ਗੌਹਰ ਬੇਗ਼ਮ ਦਾ ਗੌਹਰ ਮਹੱਲ : The Tribune India

ਗੌਹਰ ਬੇਗ਼ਮ ਦਾ ਗੌਹਰ ਮਹੱਲ

ਗੌਹਰ ਬੇਗ਼ਮ ਦਾ ਗੌਹਰ ਮਹੱਲ

ਰਿਪਨਜੋਤ ਕੌਰ ਸੋਨੀ ਬੱਗਾ

ਭਾਰਤ ਵਿੱਚ ਇੱਕ ਥਾਂ ਤਕਰੀਬਨ 125 ਸਾਲ ਬੇਗ਼ਮਾਂ ਦਾ ਰਾਜ ਰਿਹਾ ਹੈ, ਉਹ ਜਗ੍ਹਾ ਹੈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ। ਗੌਂਡ ਰਾਜ ਦਾ ਇੱਕ ਛੋਟਾ ਜਿਹਾ ਪਿੰਡ ਭੋਪਾਲ ਮੁਗ਼ਲ ਫ਼ੌਜ ਦੇ ਇੱਕ ਪਸ਼ਤੂਨ ਸਿਪਾਹੀ ਦੋਸਤ ਮੁਹੰਮਦ ਖ਼ਾਨ ਨੇ ਵਸਾਇਆ ਸੀ। ਹੌਲੀ-ਹੌਲੀ ਵਿਕਸਿਤ ਹੁੰਦਾ ਇਹ ਸ਼ਹਿਰ ਬਣ ਗਿਆ।

ਭੋਪਾਲ ਉੱਤੇ ਇੱਕ ਨਹੀਂ ਸਗੋਂ ‌ਚਾਰ ਬੇਗ਼ਮਾਂ ਦੀ ਹਕੂਮਤ ਰਹੀ ਹੈ। ਆਪਣੇ ਸ਼ਾਸਨ ਦੌਰਾਨ ਉਨ੍ਹਾਂ ਨੇ ਇਮਾਰਤਸਾਜ਼ੀ ਵੀ ਕਰਵਾਈ। ਇਨ੍ਹਾਂ ਵਿੱਚੋਂ 1820 ਵਿੱਚ ਬੇਗ਼ਮ ਗੌਹਰ ਵੱਲੋਂ ਬਣਾਇਆ ਗਿਆ ਅਤੇ ਬੜਾ ਤਲਾਬ ਕੋਲ ਸਥਿਤ ਗੌਹਰ ਮਹੱਲ ਹਿੰਦੂ ਅਤੇ ਮੁਗ਼ਲ ਭਵਨ ਨਿਰਮਾਣ ਕਲਾ ਦਾ ਅਨੂਠਾ ਮਿਸ਼ਰਣ ਹੈ। ਗੌਹਰ ਮਹੱਲ ਭੋਪਾਲ ਦੇ ਮਸ਼ਹੂਰ ਅਤੇ ਸੁੰਦਰ ਸ਼ੌਕਤ ਮਹੱਲ ਦੇ ਪਿੱਛੇ ਅਤੇ ਵੀਆਈਪੀ ਸੜਕ ਉੱਤੇ ਲੱਕੜੀ ਉੱਤੇ ਮੀਨਾਕਾਰੀ ਦਾ ਪੁਰਾਤਨ ਖ਼ੂਬਸੂਰਤ ਨਮੂਨਾ ਪੇਸ਼ ਕਰਦਾ ਹੈ। ਇਹ ਮਹਿਜ਼ ਦੋ ਸੌ ਸਾਲ ਪੁਰਾਣਾ ਹੈ ਜੋ ਕਿ ਅਜੋਕੇ ਸਮੇਂ ਵਿੱਚ ਬੁਰੀ ਤਰ੍ਹਾਂ ਅਣਗੌਲਿਆ ਗਿਆ ਹੈ। ਅੱਜ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਕੁਦਸੀਆ ਬੇਗ਼ਮ (1819 ਤੋਂ 1837) ਭੋਪਾਲ ਦੀ ਪਹਿਲੀ ਮਹਿਲਾ ਸ਼ਾਸਕ ਸੀ। ਇਸ ਧੜੱਲੇਦਾਰ, ਸੂਝ-ਬੂਝ ਦੀ ਮਾਲਕ ਅਤੇ ਖੁੱਲ੍ਹੇ ਵਿਚਾਰਾਂ ਵਾਲੀ ਔਰਤ ਕੁਦਸੀਆ ਬੇਗ਼ਮ ਦਾ ਹੀ ਦੂਸਰਾ ਨਾਮ ਗਉਹਰ ਮੁਜੀਬ ਫਾਰੂਕੀ ਸੀ ਜਿਸ ਦੇ ਨਾਮ ’ਤੇ ਇਹ ਗੌਹਰ ਮਹੱਲ ਵਜੋਂ ਪ੍ਰਸਿੱਧ ਹੋ ਗਿਆ। ਬਾਕੀ ਬੇਗ਼ਮਾਂ ਦੇ ਮੁਕਾਬਲੇ ਗੌਹਰ ਇੱਕ ਸੂਝਵਾਨ ਅਤੇ ਦੂਰ-ਅੰਦੇਸ਼ ਸ਼ਾਸਕ ਸੀ। ਰਾਏਸਾਨਾ ਦੇ ਕਿਲ੍ਹੇ ਤੋਂ ਗੌਹਰ ਮਹੱਲ ਤੱਕ ਇੱਕ ਸੁਰੰਗ ਵੀ ਬਣਾਈ ਹੋਈ ਸੀ। ਬੇਗ਼ਮ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਇਸ ਮਹੱਲ ਵਿੱਚ ਗੁਜ਼ਾਰੇ। ਬੇਗ਼ਮ ਗੌਹਰ ਨੇ ਭੋਪਾਲ ਦੀ ਰਿਆਸਤ ਦੀ ਵਸੀਅਤ ਆਪਣੀ ਧੀ ਦੇ ਨਾਂ ਕਰ ਦਿੱਤੀ।

