ਸੁਤੰਤਰਤਾ ਸੰਗਰਾਮ, ਪੰਜਾਬ ਅਤੇ ਨਾਬਰੀ : The Tribune India

ਸੁਤੰਤਰਤਾ ਸੰਗਰਾਮ, ਪੰਜਾਬ ਅਤੇ ਨਾਬਰੀ

ਸੁਤੰਤਰਤਾ ਸੰਗਰਾਮ, ਪੰਜਾਬ ਅਤੇ ਨਾਬਰੀ

ਭਾਈ ਮਹਾਰਾਜ ਸਿੰਘ, ਬਾਬਾ ਰਾਮ ਸਿੰਘ,, ਬਾਬਾ ਖੜਕ ਸਿੰਘ,ਕਰਤਾਰ ਸਿੰਘ ਸਰਾਭਾੰ

ਡਾ. ਜਸਬੀਰ ਸਿੰਘ

ਡਾ. ਜਸਬੀਰ ਸਿੰਘ

ਨਾਬਰੀ ਪੰਜਾਬੀ ਸਾਹਿਤ ਅਤੇ ਇਤਿਹਾਸਕਾਰੀ ਦਾ ਕੇਂਦਰ ਬਿੰਦੂ ਰਿਹਾ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੇ ਕਦੇ ਕਿਸੇ ਵੀ ਕਿਸਮ ਦੀ ਧੌਂਸ ਨੂੰ ਨਹੀਂ ਮੰਨਿਆ। ਪੰਜਾਬ ਦੇ ਲੋਕ ਸਿਰਫ਼ ਇਸ ਲਈ ਜੁਝਾਰੂ ਨਹੀਂ ਸਨ ਬਣੇ ਕਿ ਉਨ੍ਹਾਂ ਦਾ ਇਲਾਕਾ ਵਿਦੇਸ਼ੀ ਹਮਲਾਵਰਾਂ ਦੇ ਰਾਹ ਵਿਚ ਆਉਂਦਾ ਸੀ ਸਗੋਂ ਇਸ ਲਈ ਜੁਝਾਰੂ ਸਨ ਕਿ ਉਹ ਕਿਸੇ ਕਿਸਮ ਦੀ ਬਾਹਰੀ ਜਾਂ ਸਾਮਰਾਜਵਾਦੀ ਧੌਂਸ ਤੋਂ ਨਾਬਰ ਸਨ। ਨਾਬਰੀ ਪੰਜਾਬ ਦੀ ਆਬੋ-ਹਵਾ ਵਿਚ ਪਣਪਦੀ ਰਹੀ ਹੈ ਅਤੇ ਸਮੇਂ ਦੀਆਂ ਜ਼ਰੂਰਤਾਂ ਮੁਤਾਬਿਕ ਆਪਣੇ ਆਪ ਨੂੰ ਪਰਿਭਾਸ਼ਿਤ ਕਰਦੀ ਰਹੀ ਹੈ। ਜਿੱਥੇ ਇਸ ਧਰਤੀ ’ਤੇ ‘ਸਿਕੰਦਰ ਮਹਾਨ’ ਅਤੇ ‘ਅਕਬਰ ਮਹਾਨ’ ਨੂੰ ਵੰਗਾਰਨ ਵਾਲੇ ਪੋਰਸ ਅਤੇ ਦੁੱਲੇ ਭੱਟੀ ਪੈਦਾ ਹੋਏ, ਉੱਥੇ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨ ਦੀ ਜੁਰੱਅਤ ਰੱਖਣ ਵਾਲੇ ਬਾਬੇ ਨਾਨਕ ਵਰਗੇ ਦਰਵੇਸ਼ ਪੈਦਾ ਹੋਏ। ਆਧੁਨਿਕ ਕਾਲ ਵਿਚ ਵੀ ਜਦ ਅੰਗਰੇਜ਼ਾਂ ਨੇ ਸਾਰਾ ਹਿੰਦੋਸਤਾਨ ਗਾਹ ਮਾਰਿਆ ਤਾਂ ਪੰਜਾਬ ਉਨ੍ਹਾਂ ਨੂੰ ਅੱਖਾਂ ਵਿਖਾਉਂਦਾ ਰਿਹਾ ਅਤੇ ਇੱਥੋਂ ਦੇ ਲੋਕਾਂ ਨੇ ਸਾਮਰਾਜ ਵਿਰੁੱਧ ਨਾਬਰੀ ਦਾ ਤਕੜੇ ਜੁੱਸੇ ਵਾਲਾ ਚੌਖ਼ਟਾ ਤਿਆਰ ਕੀਤਾ।

ਰਾਸ਼ਟਰਵਾਦੀ ਇਤਿਹਾਸਕਾਰਾਂ ਨੇ ਮਾਨਤਾ ਬਣਾਈ ਕਿ ਪੰਜਾਬ ਨੇ 1857 ਦੀ ਬਗ਼ਾਵਤ ਵਿਚ ਆਪਣਾ ਬਣਦਾ ਰੋਲ ਅਦਾ ਨਹੀਂ ਸੀ ਕੀਤਾ। ਜੇਕਰ ਪੰਜਾਬ ਅਜਿਹਾ ਕਰਦਾ ਤਾਂ ਅੰਗਰੇਜ਼ੀ ਰਾਜ 1857 ਵਿਚ ਹੀ ਖ਼ਤਮ ਹੋ ਜਾਣਾ ਸੀ ਜਦੋਂਕਿ ਹਕੀਕਤ ਇਹ ਹੈ ਕਿ ਪੰਜਾਬ ਵਿਚ ਵੀ ਵੱਡੀਆਂ ਬਗ਼ਾਵਤਾਂ ਹੋਈਆਂ ਸਨ। ਪਰ ਇਨ੍ਹਾਂ ਬਗ਼ਾਵਤਾਂ ਅਤੇ ਇਨ੍ਹਾਂ ਦੀ ਜਾਣਕਾਰੀ ਨੂੰ ਵਡੇਰੇ ਸਾਮਰਾਜੀ ਹਿੱਤਾਂ ਤਹਿਤ ਦਬਾਅ ਦਿੱਤਾ ਗਿਆ। ਇਸ ਦਾ ਕਾਰਨ ਇਹ ਸੀ ਕਿ ਅੰਗਰੇਜ਼ਾਂ ਦਾ 1845-46 ਤੋਂ ਲੈ ਕੇ 1857 ਤਕ ਦਾ ਪੰਜਾਬ ਵਿਚ ਸਫ਼ਰ ਡਾਹਢਾ ਔਕੜਾਂ ਭਰਿਆ ਸੀ। ਜਿਹੜੇ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਪੰਜਾਬ ’ਤੇ ਕਾਬਜ਼ ਹੋਣ ਦੀਆਂ ਤਰਕੀਬਾਂ ਬਣਾ ਰਹੇ ਸਨ, ਉਨ੍ਹਾਂ ਲਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਅੰਦਰ ਫੈਲੀ ਅਰਾਜਕਤਾ ਅਤੇ ਬੁਰਛਾਗਰਦੀ ਵਧੀਆ ਮੌਕਾ ਸਾਬਿਤ ਹੋਈ। ਅਜਿਹੇ ਹਾਲਾਤ ਵਿਚ ਅੰਗਰੇਜ਼ਾਂ ਨੇ ਬਾ-ਹੌਸਲਾ ਲਾਹੌਰ ਦਰਬਾਰ ਨੂੰ ਵੰਗਾਰਿਆ ਅਤੇ 1845-46 ਦਾ ਪਹਿਲਾ ਐਂਗਲੋ-ਸਿੱਖ ਯੁੱਧ ਹੋਇਆ। ਅੰਗਰੇਜ਼ਾਂ ਨੂੰ ਲੱਗਦਾ ਸੀ ਕਿ ਹੁਣ ਲਾਹੌਰ ਜਿੱਤਣਾ ਖਾਲਾ ਜੀ ਦਾ ਵਾੜਾ ਹੀ ਹੈ ਪਰ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੇ ਆਪਣੇ ਸੂਰਮੇ ਮਹਾਰਾਜੇ ਦੀ ਅਣਹੋਂਦ ਦੇ ਬਾਵਜੂਦ ਅੰਗਰੇਜ਼ਾਂ ਦੇ ਆਹੂ ਲਾਹ ਦਿੱਤੇ। ਮੁੱਦਕੀ ਅਤੇ ਫਿਰੋਜ਼ਪੁਰ ਦੀਆਂ ਲੜਾਈਆਂ ਅੰਗਰੇਜ਼ਾਂ ਲਈ ਕਿਆਮਤ ਦੀ ਰਾਤ ਤੋਂ ਘੱਟ ਨਹੀਂ ਸਨ। ਰਾਬਰਟ ਐੱਨ. ਕਸਾਟ ਨਾਮ ਦੇ ਅੰਗਰੇਜ਼ ਅਫ਼ਸਰ ਦੀ ਰੋਜ਼ਾਨਾ ਡਾਇਰੀ ਦੇ 22 ਦਸੰਬਰ 1845 ਦੇ ਇੰਦਰਾਜ਼ ਮੁਤਾਬਿਕ ਉਹ (ਅੰਗਰੇਜ਼) ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਤਿਆਰ ਸਨ। ਅਸਲ ਵਿਚ ਇਹ ਅੰਗਰੇਜ਼ਾਂ ਲਈ ਹਿੰਦੋਸਤਾਨ ਵਿਚ ਸਭ ਤੋਂ ਖ਼ਤਰਨਾਕ ਹਾਰਾਂ ਸਨ। ਅੰਗਰੇਜ਼ ਪਹਿਲਾਂ ਵੀ ਕਈ ਲੜਾਈਆਂ ਹਾਰੇ ਸਨ ਪਰ ਉਹ ਮਾਨਸਿਕ ਤੌਰ ’ਤੇ ਇਸ ਤਰ੍ਹਾਂ ਕਦੇ ਵੀ ਨਿਢਾਲ ਨਹੀਂ ਹੋਏ ਸਨ। ਸਰ ਹੋਪ ਗ੍ਰਾਂਟ ਅਤੇ ਜਨਰਲ ਡਬਲਿਊ ਹੈਵਲਾਕ ਦੇ ਕਥਨ ਇਸ ਸਬੰਧ ਵਿਚ ਬਹੁਤ ਮਹੱਤਵਪੂਰਨ ਹਨ। ਅੰਗਰੇਜ਼ ਗਵਰਨਰ ਜਨਰਲ ਹੈਨਰੀ ਹਾਰਡਿੰਗ ਨੇ ਡਿਊਕ ਆਫ਼ ਵੈਲਿੰਗਟਨ ਦੁਆਰਾ ਤੋਹਫ਼ੇ ਵਜੋਂ ਦਿੱਤੀ ਤਲਵਾਰ (ਜੋ ਕਿ ਨੈਪੋਲੀਅਨ ਤੋਂ ਜਿੱਤੀ ਗਈ ਸੀ) ਧਰਤੀ ’ਤੇ ਰੱਖ ਦਿੱਤੀ ਸੀ ਕਿ ਸਭ ਕੁਝ ਖ਼ਤਮ ਹੋ ਗਿਆ ਹੈ।

