦਰ ਨੂੰ ਮਾਰਨ ਆਈ ਸੀ ਪਰ ਉਹ ਪਿੱਪਲ ਹਵਾ ਵਿਚ ਹੀ ਉੱਚਾ ਰਹਿ ਗਿਆ। ਇਹ ਪਿੱਪਲ ਅੱਜ ਵੀ ਬਹੁਤ ਉੱਚਾ ਹੈ। ਹੁਣ ਇਸ ਦੇ ਆਲੇ-ਦੁਆਲੇ ਮਿੱਟੀ ਪਾ ਦਿੱਤੀ ਗਈ ਹੈ। ਦੋਹਾਂ ਰਾਜਿਆਂ ਵਿੱਚ ਸੁਲਾਹ ਕਰਵਾ ਕੇ ਗੁਰੂ ਸਾਹਿਬ ਪਟਨਾ ਸਾਹਿਬ ਪਰਤ ਗਏ।
ਸੰਪਰਕ: 98770-92505