ਮੇਲਾ ਗ਼ਦਰੀ ਬਾਬਿਆਂ ਦਾ : The Tribune India

ਜੁਝਾਰੂ ਵਿਰਸਾ

ਮੇਲਾ ਗ਼ਦਰੀ ਬਾਬਿਆਂ ਦਾ

ਮੇਲਾ ਗ਼ਦਰੀ ਬਾਬਿਆਂ ਦਾ

ਅਮੋਲਕ ਸਿੰਘ

ਬੱਬਰ ਅਕਾਲੀ ਲਹਿਰ ਨੂੰ ਯਾਦ ਕਰਦਿਆਂ, ਕਿਸਾਨ ਅੰਦੋਲਨ ਨੂੰ ਸਮਰਪਿਤ 30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਪੰਜਾਬ ਦੇ ਨਾਲ ਨਾਲ ਕਈ ਸੂਬਿਆਂ ਨੂੰ ਆਪਣੇ ਕਲਾਵੇ ਵਿੱਚ ਲੈਣ ’ਚ ਸਫ਼ਲ ਰਿਹਾ। ਇਉਂ ਇਹ ਮੇਲਾ ਉੱਤਰੀ ਭਾਰਤ ਦੇ ਲੋਕ-ਪੱਖੀ ਸਭਿਆਚਾਰਕ ਤਿਉਹਾਰ ਦਾ ਰੂਪ ਧਾਰਨ ਕਰਨ ਦੀਆਂ ਉਤਸ਼ਾਹਜਨਕ ਸੰਭਾਵਨਾਵਾਂ ਦਰਸਾ ਗਿਆ ਹੈ।

ਪਾਣੀਪਤ, ਸੋਨੀਪਤ, ਸਿਰਸਾ, ਦਿੱਲੀ, ਜੰਮੂ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਆਦਿ ਤੋਂ ਮਜ਼ਦੂਰ, ਕਿਸਾਨ, ਵਿਦਿਆਰਥੀ, ਸਭਿਆਚਾਰਕ ਕਾਮੇ ਕਾਫ਼ਲੇ ਬੰਨ੍ਹ ਕੇ ਪਰਿਵਾਰਾਂ ਸਮੇਤ ਦੋ ਰੋਜ਼ਾ ਮੇਲੇ ਵਿੱਚ ਸ਼ਾਮਲ ਹੋਏ। ‘ਬੱਬਰ ਅਕਾਲੀ ਨਗਰ’ ਦਾ ਨਾਮ ਦੇ ਕੇ ਸਜਾਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਸਭ ਕੋਨਿਆਂ ਅਤੇ ਵੱਖ-ਵੱਖ ਸਟੇਜਾਂ ਤੋਂ ਡੋਗਰੀ, ਪਹਾੜੀ, ਹਰਿਆਣਵੀ, ਰਾਜਸਥਾਨੀ ਅਤੇ ਪੰਜਾਬੀ ਗੀਤ ਸੰਗੀਤ ਦੀਆਂ ਆਵਾਜ਼ਾਂ ਮੁਲਕ ਦੀ ਵਿਸ਼ਾਲ ਭਾਈਚਾਰਕ ਸਾਂਝ ਦੇ ਨਗ਼ਮੇ ਗਾਉਂਦੀਆਂ ਰਹੀਆਂ। ਇਸ ਸਮਾਜਿਕ ਸਾਂਝ ਦੀ ਖੁਸ਼ਬੋ ਪੁਸਤਕ ਮੇਲੇ ਵਾਲੇ ਪੰਡਾਲ ਵਿੱਚ ਲੱਗੀਆਂ ਕਿਤਾਬਾਂ ਤੋਂ ਵੀ ਆਉਂਦੀ ਰਹੀ। ਨੈਸ਼ਨਲ ਬੁੱਕ ਟ੍ਰਸਟ ਅਤੇ ਪੰਜਾਬੀ ਯੂਨੀਵਰਸਟੀ ਦੀਆਂ ਉਰਦੂ, ਹਿੰਦੀ, ਅੰਗਰੇਜ਼ੀ, ਡੋਗਰੀ ਵਿੱਚ ਸਜੀਆਂ ਕਿਤਾਬਾਂ ਵਿੱਚੋਂ ਚੁਣ ਕੇ ਕੋਈ 16 ਲੱਖ ਰੁਪਏ ਦਾ ਸਾਹਿਤ ਮੇਲੇ ਵਿੱਚ ਆਏ ਲੋਕ ਲੈ ਕੇ ਗਏ। ਦੀਵਾਲੀ ਤੋਂ ਦੋ ਦਿਨ ਪਹਿਲਾਂ ਆਪੋ ਆਪਣੇ ਘਰਾਂ ਨੂੰ ਜਾਂਦੇ ਲੋਕਾਂ ਕੋਲ ਮਠਿਆਈਆਂ, ਆਤਿਸ਼ਬਾਜ਼ੀ ਅਤੇ ਪਟਾਕਿਆਂ ਦੀ ਥਾਂ ਪੁਸਤਕਾਂ ਦਾ ਹੋਣਾ ਆਪਣੇ ਆਪ ਵਿੱਚ ਸੁਲੱਖਣਾ ਵਰਤਾਰਾ ਹੈ। ਸੂਬਿਆਂ, ਭਾਸ਼ਾਵਾਂ, ਫ਼ਿਰਕਿਆਂ ਆਦਿ ਦੇ ਵਖਰੇਵਿਆਂ ਨੂੰ ਹਵਾ ਦੇਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਮੇਲਾ ਗ਼ਦਰੀ ਬਾਬਿਆਂ ਦਾ ਭਾਈਚਾਰਕ ਏਕਤਾ ਦਾ ਸੁਨੇਹਾ ਦੇ ਗਿਆ।