ਉਸ ਵਕਤ ਭਾਰਤ ਦੇ ਹੋਰ ਮਹੱਲਾਂ ਨਾਲ ਤੁਲਨਾ ਕਰੀਏ ਤਾਂ ਗੌਹਰ ਮਹੱਲ ਵਿੱਚ ਬਾਕੀਆਂ ਨਾਲੋਂ ਇੱਕ ਵਖਰੇਵਾਂ ਇਹ ਸੀ ਕਿ ਇਸ ਵਿੱਚ ਮਰਦਾਨਾ ਅਤੇ ਜ਼ਨਾਨਾ ਹਿੱਸੇ ਅਲੱਗ ਅਲੱਗ ਨਹੀਂ ਸਨ। ਇਸ ਦਾ ਕਾਰਨ ਉਸ ਵਕਤ ਔਰਤ ਦਾ ਸ਼ਾਸਕ ਹੋਣਾ ਮੰਨਿਆ ਜਾਂਦਾ ਹੈ। ਭੋਪਾਲ ਵਿੱਚ ਬੇਗ਼ਮਾਂ ਦਾ ਰਾਜ ਰਿਹਾ ਹੈ ਅਤੇ ਇਨ੍ਹਾਂ ਸਾਰੀਆਂ ਬੇਗ਼ਮਾਂ ਨੇ ਆਪਣੇ ਰਾਜ-ਕਾਲ ਦੌਰਾਨ ਕਈ ਇਮਾਰਤਾਂ ਬਣਵਾਈਆਂ।