ਅੰਗਰੇਜ਼ਾਂ ਦੀ ਘਬਰਾਹਟ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਪਹਿਲੀ ਅਤੇ ਆਖ਼ਰੀ ਵਾਰ ਅੰਗਰੇਜ਼ ਗਵਰਨਰ ਜਨਰਲ ਖ਼ੁਦ ਕਮਾਂਡਰ ਇਨ ਚੀਫ ਦੀ ਕਮਾਂਡ ਹੇਠ ਲੜਿਆ। ਸਭਰਾਉਂ ਦੀ ਲੜਾਈ ਵਿਚ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਤੇ ਹੋਰ ਸਿੱਖ ਸਰਦਾਰਾਂ ਨੇ ਅੰਗਰੇਜ਼ਾਂ ਦਾ ਲਹੂ ‘ਨਿੰਬੂਆਂ ਵਾਂਗ ਨਿਚੋੜ’ ਸੁੱਟਿਆ। ਅਖ਼ੀਰ ਆਪਣਿਆਂ ਦੀ ਗੱਦਾਰੀ ਕਾਰਨ ਲਾਹੌਰ ਦਰਬਾਰ ਹਾਰ ਗਿਆ ਤੇ ਅੰਗਰੇਜ਼ ਲਾਹੌਰ ਅੰਦਰ ਦਾਖ਼ਲ ਹੋਏ। ਦੂਜੇ ਐਂਗਲੋ ਸਿੱਖ ਯੁੱਧ ਵਿਚ ਵੀ ਪੰਜਾਬੀਆਂ ਨੇ ਬਹਾਦਰੀ ਦੇ ਜੌਹਰ ਦਿਖਾਏ। ਚਿਲਿਆਂਵਾਲੇ ਦੀ ਲੜਾਈ ਵੀ ਅੰਗਰੇਜ਼ਾਂ ਲਈ ਵੱਡੀ ਨਮੋਸ਼ੀ ਦਾ ਕਾਰਨ ਬਣੀ। ਅਖ਼ੀਰ ਅੰਗਰੇਜ਼ ਮਾਰਚ 1849 ਵਿਚ ਪੰਜਾਬ ’ਤੇ ਪੂਰਨ ਰੂਪ ਵਿਚ ਕਾਬਜ਼ ਹੋ ਗਏ।

ਅੰਗਰੇਜ਼ਾਂ ਦੇ ਅਜਿਹੇ ਤਜਰਬਿਆਂ ਨੇ ਸਰਕਾਰੀ ਤੰਤਰ ਵਿਚ ਇਹ ਤਾਕੀਦ ਪੈਦਾ ਕੀਤੀ ਕਿ ਪੰਜਾਬ ਨੂੰ ਪੂਰਾ ਜ਼ੋਰ ਲਾ ਕੇ ਕਾਬੂ ਵਿਚ ਰੱਖਿਆ ਜਾਵੇ ਅਤੇ ਪੰਜਾਬ ਵਿਚ ਵਿਦਰੋਹ ਦੀ ਕਿਸੇ ਵੀ ਕਿਸਮ ਦੀ ਖ਼ਬਰ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਕਿਉਂਕਿ ਕਲਕੱਤੇ ਦੀ ਅੰਗਰੇਜ਼ ਸਰਕਾਰ ਦਾ ਇਹ ਮੰਨਣਾ ਸੀ ਕਿ ਜੇ ਪੰਜਾਬ ਸ਼ਾਂਤ ਹੈ ਤਾਂ ਹਿੰਦੋਸਤਾਨ ਸਾਮਰਾਜ ਸੁਰੱਖਿਅਤ ਹੈ। ਉਨ੍ਹਾਂ ਨੇ ਇਹ ਕਹਿ ਕੇ ਪ੍ਰਚਾਰਿਆ ਕਿ ਅਲਕ ਵਛੇਰੇ ਵਾਲੀ ਜ਼ਿੱਦ ਕਰਨ ਦੀ ਬਜਾਏ ਪੰਜਾਬੀਆਂ ਨੇ ਇਕ ਸਿੱਖੇ ਹੋਏ ਬਲਦ ਦੀ ਤਰ੍ਹਾਂ ਆਪਣੀ ਧੌਣ (ਗ਼ੁਲਾਮੀ ਦੀ) ਪੰਜਾਲੀ ਵਿਚ ਪਾ ਦਿੱਤੀ। ਇਹ ਇਕ ਇਤਿਹਾਸਕ ਅਤਿਕਥਨੀ ਸੀ। ਪੰਜਾਬੀਆਂ ਨੇ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਡਟਵੀਂ ਬਗ਼ਾਵਤ ਕੀਤੀ। ਸੰਤ ਨਿਹਾਲ ਸਿੰਘ ਉਰਫ਼ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਝੰਡਾ ਗੱਡ ਦਿੱਤਾ। ਭਾਈ ਮਹਾਰਾਜ ਸਿੰਘ ਨੂੰ ਭਾਈ ਬੀਰ ਸਿੰਘ ਨੌਰੰਗਾਬਾਦੀ ਤੋਂ ਜੰਗਜੂ ਹੋਣ ਦੀ ਪ੍ਰਵਿਰਤੀ ਵਿਰਸੇ ਵਿਚੋਂ ਮਿਲੀ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਸਫ਼ਰ ਦੀ ਸ਼ੁਰੂਆਤ ਮਸ਼ਹੂਰ ਪ੍ਰੇਮਾ ਸਾਜ਼ਿਸ਼ ਤਹਿਤ ਹੋਈ। ਮੰਨਿਆ ਜਾਂਦਾ ਹੈ ਕਿ ਪ੍ਰੇਮਾ ਅਤੇ ਮੋਹਰਾ ਨਾਂ ਦੇ ਦੋ ਦਬੰਗ ਭਰਾਵਾਂ ਨੇ ਭਾਈ ਮਹਾਰਾਜ ਸਿੰਘ ਦੀ ਪ੍ਰੇਰਨਾ ਤਹਿਤ ਅੰਗਰੇਜ਼ ਰੈਜ਼ੀਡੈਂਟ ਹੈਨਰੀ ਲਾਰੈਂਸ ਦੇ ਕਤਲ ਦੀ ਸਾਜ਼ਿਸ਼ ਘੜੀ।

ਇਹ ਸਾਜ਼ਿਸ਼ ਕਾਮਯਾਬ ਨਾ ਹੋਈ ਪਰ ਪੰਜਾਬ ਦੇ ਲੋਕਾਂ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਬੇਭਰੋਸਗੀ ਦੀ ਇਹ ਪਹਿਲੀ ਵੱਡੀ ਮਿਸਾਲ ਬਣੀ। ਇਸ ਤੋਂ ਬਾਅਦ ਭਾਈ ਮਹਾਰਾਜ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਅਤੇ ਪੰਜਾਬ ਦੀਆਂ ਛਾਉਣੀਆਂ ਅਤੇ ਖ਼ਜ਼ਾਨਿਆਂ ਉੱਪਰ ਕਬਜ਼ਾ ਕਰਨ ਦੀ ਵਿਉਂਤਬੰਦੀ ਕੀਤੀ। ਇਸ ਸਮੇਂ ਦੌਰਾਨ ਉਹ ਦੋਆਬੇ ਦੇ ਖ਼ਿੱਤੇ ਵਿਚ ਸਰਗਰਮ ਰਹੇ ਪਰ ਦਸੰਬਰ 1849 ਵਿਚ ਗ੍ਰਿਫ਼ਤਾਰ ਹੋ ਗਏ। ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਸ ਤੋਂ ਬਾਅਦ 1857 ਦੇ ਗ਼ਦਰ ਦੌਰਾਨ ਪੰਜਾਬ ਅੰਦਰ ਬਗ਼ਾਵਤਾਂ ਹੋਈਆਂ। ਅੰਬਾਲਾ, ਲੁਧਿਆਣਾ, ਲਾਹੌਰ, ਸਿਆਲਕੋਟ, ਫਿਰੋਜ਼ਪੁਰ, ਜਲੰਧਰ, ਨਾਲਾਗੜ੍ਹ, ਕਸੌਲੀ ਅਤੇ ਨਾਲਾਗੜ੍ਹ ਦੀਆਂ ਘਟਨਾਵਾਂ ਇਸ ਮਿੱਥ ਨੂੰ ਤੋੜਦੀਆਂ ਹਨ ਕਿ ਪੰਜਾਬ ‘ਸ਼ਾਂਤ’ ਰਿਹਾ। ਝੱਜਰ ਅਤੇ ਦਾਦਰੀ ਦੇ ਨਵਾਬ, ਰਿਵਾੜੀ ਦੇ ਰਾਉ, ਬਲਭਗੜ੍ਹ ਦਾ ਰਾਜਾ, ਮਿਉ ਨੇਤਾ ਜੱਟ ਅਤੇ ਰੰਗੜ ਅਤੇ ਖ਼ਾਸਕਰ ਖਰਲ, ਵੱਟੂ, ਕੁਰੈਸ਼ੀ ਅਤੇ ਸਿਆਲ ਕਬੀਲਿਆਂ ਨੇ ਪੰਜਾਬੀਆਂ ਦੀ ਨਾਬਰੀ ਦੀ ਝੰਡਾਬਰਦਾਰੀ ਕੀਤੀ। ਅੰਗਰੇਜ਼ਾਂ ਦੀਆਂ ਆਪਣੀਆਂ ਖ਼ੁਫ਼ੀਆਂ ਰਿਪੋਰਟਾਂ ਮੁਤਾਬਿਕ ਲਾਹੌਰ ਅਤੇ ਮੁਲਤਾਨ ਵਿਚਕਾਰ ਵੱਸਣ ਵਾਲੀਆਂ ਸਾਰੀਆਂ ‘ਜੰਗਲੀ ਵਾਹਰਾਂ’ ਬਾਗ਼ੀ ਹੋ ਗਈਆਂ ਸਨ। ਬਾਰ ਵਿਚ ਅਹਿਮਦ ਖ਼ਾਨ ਖਰਲ ਦੀ ਬਹਾਦਰੀ ਦੇ ਢੋਲੇ ਗਾਏ ਗਏ, ਪਰ ਬਾਅਦ ਵਿਚ ਉਹ ਫ਼ਿਰਕੂ ਇਤਿਹਾਸਕਾਰੀ ਦੀ ਭੇਂਟ ਚੜ੍ਹ ਗਿਆ ਤੇ ਪੰਜਾਬੀਆਂ ਨੂੰ ਨਾਇਕ ਵਿਹੂਣੇ ਬਣਾ ਦਿੱਤਾ ਗਿਆ। ਪੰਜਾਬ ਵਿਚ ਫੈਲੀ ਬਗ਼ਾਵਤ ਦੇ ਪ੍ਰਤੀ ਅੰਗਰੇਜ਼ਾਂ ਦੇ ਡਰ ਅਤੇ ਸਹਿਮ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ। ਅਜਨਾਲੇ ਦੇ ਕਾਲਿਆਂ ਵਾਲੇ ਖੂਹ ਦੀ ਬਰਬਰਤਾ ਨੇ ‘ਬਲੈਕ ਹੋਲ ਟਰੈਜਡੀ’ ਅਤੇ ਕਾਨਪੁਰ ਕਤਲੇਆਮ ਦੀਆਂ ਯਾਦਾਂ ਨੂੰ ਧੁੰਦਲਾ ਕਰ ਦਿੱਤਾ। ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਪੰਜਾਬੀਆਂ ਨੂੰ ਨਸੀਹਤ ਦੇਣ ਲਈ ਕਹਿੰਦਾ ਹੈ ਕਿ ਇਕ ਖੂਹ ਕਾਨਪੁਰ ਵਿਚ ਹੈ ਅਤੇ ਇਕ ਖੂਹ ਅਜਨਾਲੇ ਵਿਚ ਹੈ। ਬਹਰਹਾਲ, ਪੰਜਾਬ ਵਿਚ ਬਾਕੀ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਫ਼ੌਜ ਦੀ ਮੌਜੂਦਗੀ, ਬਿਹਤਰੀਨ ਅਫ਼ਸਰਾਂ ਦੀ ਤਾਇਨਾਤੀ ਅਤੇ ਕੁਝ ਦੇਸੀ ਰਿਆਸਤਾਂ ਦੀ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਕਾਰਨ ਇਹ ਵਿਦਰੋਹ ਦਬਾਅ ਦਿੱਤਾ ਗਿਆ।

ਆਜ਼ਾਦੀ ਸੰਗਰਾਮ ਵਿਚ ਅਗਲਾ ਮਰਹੱਲਾ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਨਾਮਧਾਰੀ ਜੋੜਦੇ ਹਨ। ਕੂਕਾ ਜਾਂ ਨਾਮਧਾਰੀ ਲਹਿਰ ਨੇ ਨਾ ਸਿਰਫ਼ ਸਿੱਖ ਸਮਾਜ ਵਿਚ ਆਈਆਂ ਕੁਰੀਤੀਆਂ ਨੂੰ ਦੂਰ ਕਰਕੇ ਲੋਕਾਂ ਨੂੰ ਦੁਬਾਰਾ ਸਿੱਖ ਧਰਮ ਦੀਆਂ ਮੁੱਢਲੀਆਂ ਸਾਦੀਆਂ ਰਵਾਇਤਾਂ ਵੱਲ ਮੋੜਦਿਆਂ ਇਕ ਨਰੋਏ ਸਮਾਜ ਦੀ ਸਿਰਜਣਾ ਦੀ ਕੋਸ਼ਿਸ਼ ਕੀਤੀ ਸਗੋਂ ਪੰਜਾਬ ਵਿਚ ਅਤਿ-ਲੋੜੀਂਦੀ ਰਾਜਨੀਤਕ ਚੇਤਨਾ ਵੀ ਪੈਦਾ ਕੀਤੀ। ਬਾਬਾ ਰਾਮ ਸਿੰਘ ਨਾ-ਮਿਲਵਰਤਣ ਲਹਿਰ ਦੇ ਮੋਢੀ ਸਨ ਕਿਉਂਕਿ ਉਨ੍ਹਾਂ ਨੇ ਅੰਗਰੇਜ਼ਾਂ ਦੇ ਡਾਕ-ਪ੍ਰਬੰਧ, ਰੇਲ ਪ੍ਰਬੰਧ ਅਤੇ ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦੀ ਗੱਲ ਕੀਤੀ ਅਤੇ ਨਾਲ ਹੀ ਸਮਾਨਾਂਤਰ ਡਾਕ ਪ੍ਰਬੰਧ ਸ਼ੁਰੂ ਕੀਤਾ ਅਤੇ ਸਵਦੇਸ਼ੀ ਦਾ ਨਾਅਰਾ ਵੀ ਦਿੱਤਾ ਜੋ ਕਿ ਬੰਗਾਲ ਵਿਚ ਪੰਜਾਹ ਸਾਲ ਬਾਅਦ ਗੂੰਜਿਆ। ਬਾਬਾ ਰਾਮ ਸਿੰਘ ਦਾ ਪੰਜਾਬ ਨੂੰ ਸੂਬਿਆਂ ਵਿਚ ਵੰਡਣਾ ਪ੍ਰਚੱਲਿਤ ਸਿੱਖ ਰਾਜਨੀਤਕ ਰਵਾਇਤਾਂ ਦੀ ਗਵਾਹੀ ਭਰਦਾ ਹੈ। ਇਸੇ ਕਰਕੇ ਅੰਗਰੇਜ਼ ਅਫ਼ਸਰ ਕੂਕਿਆਂ ਤੋਂ ਭੈਅਭੀਤ ਸਨ ਜਿਸ ਤਹਿਤ ਬਾਬਾ ਰਾਮ ਸਿੰਘ ਨੂੰ ਜਲਾਵਤਨੀ ਹੋਈ ਤੇ 1872 ਵਿਚ ਕੂਕਿਆਂ ਨੂੰ ਤੋਪਾਂ ਨਾਲ ਵੀ ਉਡਾਇਆ ਗਿਆ। ਇਸ ਜ਼ਾਲਮਾਨਾ ਕਾਂਡ ਲਈ ਜ਼ਿੰਮੇਵਾਰ ਅੰਗਰੇਜ਼ ਅਫ਼ਸਰਾਂ ਕੋਵਾਨ ਅਤੇ ਫੋਰਸਿਥ ਪ੍ਰਤੀ ਉਸੇ ਕਿਸਮ ਦੀ ਹਮਦਰਦੀ ਦੀ ਕਵਾਇਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਿਸਮ ਦੀ ਹਮਦਰਦੀ 1919 ਵਿਚ ਜਲ੍ਹਿਆਂਵਾਲੇ ਬਾਗ਼ ਦੇ ਹੱਤਿਆਕਾਂਡ ਦੇ ਦੋਸ਼ੀ ਜਨਰਲ ਡਾਇਰ ਲਈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਨ੍ਹਾਂ ਦੋ ਅੰਗਰੇਜ਼ ਅਫ਼ਸਰਾਂ ਦੇ ਬਚਾਅ ਲਈ ਮਸ਼ਹੂਰ ਅੰਗਰੇਜ਼ੀ ਅਖ਼ਬਾਰ ‘ਪਾਇਨੀਅਰ’ ਨੇ ਲਿਖਿਆ ਸੀ ਕਿ ਅਸੀਂ ਆਂਡਾ ਤੋੜੇ ਬਿਨਾਂ ਆਮਲੇਟ ਬਣਾਉਣਾ ਚਾਹੁੰਦੇ ਹਾਂ ਜਦੋਂਕਿ ਅਜਿਹਾ ਨਹੀਂ ਹੋ ਸਕਦਾ। ‘ਦਿ ਇੰਗਿਲਸ਼ ਮੈਨ’ ਨੇ ਤਾਂ ਇੱਥੋਂ ਤਕ ਲਿਖਿਆ ਕਿ ਇਹ ਦੋਵੇਂ ਅਫ਼ਸਰ ਤਾਂ ਹਿੰਦੋਸਤਾਨ ਵਿਚ ਪੂਰੀ ਅੰਗਰੇਜ਼ ਕੌਮ ਦੀ ਪ੍ਰਸੰਸਾ ਅਤੇ ਸ਼ੁਕਰਾਨੇ ਦੇ ਹੱਕਦਾਰ ਹਨ।

19ਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ ਵਿਚ ਸ਼ੁਰੂ ਹੋਏ ਰਾਸ਼ਟਰੀ ਅੰਦੋਲਨ ਵਿਚ ਵੀ ਪੰਜਾਬ ਨੇ ਵਧ ਚੜ੍ਹ ਕੇ ਹਿੱਸਾ ਪਾਇਆ। ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤੇ ਗਏ ਸੰਪ੍ਰਦਾਇਕ ਅਤੇ ਭਾਸ਼ਾਈ ਵਿਵਾਦਾਂ ਦੇ ਵਿਰੁੱਧ ਪੜ੍ਹੇ ਲਿਖੇ ਪੰਜਾਬੀਆਂ ਨੇ ਲਾਹੌਰ ਇੰਡੀਅਨ ਐਸੋਸੀਏਸ਼ਨ ਬਣਾਈ ਅਤੇ ਸ. ਦਿਆਲ ਸਿੰਘ ਮਜੀਠਆ ਨੇ ‘ਦਿ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕੀਤਾ ਜੋ ਆਉਣ ਵਾਲੇ ਸਮਿਆਂ ਵਿਚ ਰਾਸ਼ਟਰੀ ਅੰਦੋਲਨ ਦਾ ਝੰਡਾਬਰਦਾਰ ਬਣਿਆ ਅਤੇ ਪੰਜਾਬੀ ਮਾਨਸਿਕਤਾ ਦੀ ਤਰਜਮਾਨੀ ਕਰਦਾ ਰਿਹਾ।

1885-1905 ਦੌਰਾਨ ਹੋਣ ਵਾਲੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਲਾਨਾ ਇਜਲਾਸਾਂ ਵਿਚ ਲਾਲਾ ਮੁਰਲੀਧਰ, ਬਖਸ਼ੀ ਟੇਕ ਚੰਦ, ਲਾਲਾ ਕਨ੍ਹੱਈਆ ਲਾਲ, ਲਾਲਾ ਲਾਜਪਤ ਰਾਏ, ਬਖ਼ਸ਼ੀ ਜੈਸੀ ਰਾਮ, ਲਾਲਾ ਬੇਨੀ ਪ੍ਰਸਾਦ, ਲਾਲਾ ਦਵਾਰਕਾ ਪ੍ਰਸਾਦ, ਚੌਧਰੀ ਰਾਮ ਭੱਜ ਦੱਤ, ਲਾਲਾ ਧਰਮ ਦਾਸ, ਪ੍ਰਤਾਪ ਸਿੰਘ ਸੋਢੀ, ਲਾਲਾ ਸੰਗਮ ਲਾਲ, ਸਰਦਾਰ ਮਾਨ ਸਿੰਘ, ਮੁਹਰਮ ਅਲੀ ਚਿਸ਼ਤੀ ਅਤੇ ਸ਼ੇਖ ਉਮਰ ਬਖ਼ਸ਼ ਵਰਗੇ ਨੇਤਾ ਹਾਜ਼ਰੀ ਭਰਦੇ ਰਹੇ। ਇਹ ਡੈਲੀਗੇਟ ਸਿਰਫ਼ ਮੂਕ ਦਰਸ਼ਕ ਨਹੀਂ ਸਨ ਸਗੋਂ ਇਨ੍ਹਾਂ ਇਜਲਾਸਾਂ ਵਿਚ ਵੱਖ ਵੱਖ ਮਤਿਆਂ ਰਾਹੀਂ ਆਪਣੀ ਸੰਜੀਦਾ ਹਾਜ਼ਰੀ ਦਰਜ ਕਰਦੇ ਸਨ। ਪਹਿਲੇ ਸੈਸ਼ਨ ਵਿਚ ਹੀ ਲਾਲਾ ਮੁਰਲੀਧਰ ਨੇ ਤਜਵੀਜ਼ ਪੇਸ਼ ਕੀਤੀ ਕਿ ਸਾਲਾਨਾ ਸੈਸ਼ਨ ਵਿਚ ਪਾਸ ਕੀਤੇ ਮਤੇ ਸਾਰੇ ਸੂਬਿਆਂ ਦੀਆਂ ਰਾਜਨੀਤਕ ਜਥੇਬੰਦੀਆਂ ਨੂੰ ਭੇਜੇ ਜਾਣ ਅਤੇ ਇਨ੍ਹਾਂ ਮਤਿਆਂ ਵਿਚਲੀਆਂ ਗੱਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। 1886 ਵਿਚ ਲਾਲਾ ਕਨ੍ਹੱਈਆ ਲਾਲ ਨੇ ਪੰਜਾਬ ਵਿਚ ਲੈਜਿਸਲੇਟਿਵ ਕੌਂਸਲ ਸਥਾਪਤ ਕਰਨ ਦੀ ਮੰਗ ਕੀਤੀ

ਜੋ ਕਿ 1897 ਵਿਚ ਜਾ ਕੇ ਪੂਰੀ ਹੋਈ। ਦੂਜੀਆਂ ਮੁੱਖ ਮੰਗਾਂ ਵਿਚ ਚੀਫ਼ ਕੋਰਟ ਨੂੰ ਹਾਈਕੋਰਟ ਬਣਾਉਣਾ, ਸਿੱਖਿਆ ਖੇਤਰ ਦਾ ਵਿਕਾਸ ਕਰਨਾ ਅਤੇ ਕਾਸ਼ਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਆਦਿ ਸ਼ਾਮਿਲ ਸਨ। ਇਹ ਵੀ ਪੰਜਾਬੀ ਡੈਲੀਗੇਟਾਂ ਦੀ ਮੰਗ ਦਾ ਹੀ ਨਤੀਜਾ ਸੀ ਕਿ ਹਰੇਕ ਸੈਸ਼ਨ ਵਿਚ ਅੱਧਾ ਦਿਨ ਸਿੱਖਿਆ ਅਤੇ ਉਦਯੋਗ ਪ੍ਰਤੀ ਸਮੱਸਿਆਵਾਂ ਨੂੰ ਸਮਰਪਿਤ ਕੀਤਾ ਜਾਣ ਲੱਗਾ। ਕਾਂਗਰਸ ਦੇ ਅੰਦਰ ਗਰਮ ਦਲ ਦੇ ਉਥਾਨ ਲਈ ਜ਼ਿੰਮੇਵਾਰ ਤਿੰਨ ਮੁੱਖ ਨੇਤਾਵਾਂ ਵਿਚੋਂ ਲਾਲਾ ਲਾਜਪਤ ਰਾਏ ਪੰਜਾਬੀ ਸਨ।