ਮੇਲੇ ਵਿੱਚ ਜੁੜੇ ਹਜ਼ਾਰਾਂ ਲੋਕ ਵੱਖ-ਵੱਖ ਭਾਸ਼ਾਵਾਂ ਵਿੱਚ ਲੰਮੀ ਕੰਧ ’ਤੇ ਲੱਗੀ ਫਲੈਕਸ ਦੇ ਹੇਠਾਂ ਦਸਤਖ਼ਤ ਕਰਕੇ ਗਏ ਜਿਸ ਉੱਪਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਅਜੋਕੇ ਸਮੇਂ ਦੀਆਂ ਭਖ਼ਦੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਿੱਚ ਸ਼ਾਮਲ ਹੋਣ ਵਾਸਤੇ ਦਸਤਖ਼ਤ ਕਰਨ ਦੀ ਅਪੀਲ ਕੀਤੀ ਸੀ। ਇਹ ਮੰਗਾਂ/ਮਸਲੇ ਮੇਲੇ ਦਾ ਕੇਂਦਰੀ ਪੈਗ਼ਾਮ ਰਹੇ।

ਮੇਲੇ ਵਿਚ ਵਿਚਾਰ-ਚਰਚਾ, ਕੰਧ ’ਤੇ ਲਿਖੀਆਂ ਮੰਗਾਂ, ਨਾਟਕਾਂ, ਗੀਤਾਂ, ਸੋਵੀਨਰ, ਲੋਕ ਅਰਪਣ ਹੋਈਆਂ ਪੁਸਤਕਾਂ, ਕਵੀ ਦਰਬਾਰ, ਜਾਗੋ, ਫ਼ਿਲਮ ਅਤੇ ਝੰਡੇ ਦਾ ਗੀਤ ਆਦਿ ਸਭ ਕਲਾਕ੍ਰਿਤਾਂ ਲੋਕਾਂ ਨੂੰ ਹਰ ਤਰ੍ਹਾਂ ਦੇ ਦਾਬੇ, ਧੌਂਸ, ਜਬਰ, ਵਿਤਕਰੇ, ਅਨਿਆਂ ਖ਼ਿਲਾਫ਼ ਗ਼ਦਰ, ਬੱਬਰ, ਕੂਕਾ, ਨੌਜਵਾਨ ਭਾਰਤ ਸਭਾ ਅਤੇ ਅਜੋਕੇ ਸਮੇਂ ਚੱਲ ਰਹੀਆਂ ਲੋਕ-ਪੱਖੀ ਲਹਿਰਾਂ ਦੇ ਲੜ ਲੱਗਣ ਦਾ ਪੈਗ਼ਾਮ ਦੇ ਗਈਆਂ।

