ਦਲੀਪ ਸਿੰਘ ਵਾਸਨ
ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੇ 1947 ਤੋਂ ਲੈ ਕੇ ਹੁਣ ਤਕ ਦਾ ਸਮਾਂ ਦੇਖਿਆ ਹੈ। ਅਸੀਂ ਜਾਣਦੇ ਹਾਂ ਕਿ ਮੁਲਕ ਵਿਚ ਬਹੁਤੀ ਜਨਤਾ ਦੀਆਂ ਤਨਖਾਹਾਾਂ ਸੌ ਰੁਪਏ ਤੋਂ ਵੀ ਘਟ ਸਨ ਅਤੇ ਇਹ ਵੀ ਅਸੀਂ ਦੇਖਿਆ ਕਿ ਘਰ ਦਾ ਇਕ ਆਦਮੀ ਕਮਾਉਂਦਾ ਸੀ ਅਤੇ ਚਾਰ ਪੰਜ ਜੀਅ ਘਰ ਵਿਚ ਸਾਧਾਰਨ ਜਿਹਾ ਜੀਵਨ ਜੀਅ ਰਹੇ ਸਨ। ਅਸੀਂ ਇਹ ਵੀ ਦੇਖਿਆ ਕਿ ਮਾੜੀ ਮੋਟੀ ਵਿਦਿਆ, ਸਿਖਲਾਈ ਆਦਿ ਵੀ ਬੱਚਿਆਂ ਤਕ ਪੁੱਜਦੀ ਕਰ ਦਿੱਤੀ ਜਾਂਦੀ ਸੀ। ਅਸੀਂ ਇਹ ਵੀ ਦੇਖਿਆ ਕਿ ਉਦੋਂ ਇਹ ਵਿਦਿਆ ਅਤੇ ਸਿਖਲਾਈ ਮੁਫਤ ਵਰਗੀਆਂ ਹੀ ਸਨ। ਅਸੀਂ ਇਹ ਵੀ ਦੇਖਿਆ ਕਿ ਅੰਗਰੇਜ਼ਾਂ ਦੇ ਵਕਤਾਂ ਵਿਚ ਹੀ ਮੁਫਤ ਦਵਾਈਆਂ ਵਾਲੇ ਹਸਪਤਾਲ ਖੁੱਲ੍ਹ ਗਏ ਸਨ ਅਤੇ ਗਡੀਆਂ ਆਦਿ ਦਾ ਕਿਰਾਇਆ ਵੀ ਘਟ ਹੀ ਸੀ। ਸਦੀਆਂ ਦੀ ਗੁਲਾਮੀ ਕਾਰਨ ਸਾਡੇ ਮੁਲਕ ਵਿਚ ਰਿਵਾਜ ਜਿਹਾ ਬਣ ਆਇਆ ਸੀ ਕਿ ਜੋ ਵੀ ਮਿਲਦਾ ਸੀ, ਲੋਕ ਦੋ ਬੁਰਕੀਆਂ ਖਾ ਕੇ ਰਬ ਦਾ ਸ਼ੁਕਰਾਨਾ ਕਰੀ ਜਾਂਦੇ ਸਨ ਅਤੇ ਜੀਵਨ ਲੰਘਦਾ ਜਾਂਦਾ ਸੀ।
ਆਜ਼ਾਦੀ ਆਈ, ਪਰਜਾਤੰਤਰ ਵੀ ਆਇਆ ਅਤੇ ਦੁਨੀਆ ਵਾਂਗ ਸਾਡਾ ਮੁਲਕ ਵੀ ਤਰੱਕੀ ਕਰਨ ਲੱਗ ਪਿਆ। ਇਸ ਮੁਲਕ ਵਿਚ ਵਿਗਿਆਨ ਆਇਆ, ਤਕਨਾਲੋਜੀ ਆਈ ਅਤੇ ਅਸੀਂ ਵੀ ਕਾਰਖਾਨੇ ਲਗਾ ਕੇ ਮਨੁਖ ਦੀ ਵਰਤੋਂ ਲਈ ਹਰ ਸ਼ੈਅ ਬਣਾਉਣੀ ਸ਼ੁਰੂ ਕਰ ਦਿਤੀ, ਪਿਛਲੇ ਸਤ ਦਹਾਕਿਆਂ ਵਿਚ ਅਸੀਂ ਆਪਣੇ ਮੁਲਕ ਦੇ ਲੋਕਾਂ ਲਈ ਕਾਫੀ ਕੁਝ ਦਾ ਪ੍ਰਬੰਧ ਕਰ ਦਿਤਾ ਪਰ ਹੁਣ ਅਸੀਂ ਦੇਖ ਹੀ ਲਿਆ ਹੈ ਕਿ ਸਾਡਾ ਬਣਾਇਆ ਸਾਮਾਨ ਅਜ ਵਿਕ ਨਹੀਂ ਰਿਹਾ ਕਿਉਂਕਿ ਇਹ ਸਾਰਾ ਕੁਝ ਬਣ ਤਾਂ ਆਇਆ ਹੈ ਪਰ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਲੋਕਾਂ ਦੀ ਆਮਦਨ ਵੀ ਵਧਾਉਣੀ ਹੈ। ਲੋਕਾਂ ਪਾਸ ਪੈਸੇ ਹੋਣਗੇ ਤਾਂ ਹੀ ਉਹ ਸਾਮਾਨ ਖਰੀਦ ਸਕਣਗੇ। ਇਹ ਗੱਲਾਂ ਵਕਤ ਦੀਆਂ ਸਰਕਾਰਾਂ ਨੇ ਵਿਚਾਰਨੀਆਂ ਸਨ ਪਰ ਵਕਤ ਦੀਆਂ ਸਰਕਾਰਾਂ ਤਾਂ ਆਪ ਮਸਾਂ ਆਪਣੇ ਪੰਜ ਸਾਲ ਕਟਦੀਆਂ ਰਹੀਆਂ; ਇਕ ਹੱਥ ਕੁਰਸੀ ਉਤੇ ਅਤੇ ਇਕ ਹੱਥ ਪਗੜੀ ਉਤੇ ਪਾ ਕੇ ਰੱਖਣਾ ਪਿਆ ਕਿਉਂਕਿ ਕਰਨਾ ਤਾਂ ਕੁਝ ਹੈ ਨਹੀਂ ਸੀ ਅਤੇ ਨਾ ਹੀ ਜਾਚ ਹੀ ਸੀ; ਇਸ ਲਈ ਅਸੀਂ ਦੇਖਿਆ ਕਿ ਇਸ ਮੁਲਕ ਦਾ ਆਦਮੀ ਗਰੀਬ ਹੀ ਹੁੰਦਾ ਰਿਹਾ ਹੈ।
ਅੱਜ ਅਸੀਂ ਉਸ ਆਦਮੀ ਨੂੰ ਗਰੀਬ ਆਖ ਰਹੇ ਹਾਂ ਜਿਹੜਾ ਜੀਅ ਤਾਂ ਰਿਹਾ ਹੈ ਪਰ ਉਸ ਪਾਸ ਲੋੜੀਂਦੀਆਂ ਚੀਜ਼ਾਂ ਪੁੱਜ ਨਹੀਂ ਰਹੀਆਂ। ਸਾਰਾ ਕੁਝ ਸਾਹਮਣੇ ਪਿਆ ਹੈ ਪਰ ਉਸ ਨੂੰ ਆਗਿਆ ਨਹੀਂ ਹੈ ਕਿ ਵਰਤ ਸਕੇ। ਅਜਿਹਾ ਜੀਵਨ ਬਹੁਤ ਮੁਸ਼ਕਿਲ ਕਟਦਾ ਹੈ ਅਤੇ ਅਜ ਅਸੀਂ ਇਸ ਨੁਕਤੇ ਬਾਰੇ ਹੀ ਵਿਚਾਰ ਕਰਨੀ ਹੈ ਕਿ ਇਹ ਅਜ ਜਿਹੜਾ ਮਹਿੰਗਾ ਜੀਵਨ ਬਣ ਗਿਆ ਹੈ ਇਸ ਦਾ ਮੁਕਾਬਲਾ ਕਰਨ ਲਈ ਅਸੀਂ ਆਮ ਭਾਰਤੀ ਨੂੰ ਤਿਆਰ ਕਿਵੇਂ ਕਰਨਾ ਹੈ। ਮੁਲਕ ਦਾ ਉਦਯੋਗ ਤਰੱਕੀ ਕਰਦਾ ਕਰਦਾ ਅੱਜ ਫਿਰ ਹੇਠਾਂ ਵਲ ਜਾ ਰਿਹਾ ਹੈ ਕਿਉਂਕਿ ਉਦਯੋਗ ਦਾ ਬਣਾਇਆ ਸਾਮਾਨ ਵਿਕ ਨਹੀਂ ਰਿਹਾ। ਲੋਕਾਂ ਪਾਸ ਪੈਸਾ ਕਿਵੇਂ ਪੁਚਾਇਆ ਜਾਵੇ, ਇਹ ਅੱਜ ਸਾਡੇ ਸਾਹਮਣੇ ਸਮਸਿਆ ਹੈ। ਕੀਮਤਾਂ ਵੀ ਵਧ ਰਹੀਆਂ ਹਨ ਅਤੇ ਵਰਤੋਂ ਦਾ ਸਾਮਾਨ ਵੀ ਮਾਰਕੀਟ ਵਿਚ ਆ ਰਿਹਾ ਹੈ। ਸਮਝ ਨਹੀਂ ਆ ਰਿਹਾ ਕਿ ਇਹ ਗੱਲਾਂ ਸਾਡੀਆਂ ਸਰਕਾਰਾਂ ਦੇ ਨੋਟਿਸ ਵਿਚ ਕਿਉਂ ਨਹੀਂ ਆਈਆਂ ਅਤੇ ਉਦਯੋਗ ਦੀ ਤਰੱਕੀ ਦੇ ਨਾਲ ਨਾਲ ਅਸੀਂ ਲੋਕਾਂ ਦੀ ਆਮਦਨ ਵਧਾਉਣ ਦਾ ਕੋਈ ਪੁਖਤਾ ਯਤਨ ਕਿਉਂ ਨਹੀਂ ਕਰ ਸਕੇ।
ਜਿਉਂ ਜਿਉਂ ਉਦਯੋਗ ਤਰੱਕੀ ਕਰਦਾ ਹੈ, ਮੁਲਕ ਦੇ ਲੋਕਾਂ ਦੀਆਂ ਮੰਗਾਂ ਅਰਥਾਤ ਜ਼ਰੂਰਤਾਂ ਵੀ ਵਧ ਜਾਂਦੀਆਂ ਹਨ। ਅੱਜ ਹਰ ਕਿਸੇ ਨੂੰ ਸਭ ਚੀਜ਼ਾਂ ਚਾਹੀਦੀਆਂ ਹਨ ਅਤੇ ਹਰ ਕੋਈ ਚਾਹ ਰਿਹਾ ਹੈ ਕਿ ਇਹ ਸਾਮਾਨ ਉਸ ਪਾਸ ਵੀ ਹੋਣਾ ਚਾਹੀਦਾ ਹੈ। ਇਸ ਕਰ ਕੇ ਅੱਜ ਜੀਵਨ ਬਹੁਤ ਮਹਿੰਗਾ ਹੋ ਗਿਆ ਹੈ। ਕੀਮਤਾਂ ਵਧ ਰਹੀਆਂ ਹਨ, ਲੋਕਾਂ ਦੀਆਂ ਲੋੜਾਂ ਵੀ ਵਧ ਰਹੀਆਂ ਹਨ। ਜਿਹੜੀ ਵੀ ਸਰਕਾਰ ਅੱਜ ਲੋਕਾਂ ਦੀਆਂ ਲੋੜਾਂ ਦਾ ਧਿਆਨ ਵਿਚ ਨਹੀਂ ਰੱਖ ਰਹੀ, ਉਹ ਸਰਕਾਰ ਪਰਜਾਤੰਤਰ ਨਹੀਂ ਰਹਿੰਦੀ। ਉਹ ਸਰਕਾਰ ਮੁਗ਼ਲਾਂ ਨਾਲੋਂ ਵੀ ਮਾੜੀ ਹੁੰਦੀ ਹੈ। ਮੁਗਲਾਂ ਨਾਲੋਂ ਤਾਂ ਅੰਗਰੇਜ਼ ਚੰਗੇ ਸਨ ਜਿਹੜੇ ਸਾਨੂੰ ਹੁਣ ਵਾਲਾ ਪ੍ਰਸ਼ਾਸਨ ਦੇ ਗਏ ਅਤੇ ਅਸੀਂ ਲਗਭਗ ਉਹੀ ਪ੍ਰਸ਼ਾਸਨ ਚਲਾ ਰਹੇ ਹਾਂ। ਕਈ ਵਾਰ ਸੋਚਣਾ ਪੈ ਜਾਂਦਾ ਹੈ ਕਿ ਇਹੀ ਆਜ਼ਾਦੀ ਅਸੀਂ ਅਗਰ ਮੁਗਲਾਂ ਬਾਅਦ ਹਾਸਲ ਕਰ ਲੈਂਦੇ ਤਾਂ ਸਾਡਾ ਕੀ ਬਣਦਾ?