1905 ਦੇ ਬੰਗਾਲ ਦੇ ਵੰਡ ਵਿਰੋਧੀ ਅਤੇ ਸਵਦੇਸ਼ੀ ਅੰਦੋਲਨ ਨੂੰ ਮੁੱਖ ਤੌਰ ’ਤੇ ਬੰਗਾਲ ’ਤੇ ਹੀ ਕੇਂਦਰਿਤ ਕਰ ਕੇ ਦੇਖਿਆ ਜਾਂਦਾ ਹੈ ਜਦੋਂਕਿ ਪੰਜਾਬ ਨੇ ਇਸ ਅੰਦੋਲਨ ਵਿਚ ਵੀ ਅਹਿਮ ਭੂਮਿਕਾ ਨਿਭਾਈ। ਪੰਜਾਬ ਚਾਹੇ ਬਸਤੀਵਾਦੀ ਢਾਂਚੇ ਅਧੀਨ ਬੰਗਾਲ ਤੋਂ ਤਕਰੀਬਨ 90 ਸਾਲ ਬਾਅਦ ਆਇਆ ਪਰ ਸਵਦੇਸ਼ੀ ਦੇ ਪ੍ਰੋਗਰਾਮ ਵਿਚ ਨਾਲ ਦੀ ਨਾਲ ਸ਼ਰੀਕ ਹੋਇਆ। ਉਹ ਵੀ ਉਸ ਸਮੇਂ ਜਦੋਂ ਪੰਜਾਬ ਨੂੰ ‘ਮਾਡਲ ਪ੍ਰੋਵਿੰਸ’ ਜਾਂ ਅੰਗਰੇਜ਼ ਵਫ਼ਾਦਾਰ ਕਹਿ ਕੇ ਨਕਾਰਿਆ ਜਾ ਰਿਹਾ ਸੀ। 1880ਵਿਆਂ ਵਿਚ ਹੀ ਪੰਜਾਬ ਵਿਚ ਸਵਦੇਸ਼ੀ ਵਸਤੂ ਸਭਾ ਕੰਮ ਕਰ ਰਹੀ ਸੀ। ਅਸਲ ਵਿਚ ਪੰਜਾਬੀ ਤਾਂ ‘ਵਧੇਰੇ ਪ੍ਰਗਤੀਸ਼ੀਲ’ ਬੰਗਾਲੀਆਂ ਤੋਂ ਦਹਾਕੇ ਪਹਿਲਾਂ ਹੀ ਸਵਦੇਸ਼ੀ ਦੇ ਵਿਚਾਰ ਉੱਪਰ ਕੰਮ ਕਰ ਰਹੇ ਸਨ। ਸਵਦੇਸ਼ੀ ਵਸਤੂ ਪ੍ਰਚਾਰਨੀ ਸਭਾ ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ 1893 ਵਿਚ ਲਾਹੌਰ ਵਿਚ ਮੂਲ ਰਾਜ ਸਵਦੇਸ਼ੀ ਪੰਚਾਇਤ ਬਣੀ। ਪੰਜਾਬੀ ਬਜ਼ੁਰਗ ਲਾਲਾ ਮੁਰਲੀਧਰ ਨੇ 1891 ਅਤੇ 1894 ਦੇ ਕਾਂਗਰਸ ਸੈਸ਼ਨਾਂ ਦੇ ਅੰਦਰ ਕਾਂਗਰਸੀ ਡੈਲੀਗੇਟਾਂ ਨੂੰ ਵਿਦੇਸ਼ੀ ਕੱਪੜੇ ਅਤੇ ਸਹੂਲਤਾਂ ਤਿਆਗਣ ਲਈ ਪ੍ਰੇਰਿਆ। ਇਸੇ ਸਮੇਂ ਦੌਰਾਨ ਸ੍ਰੀ ਟਹਿਲ ਰਾਮ ਅਤੇ ਸਰ ਗੰਗਾ ਰਾਮ ਨੇ ਪ੍ਰਚਾਰਿਆ ਕਿ ਹਰੇਕ ਆਦਮੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਸਵਦੇਸ਼ੀ ਵਸਤੂਆਂ ਵਰਤਣ ਲਈ ਉਤਸ਼ਾਹਿਤ ਕਰੇ। ਮੁਹੰਮਦ ਇਕਬਾਲ ਦੇ ਗੀਤ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ’ ਅਤੇ ‘ਬੁਲਬੁਲ ਕੀ ਫਰਿਆਦ’ ਬਹੁਤ ਮਕਬੂਲ ਹੋਏ। ਲੁਧਿਆਣੇ ਦੇ ਇਕ ਦੇਸੀ (ਮੁਕਾਮੀ) ਅਖ਼ਬਾਰ ‘ਨੂਰ ਅਫ਼ਸ਼ਾਨ’ ਨੇ ਲੋਕਾਂ ਨੂੰ ਹਿੰਦੋਸਤਾਨ ਨੂੰ ‘ਦੂਜਾ ਜਪਾਨ’ ਬਣਾਉਣ ਲਈ ਵੰਗਾਰਿਆ।

1906 ਵਿਚ ਅੰਜੁਮਨ-ਏ-ਮੁਹਿਬਾਨ ਵਤਨ ਬਣੀ। ਇਸ ਦੇ ਪ੍ਰਮੁੱਖ ਨੇਤਾਵਾਂ ਅਜੀਤ ਸਿੰਘ, ਸੂਫ਼ੀ ਅੰਬਾ ਪ੍ਰਸਾਦ, ਲਾਲ ਚੰਦ ਫ਼ਲਕ ਅਤੇ ਲਾਲਾ ਲਾਜਪਤ ਰਾਏ ਨੇ ਅੰਗਰੇਜ਼ਾਂ ਪ੍ਰਤੀ ਪੰਜਾਬੀ ਅਸੰਤੋਖ ਦੀ ਭਾਵਨਾ ਨੂੰ ਹੋਰ ਪ੍ਰਬਲ ਕੀਤਾ। ਅਜੀਤ ਸਿੰਘ ਦੇ ਭਾਸ਼ਨਾਂ ਨੇ ਕਿਸਾਨੀ ਅਤੇ ਵਪਾਰਕ ਜਮਾਤਾਂ ਨੂੰ ਆਪਣਾ ਗੁੱਸਾ ਅੰਗਰੇਜ਼ਾਂ ਖ਼ਿਲਾਫ਼ ਵਰਤਣ ਲਈ ਪ੍ਰੇਰਿਆ। ਗਿਆਨੀ ਹੀਰਾ ਸਿੰਘ ਦਰਦ 21 ਅਪਰੈਲ 1907 ਦੇ ਅਜੀਤ ਸਿੰਘ ਦੇ ਰਾਵਲਪਿੰਡੀ ਦੇ ਭਾਸ਼ਨਾਂ ਦਾ ਜ਼ਿਕਰ ਕਰਦੇ ਹਨ ਕਿ ‘‘ਕਿਵੇਂ ਪਿੰਡਾਂ ਅਤੇ ਸ਼ਹਿਰਾਂ ਵਿਚ ਇਸ ਜਲਸੇ ਦੀ ਧੁੰਮ ਪੈ ਚੁੱਕੀ ਸੀ।’’ 1906 ਦੇ ਅਬਾਦਕਾਰੀ ਕਾਨੂੰਨ ਨੇ ਬਲ਼ਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਤਿੰਨ ਫਰਵਰੀ 1907 ਨੂੰ ਲਾਹੌਰ ਅੰਦਰ ਵੱਡਾ ਜਲਸਾ ਹੋਇਆ। ਇਸੇ ਦਿਨ ਲਾਇਲਪੁਰ ਵਿਚ 8000 ਲੋਕਾਂ ਦਾ ਇਕੱਠ ਹੋਇਆ। ਸਤਾਰਾਂ ਫਰਵਰੀ 1907 ਨੂੰ ਗੋਜਰੇ ਦੇ 15000 ਦੇ ਕਰੀਬ ਜ਼ਿਮੀਂਦਾਰ ਇਕੱਠੇ ਹੋਏ। ਇੱਕੀ ਮਾਰਚ 1907 ਨੂੰ ਲਾਇਲਪੁਰ ਦੇ ਜਲਸੇ ਵਿਚ ‘ਝੰਗ ਸਿਆਲ’ ਅਖ਼ਬਾਰ ਦੇ ਸੰਪਾਦਕ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ’ ਗੀਤ ਗਾਇਆ ਅਤੇ ਇਸ ਲਹਿਰ ਨੂੰ ਇਕ ਨਵਾਂ ਜੋਸ਼ ਅਤੇ ਨਵਾਂ ਨਾਮ ‘ਪਗੜੀ ਸੰਭਾਲ ਜੱਟਾ ਲਹਿਰ’ ਦਿੱਤਾ। 1907 ਵਿਚ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨੇ ਆਖਿਆ ਸੀ ਕਿ ਪੰਜਾਬ ਵਿਚ ਇਕ ਨਵੀਂ ਹਵਾ ਚੱਲ ਰਹੀ ਸੀ ਜੋ ਅੰਗਰੇਜ਼ਾਂ ਲਈ ਅਤਿਅੰਤ ਖ਼ਤਰਨਾਕ ਸੀ। ਇਸ ‘ਨਵੀਂ ਹਵਾ’ ਅਤੇ ਪੰਜਾਬੀਆਂ ਦੀ ਆਵਾਜ਼ ਨੂੰ ਦੱਬਣ ਲਈ ਮਸ਼ਹੂਰ ਪੰਜਾਬੀ ਅਖ਼ਬਾਰ ‘ਦਿ ਪੰਜਾਬੀ’ ਉੱਪਰ ਗਾਜ ਡਿੱਗੀ ਜਿਸ ਦਾ ਡਟਵਾਂ ਵਿਰੋਧ ਹੋਇਆ। ਅੰਗਰੇਜ਼ਾਂ ਨੂੰ ਸਿੱਖ ਸਿਪਾਹੀਆਂ ਦੀ ਬਗ਼ਾਵਤ ਦਾ ਡਰ ਸਤਾਉਣ ਲੱਗਾ। ਅਖ਼ੀਰ ਇਹ ਕਾਨੂੰਨ ਰੱਦ ਹੋਇਆ। ਪੰਜਾਬੀਆਂ ਦੀ ਜਿੱਤ ਹੋਈ ਅਤੇ ਲਾਲਾ ਲਾਜਪਤ ਰਾਏ ਅਤੇ ਸਰਦਾਰ ਅਜੀਤ ਸਿੰਘ ਦੀ ਰਿਹਾਈ ਹੋਈ। ਪੰਜਾਬੀ ਮਾਨਸਿਕਤਾ ਇਕ ਵੱਡੀ ਕਰਵਟ ਲੈ ਚੁੱਕੀ ਸੀ।