30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਉਸ ਮੌਕੇ ਆਪਣਾ ਨਿਵੇਕਲਾ ਸੁਨੇਹਾ ਦੇ ਕੇ ਗਿਆ ਹੈ ਜਦੋਂ ਪੰਜਾਬ ਸਮੇਤ ਕਈ ਸੂਬਿਆਂ ਅੰਦਰ ਭਖ਼ਦਾ ਜਾ ਰਿਹਾ ਚੋਣ ਅਖਾੜਾ ਲੋਕਾਂ ਦੇ ਹਕੀਕੀ ਮੁੱਦਿਆਂ ਤੋਂ ਧਿਆਨ ਪਾਸੇ ਹਟਾਉਣ ਲਈ ਬਲ ਅਤੇ ਛਲ ਦੀ ਨਿਸੰਗ ਵਰਤੋਂ ਕਰ ਰਿਹਾ ਹੈ। ਗ਼ਦਰੀ ਬਾਬਿਆਂ ਦੇ ਮੇਲੇ ਨੇ ਲੋਕਾਂ ਦੀ ਜ਼ਿੰਦਗੀ ਨੂੰ ਵੇਲਣਿਆਂ ਵਿੱਚ ਨਪੀੜ ਰਹੀਆਂ ਕਾਰਪੋਰੇਟ ਜਗਤ ਦੀਆਂ ਕੋਝੀਆਂ ਨੀਤੀਆਂ ਖਿਲਾਫ਼ ਜਾਗ੍ਰਤੀ ਪੈਦਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ। ਮੇਲੇ ਵਿੱਚ ਪੇਸ਼ ਕਲਾਕ੍ਰਿਤਾਂ ਰਾਹੀਂ ਬਾਜ਼ਾਰੂ ਅਤੇ ਮੇਲਿਆਂ, ਫ਼ਿਲਮਾਂ ਅਤੇ ਨਾਟਕਾਂ ਰਾਹੀਂ ਪਰੋਸੇ ਜਾਂਦੇ ਸਭਿਆਚਾਰ ਦੇ ਬਦਲ ਵਿੱਚ ਲੋਕਾਂ ਨੂੰ ਆਪਣੇ ਅਮੀਰ, ਸਿਹਤਮੰਦ, ਵਿਗਿਆਨਕ ਅਤੇ ਸੰਗਰਾਮੀ ਵਿਰਸੇ ਦੀ ਮਸ਼ਾਲ ਜਗਦੀ ਰੱਖਣ ਦਾ ਹੋਕਾ ਦਿੱਤਾ ਗਿਆ।