ਭੋਪਾਲ ਦੇ ਪ੍ਰਸਿੱਧ ਸ਼ੌਕਤ ਮਹਿਲ ਦੇ ਪਿੱਛੇ ਤਿੰਨ ਮੰਜ਼ਿਲਾ ਗੌਹਰ ਮਹਿਲ ਨਵਾਬੀ ਸਮੇਂ ਦੀ ਇੱਕ ਬੇਹੱਦ ਹੁਸੀਨ ਅਤੇ ਅਹਿਮ ਇਮਾਰਤ ਹੈ। ਮੱਧ ਪ੍ਰਦੇਸ਼ ਸਰਕਾਰ ਵੱਲੋਂ ਅੱਜਕੱਲ੍ਹ ਇੱਥੇ ਕਰਾਫਟ ਮੇਲੇ ਲਗਾਏ ਜਾਂਦੇ ਹਨ। ਇਹ 465 ਏਕੜ ਵਿੱਚ ਫੈਲਿਆ ਤਿੰਨ ਮੰਜ਼ਿਲਾ ਭਵਨ ਹੈ ਜੋ ਕਿ ਭੋਪਾਲ ਦੀ ਰਿਆਸਤ ਦਾ ਪਹਿਲਾ ਮਹੱਲ ਸੀ। ਇਸ ਵਿੱਚ ਕਿਸੇ ਸਮੇਂ ਬਹੁਤ ਸਾਰੇ ਫੁਹਾਰੇ ਅਤੇ ਵੇਲ ਬੂਟੇ ਹੁੰਦੇ ਸਨ। ਬਹੁਤ ਪੁਰਾਣਾ ਖੂਹ ਵੀ ਸੀ। ਸਾਨੂੰ ਇਸ ਜਗ੍ਹਾ ਬਹੁਤੇ ਕਮਰੇ ਬੰਦ ਹੀ ਮਿਲੇ। ਤੀਸਰੀ ਮੰਜ਼ਿਲ ਉੱਤੇ ਇੱਕ ਕਮਰਾ ਸੀ ਜਿਸ ਦੀ ਛੱਤ ਵਿੱਚ ਸ਼ੀਸ਼ੇ ਲੱਗੇ ਹੋਏ ਸਨ ਅਤੇ ਉਸ ਸਮੇਂ ਕੋਈ ਦੀਵਾਰਾਂ ਉੱਤੇ ਕੋਈ ਚਮਕਣਾ ਪਦਾਰਥ ਹੁੰਦਾ ਸੀ, ਜਦੋਂ ਰਾਤ ਨੂੰ ਗੌਹਰ ਬੇਗ਼ਮ ਨੇ ਉਸ ਕਮਰੇ ਵਿੱਚ ਦੀਵਾ ਬਾਲਣਾ ਤਾਂ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਦੂਰ ਤੱਕ ਇੱਕ ਚਮਕਦਾ ਕਮਰਾ ਦਿਖਾਈ ਦੇਣਾ। ਇਹ ਕਿਹਾ ਜਾਂਦਾ ਹੈ ਕਿ ਸ਼ੀਸ਼ਿਆਂ ਵਾਲਾ ਕਮਰਾ ਬੇਗ਼ਮ ਆਪਣੇ ਤਿਆਰ ਹੋਣ ਸਮੇਂ ਆਪਣੇ ਆਪ ਨੂੰ ਨਿਹਾਰਨ ਲਈ ਵਰਤਦੀ ਸੀ। ਅਸੀਂ ਕਈ ਥਾਵਾਂ ’ਤੇ ਪਾਣੀ ਦੇ ਘੜੇ ਰੱਖਣ ਵਾਲੀਆਂ ਜਗ੍ਹਾਵਾਂ ਦੇਖੀਆਂ। ਸਿਖਰਲੀ ਮੰਜ਼ਿਲ ’ਤੇ ਇੱਕ ਹੋਰ ਕਮਰਾ ਹੈ ਜਿਸ ਵਿੱਚੋਂ ਸਾਰਾ ਸ਼ਹਿਰ ਅਤੇ ਬੜਾ ਤਲਾਬ ਸਪਸ਼ਟ ਦਿਸਦੇ ਹਨ, ਪਰ ਉਸ ਦੀਆਂ ਪੌੜੀਆਂ ਬੜੀਆਂ ਭੀੜੀਆਂ ਸਨ। ਫਿਰ ਵੀ ਮੈਂ ਦੀਵਾਰ ਦਾ ਸਹਾਰਾ ਲੈ ਕੇ ਉਹ ਪੌੜੀਆਂ ਚੜ੍ਹ ਗਈ, ਉਪਰ ਜਾ ਕੇ ਦੇਖਿਆ ਤਾਂ ਆਲੇ-ਦੁਆਲੇ ਦਾ ਨਜ਼ਾਰਾ ਬਹੁਤ ਕਮਾਲ ਦਾ ਸੀ। ਪੂਰਾ ਮਹੱਲ ਦੇਖਣ ਵਾਸਤੇ ਤਕਰੀਬਨ ਅੱਧਾ ਦਿਨ ਚਾਹੀਦਾ ਹੈ। ਸਾਰਾ ਸਾਲ ਹਜ਼ਾਰਾਂ ਵਿਦੇਸ਼ੀ ਅਤੇ ਭਾਰਤੀ ਸੈਲਾਨੀ ਗੌਹਰ ਮਹੱਲ ਦੇ ਗੋਲਾਈਆਂ ਵਾਲੇ ਬਰਾਮਦੇ ਦੇਖਣ ਆਉਂਦੇ ਹਨ। ਭਾਰਤ ਦੀ ਪਹਿਲੀ ਹੈਰੀਟੇਜ ਅਰਬਨ ਹੱਟ ਗੌਹਰ ਮਹੱਲ ਵਿੱਚ ਹੀ ਸ਼ੁਰੂ ਕੀਤੀ ਗਈ ਸੀ। ਇਸ ਮਹੱਲ ਨੂੰ ਰੰਗ ਰੋਗਨ ਕਰਵਾਇਆ ਅਤੇ ਇਸ ਦੀ ਖ਼ੂਬਸੂਰਤ ਇਮਾਰਤ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਵਿੱਚ ਲੱਗੀਆਂ ਮਿਹਰਾਬਾਂ ’ਤੇ ਕੀਤੀ ਨੱਕਾਸ਼ੀ ਅਤੇ ਇਸ ਦੀ ਭਵਨ ਨਿਰਮਾਣ ਕਲਾ ਦੀ ਖ਼ੂਬਸੂਰਤੀ ਨੂੰ ਮਾਣ ਅਤੇ ਇਤਿਹਾਸ ਨੂੰ ਜਾਣ ਸਕਣ।

ਸੰਪਰਕ: 98787-53423

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All