ਗ਼ਦਰ ਪਾਰਟੀ ਦੀ ਸਥਾਪਨਾ ਨਾਲ ਪੰਜਾਬ ਦਾ ਕ੍ਰਾਂਤੀਕਾਰੀ ਅੰਦੋਲਨ ਇਕ ਨਵੇਂ ਪੜਾਅ ਵਿਚ ਦਾਖ਼ਲ ਹੋਇਆ। ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ ਨਾਮ ਅਧੀਨ 21 ਅਪਰੈਲ 1913 ਨੂੰ ਬਣਿਆ ਕ੍ਰਾਂਤੀਕਾਰੀ ਸੰਗਠਨ ਬਾਅਦ ਵਿਚ ਸ਼ੁਰੂ ਕੀਤੇ ਆਪਣੇ ਕ੍ਰਾਂਤੀਕਾਰੀ ਪਰਚੇ ‘ਗ਼ਦਰ’ ਦੇ ਨਾਮ ਕਰਕੇ ਹਿੰਦੋਸਤਾਨ ਗ਼ਦਰ ਪਾਰਟੀ ਦੇ ਨਾਲ ਮਸ਼ਹੂਰ ਹੋਇਆ। ਇਸ ਸੰਗਠਨ ਦੇ ਮੋਹਰੀ ਬਾਨੀਆਂ ਤੋਂ ਲੈ ਕੇ ਹੇਠਲੇ ਪੱਧਰ ਤਕ ਦੇ ਕੇਡਰ ਤਕ ਪੰਜਾਬੀਆਂ ਦੀ ਸ਼ਮੂਲੀਅਤ ਸੀ। ਇਸ ਸੰਗਠਨ ਨੇ 1857 ਤੋਂ ਬਾਅਦ ਪਹਿਲੀ ਵਾਰ ਇਕ ਦੇਸ਼ਵਿਆਪੀ ਹਥਿਆਰਬੰਦ ਬਗ਼ਾਵਤ ਦਾ ਅਕੀਦਾ ਕੀਤਾ। ਸਭ ਤੋਂ ਵੱਡੀ ਗੱਲ ਇਹ ਸੀ ਕਿ ਗ਼ਦਰੀਆਂ ਨੇ ਨਾ ਸਿਰਫ਼ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਦਾ ਸੁਪਨਾ ਵੇਖਿਆ ਬਲਕਿ ਗ਼ੁਰਬਤ, ਪੇਂਡੂ ਕਰਜ਼ਦਾਰੀ, ਅੰਗਰੇਜ਼ਾਂ ਦੀ ਗ਼ੁਲਾਮੀ ਅਤੇ ਧਰਮ-ਭਾਸ਼ਾ ਦੇ ਨਾਮ ’ਤੇ ਪਾਈਆਂ ਜਾ ਰਹੀਆਂ ਵੰਡੀਆਂ ਨੂੰ ਵੀ ਵੰਗਾਰਿਆ ਅਤੇ ਇਕ ਨਵੀਂ ਕਿਸਮ ਦੇ ਪੰਜਾਬੀ ਸਮਾਜਿਕ-ਸਭਿਆਚਾਰ ਸਰੋਕਾਰ ਨੂੰ ਆਪਣੀ ਕਵਿਤਾ ਅਤੇ ਵਾਰਤਕ ਰਾਹੀਂ ਪ੍ਰਚਾਰਿਆ। ਕੌਮਾ ਗਾਟਾਮਾਰੂ ਦੀ ਘਟਨਾ ਨੇ ਪੰਜਾਬ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਦੀ ਭਾਵਨਾ ਨੂੰ ਹੋਰ ਪੱਕਿਆਂ ਕੀਤਾ। ਚਾਹੇ ਗੱਦਾਰੀ, ਜਥੇਬੰਦਕ ਸਮੱਸਿਆ ਅਤੇ ਸਾਧਨਾਂ ਦੀ ਕਮੀ ਕਾਰਨ ਇਹ ਅੰਦੋਲਨ ਦਬਾਅ ਦਿੱਤਾ ਗਿਆ ਤੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੂੰ ਫਾਂਸੀ, ਜੇਲ੍ਹ, ਜਲਾਵਤਨੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਪਰ ਇਹ ਅੰਦੋਲਨ ਆਜ਼ਾਦੀ ਦੇ ਰਹਿੰਦੇ ਸਫ਼ਰ ਲਈ ਚਾਨਣ ਮੁਨਾਰਾ ਬਣਿਆ। ਕਰਤਾਰ ਸਿੰਘ ਸਰਾਭਾ ਇਸੇ ਕਰਕੇ ਸ਼ਹੀਦ ਭਗਤ ਸਿੰਘ ਦਾ ਆਦਰਸ਼ ਸੀ।

ਗ਼ੁਰਬਤ ਅਤੇ ਕਰਜ਼ਦਾਰੀ ਦੇ ਮਾਰੇ ਪੰਜਾਬੀਆਂ ਖ਼ਾਸਕਰ ਪੇਂਡੂ ਪੰਜਾਬੀਆਂ ਨੇ ਫ਼ੌਜ ਦੀ ਭਰਤੀ ਵੱਲ ਮੂੰਹ ਕੀਤਾ ਜਿੱਥੇ ਪਹਿਲੀ ਆਲਮੀ ਜੰਗ ਕਰਕੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਿਚ ਅਥਾਹ ਵਾਧਾ ਹੋਇਆ। ਪੰਜਾਬੀ ਸਾਰੇ ਮੁਲਕ ਦੇ ਮੁਕਾਬਲੇ ਸਭ ਤੋਂ ਵਧੇਰੇ ਫ਼ੌਜ ਵਿਚ ਭਰਤੀ ਹੋਏ। ਇਕ ਵਾਰ ਫਿਰ ਪੰਜਾਬ ਉੱਪਰ ਅੰਗਰੇਜ਼ਪ੍ਰਸਤ ਹੋਣ ਦਾ ਕਲੰਕ ਲੱਗਿਆ ਪਰ ਉੱਥੇ ਹੀ ਪੰਜਾਬੀਆਂ ਦੀ ਗ਼ਦਰ ਅੰਦੋਲਨ ਉੱਪਰ ਸਰਦਾਰੀ ਨੇ ਇਹ ਦਾਗ਼ ਧੋ ਦਿੱਤਾ। ਦੂਜੇ ਪਾਸੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਸਖ਼ਤੀਆਂ ਵਰਤੀਆਂ ਗਈਆਂ। ਰੌਲਟ ਐਕਟ ਦੇ ਵਿਰੋਧ ਦਾ ਕੇਂਦਰ ਪੰਜਾਬ ਬਣਿਆ ਅਤੇ ਜਲ੍ਹਿਆਂਵਾਲੇ ਬਾਗ਼ ਦਾ ਹੱਤਿਆਕਾਂਡ ਪੰਜਾਬ ਵਰਗੇ ‘ਸਾਊ’ ਸੂਬੇ ਵਿਚ ਹੀ ਵਾਪਰਿਆ। ਜਿੱਥੇ ਇਕ ਪਾਸੇ ਪੰਜਾਬੀ ਗੱਭਰੂ ਵਿਦੇਸ਼ਾਂ ਵਿਚ ਅੰਗਰੇਜ਼ਾਂ ਦੇ ਦੁਸ਼ਮਣਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ, ਉੱਥੇ ਪੰਜਾਬ ਅੰਦਰ ਪੰਜਾਬੀ ਖ਼ੁਦ ਅੰਗਰੇਜ਼ਾਂ ਦੀਆਂ ਬੰਦੂਕਾਂ ਦਾ ਚਾਰਾ ਬਣੇ। ਅਸਲ ਵਿਚ ਪੰਜਾਬ ਵਿਚ ਛੋਟੀ ਤੋਂ ਛੋਟੀ ਘਟਨਾ ਨੂੰ ਸਿਰਫ਼ ਬਗ਼ਾਵਤ ਦੇ ਨਜ਼ਰੀਏ ਨਾਲ ਹੀ ਦੇਖਿਆ ਜਾਂਦਾ ਸੀ। ਇਸ ਕਰਕੇ ਜਨਰਲ ਡਾਇਰ ਨੇ ਆਪਣੇ ਇਕਬਾਲੀਆ ਬਿਆਨ ਵਿਚ ਮੰਨਿਆ ਸੀ ਕਿ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਭੀੜ ਨੂੰ ਤਿੱਤਰ-ਬਿੱਤਰ ਕਰਨਾ ਨਹੀਂ ਸਗੋਂ (ਪੰਜਾਬ ਦੇ) ਲੋਕਾਂ ਨੂੰ ਸਬਕ ਸਿਖਾਉਣਾ ਸੀ। ਪੰਜਾਬੀਆਂ ਨੇ ਇਸ ਬਰਬਰਤਾ ਵਿਰੁੱਧ ਪੂਰੀ ਬੇਬਾਕੀ ਨਾਲ ਆਵਾਜ਼ ਉਠਾਈ। ਲਾਹੌਰ ਵਿਚ ਡੰਡਾ ਬਰਦਾਰ ਫੋਰਸ ਬਣੀ ਜਿਸ ਦੇ ਆਹਰੀ ਦੋ ਪੰਜਾਬੀ ਕਵੀ ਲਾਲ ਦੀਨ ਕੈਸਰ ਅਤੇ ਗੁਲਾਮ ਮੁਸਤਫ਼ਾ ਹੈਰਤ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਖ਼ਿਲਾਫ਼ ਅਜਿਹੇ ਨਾਅਰੇ ਘੜੇ ਕਿ ਲਾਹੌਰ ਵਿਚ ਤਰਥੱਲੀ ਮਚ ਗਈ ਅਤੇ ਇਹ ਦੋਵੇਂ ਗ੍ਰਿਫ਼ਤਾਰ ਹੋਏ। ਇਸ ਤੋਂ ਇਲਾਵਾ ਪੰਜਾਬੀ ਕਵੀਆਂ ਨਾਨਕ ਸਿੰਘ, ਫਿਰੋਜ਼ਦੀਨ ਸ਼ਰਫ਼, ਵਿਧਾਤਾ ਸਿੰਘ ਤੀਰ, ਅਮੀਰ ਅਲੀ ਅਮਰ, ਈਸ਼ਰ ਦਾਸ ਪੁਰੀ ਆਦਿ ਨੇ ਵੀ ਬਾਅਦ ਵਿਚ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਵਿਰੁੱਧ ਰੱਜ ਕੇ ਲਿਖਿਆ। ਅਸਲ ਵਿਚ ਗ਼ਦਰ ਅੰਦੋਲਨ ਅਤੇ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਨੇ ਪੰਜਾਬੀ ਸਾਹਿਤ ਅਤੇ ਖ਼ਾਸਕਰ ਪੰਜਾਬੀ ਕਵਿਤਾ ਦਾ ਮੂੰਹ ਮੁਹਾਂਦਰਾ ਬਦਲ ਦਿੱਤਾ। ਇਹ ਪੂਰਨ ਤੌਰ ’ਤੇ ਰੁਮਾਂਚਵਾਦ ਤੋਂ ਹਟ ਕੇ ਕ੍ਰਾਂਤੀਕਾਰੀ ਲੀਹਾਂ ’ਤੇ ਤੁਰ ਪਈ। ਇਸ ਕਰਕੇ ਬਾਅਦ ਵਿਚ ਜਦੋਂ ਦਿਹਾਤ ਸੁਧਾਰ ਮਹਿਕਮਾ ਬਣਿਆ ਤਾਂ ਉਸ ਦਾ ਇਕ ਕੰਮ ਅਜਿਹੀ ਸ਼ਾਇਰੀ ’ਤੇ ਨਜ਼ਰ ਰੱਖਣਾ ਤੇ ਕਾਬੂ ਪਾਉਣਾ ਸੀ।