ਮੇਲੇ ਵਿੱਚ ਹਰ ਸਾਲ ਸੈਂਕੜੇ ਕਲਾਕਾਰਾਂ ਵੱਲੋਂ ਪੇਸ਼ ਹੁੰਦੇ ਓਪੇਰਾ ਨਾਟ ਰੂਪੀ ਝੰਡੇ ਦਾ ਗੀਤ ਵੇਖਣ ਲਈ ਇੱਕ ਰਾਤ ਪਹਿਲਾਂ ਹੀ ਦੇਸ਼ ਭਗਤ ਹਾਲ ਜਲੰਧਰ ’ਚ ਲੋਕਾਂ ਦਾ ਵਹੀਰਾਂ ਘੱਤ ਕੇ ਪੁੱਜਣਾ ਅਤੇ ਖੜ੍ਹੇ ਹੋ ਕੇ ਕਲਾਕਾਰਾਂ ਦਾ ਸਨਮਾਨ ਤਾੜੀਆਂ, ਨਾਅਰਿਆਂ ਦੀ ਗੂੰਜ ਨਾਲ ਕਰਨਾ ਇਹ ਦਰਸਾਉਂਦਾ ਹੈ ਕਿ ਬਿਮਾਰ, ਅਸ਼ਲੀਲ, ਅੰਧ-ਵਿਸ਼ਵਾਸ ਦੀਆਂ ਘੋੜੀਆਂ ਗਾਉਂਦਾ ਸਭਿਆਚਾਰ ਲੋਕਾਂ ਦੀ ਪਸੰਦ ਨਹੀਂ ਸਗੋਂ ਲੋਕ ਆਪਣੀ ਵਿਰਾਸਤ ਨੂੰ ਸਾਂਭਣ, ਅੱਗੇ ਤੋਰਨ ਅਤੇ ਨਵਾਂ ਨਰੋਆ, ਆਜ਼ਾਦ, ਖੁਸ਼ਹਾਲ, ਜਮਹੂਰੀ ਸਦਾਬਹਾਰ ਮੌਸਮ ਲਿਆਉਣ ਦੀ ਚਾਹਤ ਰੱਖਦੇ ਹਨ। ਇਸ ਦਾ ਪ੍ਰਮਾਣ ਲੋਕ, ਕਿਸਾਨ ਅੰਦੋਲਨ ਰਾਹੀਂ ਦੁਨੀਆਂ ਭਰ ਵਿੱਚ ਨਵਾਂ ਇਤਿਹਾਸ ਸਿਰਜ ਕੇ ਦੇ ਰਹੇ ਹਨ। ਇਉਂ ਹੀ ਆਪਣੇ ਮਹਿਬੂਬ ਪੁਰਖ਼ਿਆਂ ਦੀ ਬਾਤ ਪਾਉਂਦਾ ਮੇਲਾ ਗ਼ਦਰੀ ਬਾਬਿਆਂ ਦਾ ਸਭਿਆਚਾਰਕ ਮੇਲਿਆਂ ਵਿੱਚ ਵਿਲੱਖਣ ਮੁਕਾਮ ਸਿਰਜ ਗਿਆ। ਇਸ ਹਨੇਰੇ ਦੌਰ ਵਿੱਚ ਰੌਸ਼ਨੀਆਂ ਦਾ ਤਿਉਹਾਰ ਬਣਿਆ ਇਹ ਮੇਲਾ ਨਵੀਂ ਪਨੀਰੀ ਨੂੰ ਆਜ਼ਾਦੀ ਘੁਲਾਟੀਆਂ ਦੀਆਂ ਜੇਲ੍ਹ ਡਾਇਰੀਆਂ ਦੇ ਮੋੜੇ ਵਰਕੇ ਖੋਲ੍ਹ ਕੇ ਸਿੱਧੇ ਕਰਨ ਦੀ ਜਾਗ ਲਾਉਣ ਦੀ ਭੂਮਿਕਾ ਅਦਾ ਕਰਨ ਵਿੱਚ ਸਫ਼ਲਤਾ ਨਾਲ ਆਪਣੇ ਸਫ਼ਰ ’ਤੇ ਹੈ। ਡਾਢਿਆਂ ਵੱਲੋਂ ਪੈਦਾ ਕੀਤੇ ਦਮ ਘੁੱਟਵੇਂ ਮਾਹੌਲ ਅੰਦਰ ਕਰਵਟ ਲੈ ਰਹੇ ਭਵਿੱਖ ਦੇ ਹੁਸੀਨ ਮੌਸਮ ਦੀਆਂ ਸੈਨਤਾਂ ਵੀ ਹੋ ਰਹੀਆਂ ਹਨ।

ਸੰਪਰਕ: 98778-68710

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਸ਼ਹਿਰ

View All