ਹੁਣ ਹਾਲ ਇਹ ਹੈ ਕਿ ਗਰੀਬ ਆਦਮੀ ਅੱਗੇ ਨਾਲੋਂ ਜ਼ਿਆਦਾ ਗਰੀਬ ਹੋ ਰਿਹਾ ਹੈ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸਾਡੀਆਂ ਸਰਕਾਰਾਂ ਦੀ ਸਮਝ ਵਿਚ ਇਹ ਗੱਲ ਆ ਜਾਣੀ ਚਾਹੀਦੀ ਹੈ ਕਿ ਹੁਣ ਇਹ ਜਿਹੜੀ ਰਫਤਾਰ ਨਾਲ ਤਰੱਕੀ ਹੋ ਰਹੀ ਹੈ, ਉਸ ਮੁਤਾਬਿਕ ਲੋਕਾਂ ਦੀ ਆਮਦਨ ਵੀ ਵਧਣੀ ਚਾਹੀਦੀ ਹੈ। ਇਹ ਕਿਵੇਂ ਵਧਾਈ ਜਾਵੇ? ਇਸ ਬਾਰੇ ਕਮਿਸ਼ਨ ਬਿਠਾਉਣਾ ਪਵੇਗਾ ਜਿਹੜਾ ਅੰਦਾਜ਼ਾ ਲਗਾ ਕੇ ਦੱਸੇ ਕਿ ਅੱਜ ਚਾਰ ਪੰਜ ਜੀਆਂ ਦੇ ਪਰਿਵਾਰ ਲਈ ਕੀ ਕੁਝ ਚਾਹੀਦਾ ਹੈ, ਕਿਤਨੀ ਕੁ ਆਮਦਨ ਚਾਹੀਦੀ ਹੈ ਅਤੇ ਫਿਰ ਇਹ ਵੀ ਪਤਾ ਲਗਾਉਣਾ ਹੈ ਕਿ ਇਹ ਆਮਦਨ ਆਵੇ ਤਾਂ ਆਵੇ ਕਿਥੋਂ। ਇਹ ਗਲਾਂ ਮੁਸ਼ਕਿਲ ਨਹੀਂ ਹਨ। ਸਾਡਾ ਦੇਸ਼ ਅਮੀਰ ਹੈ। ਕੁਦਰਤ ਦੀਆਂ ਸਾਰੀਆਂ ਇੱਥੇ ਮੌਜੂਦ ਹਨ। ਸਾਡੇ ਪਾਸ ਮਿਹਨਤੀ ਲੋਕ ਵੀ ਹਨ। ਅਗਰ ਸਾਡਾ ਪ੍ਰਾਈਵੇਟ ਸੈਕਟਰ ਇਤਨੀ ਤਰਕੀ ਕਰ ਬੈਠਾ ਹੈ ਤਾਂ ਅਸੀਂ ਇਹ ਕਿਉਂ ਨਹੀਂ ਆਖ ਸਕਦੇ ਕਿ ਸਾਡਾ ਸਰਕਾਰੀ ਸੈਕਟਰ ਵੀ ਤਰੱਕੀ ਕਰ ਸਕਦਾ ਹੈ। ਅਸੀਂ ਕਦੀ ਸਹਿਕਾਰੀ ਸਮਿਤੀਆਂ ਦੀ ਗਲ ਤੋਰੀ ਸੀ ਪਰ ਉਹ ਵੀ ਵਿਚ-ਵਿਚਾਲੇ ਪਈ ਹੈ।
ਮੁਲਕ ਆਜ਼ਾਦ ਹੈ, ਮੁਲਕ ਵਿਚ ਪਰਜਾਤੰਤਰ ਆ ਗਿਆ ਹੈ ਪਰ ਇਹ ਗੱਲਾਂ ਆਮ ਆਦਮੀ ਲਈ ਤਾਂ ਹੀ ਕੋਈ ਅਰਥ ਰਖਦੀਆਂ ਹਨ, ਅਗਰ ਹਰ ਕਿਸੇ ਪਾਸ ਲੋੜ ਮੁਤਾਬਕਿ ਵਸਤਾਂ ਆ ਜਾਣ। ਜੇ ਇਹੀ ਗੁਰਬਤ ਰਹੀ ਤਾਂ ਅਸੀਂ ਕਦੀ ਵੀ ਲੋਕਾਂ ਨੂੰ ਵਾਜਬ ਜੀਵਨ ਨਹੀਂ ਦੇ ਸਕਾਂਗੇ। ਇਸ ਲਈ ਅੱਜ ਵਕਤ ਆ ਗਿਆ ਹੈ ਕਿ ਸਾਡੇ ਮੁਲਕ ਦਾ ਹਰ ਆਦਮੀ ਇਹ ਸੋਚੇ ਕਿ ਇਹ ਜਿਹੜਾ ਮਾੜਾ ਜੀਵਨ ਬਣਿਆ ਹੈ, ਇਸ ਚੱਕਰ ਵਿਚੋਂ ਬਾਹਰ ਕਿਵੇੇਂ ਨਿਕਲਿਆ ਜਾਵੇ।
ਸੰਪਰਕ: 0175-5191856