1920 ਦਾ ਵਰ੍ਹਾ ਪੰਜਾਬ ਦੀ ਨਾਬਰੀ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਪੰਜਾਬ ਦੀ ਨਾਬਰੀ ਨੇ ਆਪਣੇ ਆਪ ਨੂੰ ਅਜੋਕੇ ਸਮਿਆਂ ਦੇ ਮੁਤਾਬਿਕ ਮੁੜ ਪਰਿਭਾਸ਼ਿਤ ਕੀਤਾ। ਇਸ ਸਾਲ ਮਹਾਤਮਾ ਗਾਂਧੀ ਦਾ ਨਾ-ਮਿਲਵਰਤਣ ਅੰਦੋਲਨ, ਅਕਾਲੀ ਲਹਿਰ ਅਤੇ ਅਕਾਲੀ ਅਖ਼ਬਾਰ ਸ਼ੁਰੂ ਹੋਏ। ਗਾਂਧੀ ਬਾਰੇ ਪੰਜਾਬ ਵਿਚ ਕਈ ਤਰ੍ਹਾਂ ਦੀਆਂ ਕਾਲਪਨਿਕ ਧਾਰਨਾਵਾਂ ਬਣੀਆਂ ਕਿ ਸ਼ਾਇਦ ਗਾਂਧੀ ਪੰਜਾਬ ਵਿਚ ਬਾਹਲਾ ਮਕਬੂਲ ਨਹੀਂ ਸੀ ਜਾਂ ਗਾਂਧੀ ਤੇ ਪੰਜਾਬ ਵਿਚਕਾਰ ਅਣਸੁਖਾਵਾਂ ਸਬੰਧ ਸੀ। ਜਦੋਂਕਿ ਗਾਂਧੀ ਦਾ ਬਿੰਬ ਪੰਜਾਬ ਵਿਚ ਵੀ ਉਸੇ ਤਰ੍ਹਾਂ ਬਣ ਰਿਹਾ ਸੀ ਜਿਵੇਂ ਬਾਕੀ ਹਿੰਦੋਸਤਾਨ ਵਿਚ। ਦੂਜਾ ਇਸ ਵਰ੍ਹੇ ਵਿਚ ਸ਼ੁਰੂ ਹੋਏ ਅਕਾਲੀ ਅੰਦੋਲਨ ਜਾਂ ਗੁਰਦੁਆਰਾ ਸੁਧਾਰ ਲਹਿਰ ਨਾਲ ਪੰਜਾਬ ਤੇ ਖ਼ਾਸ ਕਰਕੇ ਸਿੱਖਾਂ ਦੇ ਅਕਸ ਦਾ ਇਕ ਨਵਾਂ ਰੂਪ ਸਾਹਮਣੇ ਆਇਆ। ਜਿਹੜੀ ਕੌਮ ਦਾ ਬਿੰਬ ਹੁਣ ਤਕ ਸਿਰਫ਼ ਜੰਗਜੂ ਹੋਣ ਦਾ ਬਣਿਆ ਹੋਇਆ ਸੀ ਉਸ ਕੌਮ ਨੇ ਬੇਹੱਦ ਜ਼ਾਬਤੇ ਵਿਚ ਰਹਿ ਕੇ ਜ਼ੁਲਮ ਦਾ ਸਾਹਮਣਾ ਕੀਤਾ ਅਤੇ ਆਪਣੇ ਗੁਰਦੁਆਰਿਆਂ ਨੂੰ ਅੰਗਰੇਜ਼ਾਂ ਦੇ ਏਜੰਟਾਂ ਦੇ ਰੂਪ ਵਿਚ ਕੰਮ ਕਰ ਰਹੇ ਮਹੰਤਾਂ ਤੋਂ ਆਜ਼ਾਦ ਕਰਵਾਇਆ। ਜਿਸ ਗਾਂਧੀ ਨੂੰ ਸਿੱਖਾਂ ਦੇ ਅਹਿੰਸਕ ਅੰਦੋਲਨ ਵਿਚ ਭੂਮਿਕਾ ’ਤੇ ਸ਼ੱਕ ਸੀ ਉਸੇ ਗਾਂਧੀ ਨੇ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿਹਾ ਕਿ ਆਜ਼ਾਦੀ ਸੰਗਰਾਮ ਦਾ ਪਹਿਲਾ ਮੋਰਚਾ ਜਿੱਤ ਲਿਆ ਗਿਆ ਹੈ। ਗਾਂਧੀ ਨੂੰ ਆਪਣਾ ਅਹਿੰਸਕ ਅੰਦੋਲਨ ਵਾਪਸ ਲੈਣਾ ਪਿਆ ਪਰ ਇਹ ਅਕਾਲੀ ਅਹਿੰਸਕ ਅੰਦੋਲਨ ਪੂਰੀ ਤਰ੍ਹਾਂ ਕਾਮਯਾਬ ਹੋਇਆ। ਇਸ ਅਦੁੱਤੀ ਅਹਿੰਸਕ ਅੰਦੋਲਨ ਦੇ ਗਵਾਹ ਈਸਾਈ ਮਿਸ਼ਨਰੀ ਸੀ.ਐੱਫ਼ ਐਂਡਰਿਊਜ਼ ਵਰਗੇ ਵਿਦਵਾਨ ਖ਼ੁਦ ਬਣੇ। ਅਸਲ ਵਿਚ ਇਹ ਅੰਦੋਲਨ ਸਿਰਫ਼ ਧਾਰਮਿਕ ਖ਼ਿੱਤੇ ਤਕ ਹੀ ਮਹਿਦੂਦ ਨਾ ਰਿਹਾ। ਇਸ ਨੇ ਪੰਜਾਬ ਵਿਚ ਇਕ ਨਵੀਂ ਰਾਜਨੀਤਕ ਚੇਤਨਾ ਪੈਦਾ ਕੀਤੀ ਅਤੇ ਆਜ਼ਾਦੀ ਸੰਗਰਾਮ ਨੂੰ ਸ਼ਹਿਰੀ ਕੁਲੀਨ ਵਰਗ ਦੇ ਗ਼ਲਬੇ ਵਿਚੋਂ ਕੱਢ ਕੇ ਪਿੰਡਾਂ ਦੀਆਂ ਪਹੀਆਂ-ਡੰਡੀਆਂ ਤਕ ਲੈ ਗਿਆ। ਇਸੇ ਸਾਲ ‘ਅਕਾਲੀ’ ਅਖ਼ਬਾਰ ਦਾ ਸ਼ੁਰੂ ਹੋਣਾ ਵੀ ਕਿਸੇ ਕ੍ਰਾਂਤੀਕਾਰੀ ਘਟਨਾ ਤੋਂ ਘੱਟ ਨਹੀਂ ਸੀ। ਇਸ ਅਖ਼ਬਾਰ ਨੇ ਪੰਜਾਬੀਆਂ ਦੀ ਸੁੱਤੀ ਪਈ ਗ਼ੈਰਤ ਨੂੰ ਵੰਗਾਰਿਆ ਅਤੇ ਜਥੇਬੰਦ ਹੋਣ ਲਈ ਪ੍ਰੇਰਿਆ।

ਦੋਵਾਂ ਆਲਮੀ ਜੰਗਾਂ ਦਰਮਿਆਨ ਵੀ ਪੰਜਾਬ ਨੇ ਆਪਣਾ ਬਣਦਾ ਯੋਗਦਾਨ ਪਾਇਆ। 1920 ਦੇ ਦਹਾਕੇ ਵਿਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਮਿਸਾਲ ਕਾਰਵਾਈਆਂ ਤੇ ਫਿਰ ਅਖ਼ੀਰ ਅਦੁੱਤੀ ਸ਼ਹਾਦਤ ਨੇ ਪੰਜਾਬੀ ਅਤੇ ਹਿੰਦੋਸਤਾਨੀ ਮਾਨਸਿਕਤਾ ਨੂੰ ਝੰਜੋੜਿਆ। ਇਹ ਉਹ ਦੌਰ ਸੀ ਜਦੋਂ ਕਾਂਗਰਸ ਅਤੇ ਰਾਸ਼ਟਰ ਰਾਜਨੀਤਕ ਗਤੀਵਿਧੀਆਂ ਵਿਚ ਇਕ ਖੜੋਤ ਆਈ ਹੋਈ ਸੀ। ਇਨ੍ਹਾਂ ਸੂਰਬੀਰ ਯੋਧਿਆਂ ਨੇ ਖਤੋਤੇ ਪਾਣੀਆਂ ਵਿਚ ਪੱਥਰ ਸੁੱਟ ਕੇ ਐਸੀ ਹਲਚਲ ਪੈਦਾ ਕੀਤੀ ਕਿ ਅੰਗਰੇਜ਼ਾਂ ਸਮੇਤ ਪੂਰੇ ਹਿੰਦੋਸਤਾਨ ਦੀਆਂ ਨਜ਼ਰਾਂ ਫਿਰ ਪੰਜਾਬ ’ਤੇ ਕੇਂਦਰਿਤ ਹੋਈਆਂ। ਪੰਜਾਬ ਅੰਦਰ ਇਕ ਨਵੀਂ ਕਿਸਮ ਦੀ ਵਿਚਾਰਧਾਰਾ ਪੈਦਾ ਹੋਈ ਜਿਸ ਵਿਚ ਨਾ ਸਿਰਫ਼ ਹੱਸ ਕੇ ਮੌਤ ਨੂੰ ਵਿਆਹੁਣ ਦੀ ਪਰੰਪਰਾ ਪੁਨਰ ਸੁਰਜੀਤ ਹੋਈ ਸਗੋਂ ਵਿਚਾਰਾਂ ਦੀ ਪ੍ਰੋੜ੍ਹਤਾ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਦਹਾਕੇ ਅੰਦਰ ਬੱਬਰ ਅਕਾਲੀਆਂ ਦੀਆਂ ਕਾਰਵਾਈਆਂ ਨੇ ਅੰਗਰੇਜ਼ਾਂ ਅਤੇ ਉਨ੍ਹਾਂ ਦੇ ਪਿੱਠੂਆਂ ਦੇ ਮਨਾਂ ਅੰਦਰ ਸਹਿਮ ਪੈਦਾ ਕੀਤਾ ਅਤੇ ਕ੍ਰਾਂਤੀ ਦੀ ਇਕ ਨਵੀਂ ‘ਗੜਗੱਜਵੀਂ’ ਆਵਾਜ਼ ਸੁਣਨ ਨੂੰ ਮਿਲੀ। 1926 ਵਿਚ ਸ਼ੁਰੂ ਹੋਏ ‘ਕਿਰਤੀ’ ਰਸਾਲੇ ਨੇ ਨਾ ਸਿਰਫ਼ ਸਾਮਰਾਜੀ ਧੌਂਸ ਅਤੇ ਲੁੱਟ-ਖਸੁੱਟ ਨੂੰ ਵੰਗਾਰਿਆ ਸਗੋਂ ਕਿਰਤੀਆਂ-ਕਿਸਾਨਾਂ ਨੂੰ ਇਕੱਠੇ ਹੋ ਕੇ ਲੜਨ ਦਾ ਹੋਕਾ ਦਿੱਤਾ। 1930 ਦੇ ਦਹਾਕੇ ਵਿਚ ਪੰਜਾਬ ਨੇ ਰਾਸ਼ਟਰੀ ਅੰਦੋਲਨ ਵਿਚ ਵੀ ਹਿੱਸਾ ਪਾਇਆ ਅਤੇ ਪੰਜਾਬ ਅੰਦਰ ਉੱਠੀਆਂ ਕੁਝ ਲੋਕ ਲਹਿਰਾਂ ਅਤੇ ਕਿਸਾਨੀ ਮੋਰਚਿਆਂ ਨੇ ਪੰਜਾਬ ਅੰਦਰ ਬਾਗ਼ੀ ਸੁਰਾਂ ਨੂੰ ਤੇਜ਼ ਕੀਤਾ। ਨੀਲੀਬਾਰ ਦੇ ਮੋਰਚੇ, ਅੰਮ੍ਰਿਤਸਰ ਦੇ ਮੋਰਚੇ, ਗੁਰਦਾਸਪੁਰ ਦੀ ਮੁਜ਼ਾਰਾ ਲਹਿਰ, ਲਾਹੌਰ, ਟਾਂਡਾ ਉੜਮੁੜ ਅਤੇ ਹਰਸ਼ਾ ਛੀਨਾ ਦੇ ਮੋਰਚਿਆਂ ਨੇ ਕਿਸਾਨੀ ਨੂੰ ਜਥੇਬੰਦ ਕੀਤਾ ਜਿਸ ਨੇ ਅੰਗਰੇਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਤਾਕਤ ਨੂੰ ਵੰਗਾਰਿਆ। ਆਜ਼ਾਦੀ ਸੰਗਰਾਮ ਦੇ ਆਖ਼ਰੀ ਦੌਰ ਵਿਚ ਵੀ ਪੰਜਾਬੀਆਂ ਨੇ ਭਾਰਤ ਛੱਡੋ ਅੰਦੋਲਨ ਅਤੇ ਦੂਜੀਆਂ ਕਾਰਵਾਈਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਅੰਗਰੇਜ਼ ਪ੍ਰਧਾਨ ਮੰਤਰੀ ਕਲੀਮੈਂਟ ਐਟਲੀ ਦੇ ਆਪਣੇ ਕਥਨ ਮੁਤਾਬਿਕ ਅੰਗਰੇਜ਼ਾਂ ਦੇ ਜਲਦੀ ਚਲੇ ਜਾਣ ਦਾ ਵੱਡਾ ਕਾਰਨ ਆਈਐੱਨਏ (INA) ਦੀ ਬਗ਼ਾਵਤ ਸੀ। ਇਸ ਵਿਚ ਵੀ ਜਨਰਲ ਮੋਹਨ ਸਿੰਘ ਅਤੇ ਆਈਐੱਨਏ ਟ੍ਰੇਲਜ਼ (INA Trails) ਦੇ ਤਿੰਨੋਂ ਨਾਇਕ ਢਿੱਲੋਂ, ਸਹਿਗਲ ਅਤੇ ਸਾਹਨਵਾਜ਼ ਪੰਜਾਬੀ ਸਨ ਜਿਨ੍ਹਾਂ ਨੇ ਪੰਜਾਬੀ ਨਾਬਰੀ ਅਤੇ ਵਤਨਪ੍ਰਸਤੀ ਦੀ ਪਰੰਪਰਾ ਨੂੰ ਮੁੜ ਉਘਾੜਿਆ। ਪਰ ਅਫ਼ਸੋਸ ਜਿਸ ਪੰਜਾਬ ਨੇ ਹਿੰਦੋਸਤਾਨ ਦੀ ਆਜ਼ਾਦੀ ਵਿਚ ਮੋਹਰੀ ਭੂਮਿਕਾ ਨਿਭਾਈ ਉਸ ਨੇ ਆਜ਼ਾਦੀ ਦੀ ਵੱਡੀ ਕੀਮਤ ਚੁਕਾਈ। ਤਕਰੀਬਨ ਅੱਠ ਤੋਂ ਦਸ ਲੱਖ ਪੰਜਾਬੀ ਮਾਰੇ ਗਏ ਅਤੇ 1 ਤੋਂ 1.2 ਕਰੋੜ ਪੰਜਾਬੀ ਬੇਘਰ ਹੋ ਗਏ।

* ਸਹਾਇਕ ਪ੍ਰੋਫ਼ੈਸਰ, ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਸੰਪਰਕ: 98786-14630

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All