ਛੱਟਾ ਚਾਨਣਾਂ ਦਾ ਦੇਈ ਜਾਣਾ

ਛੱਟਾ ਚਾਨਣਾਂ ਦਾ  ਦੇਈ ਜਾਣਾ

ਕਾਂਗੋ ਦੇ ਆਜ਼ਾਦੀ ਸੰਘਰਸ਼ ਦਾ ਨਾਇਕ ਲੰਮੂਬਾ

ਬੈਲਜੀਅਮ ਦੇ ਉੱਤਰ ਪੱਛਮ ਵਿਚ ਵੱਸਦੇ ਓਸਟੈਂਡ ਦੇ ਸ਼ਹਿਰ ਵਿਚ ਸਮੁੰਦਰ ਕਿਨਾਰੇ ਇਕ ਬੁੱਤ-ਲੜੀ ਹੈ ਜਿਹੜੀ 1931 ਵਿਚ ਐਲਫਰੈਡ ਕੂਰਟਨਸ (Alfred Courtens) ਨਾਂ ਦੇ ਬੁੱਤਘਾੜੇ ਅਤੇ ਉਸ ਦੇ ਭਰਾ ਨੇ ਬਣਾਈ ਸੀ। ਬੁੱਤ ਵਿਚ ਬੈਲਜੀਅਮ ਦਾ ਬਾਦਸ਼ਾਹ ਲਿਓਪੋਲਡ (ਦੂਸਰਾ) ਘੋੜੇ ’ਤੇ ਚੜ੍ਹਿਆ ਉੱਚੀ ਥਾਂ ’ਤੇ ਖੜ੍ਹਾ ਹੈ; ਉਸ ਦੇ ਸਾਹਮਣੇ ਕਾਂਗੋ ਦੇਸ਼ ਦਾ ਇਕ ਸਿਆਹਫ਼ਾਮ ਬੰਦਾ ਹੱਥ ਉੱਚਾ ਕਰ ਕੇ ਖੜ੍ਹਾ ਹੈ, ਉਸ ਦਾ ਧੰਨਵਾਦ ਕਰਦਾ ਹੋਇਆ; ਬਾਦਸ਼ਾਹ ਦੇ ਸੱਜੇ-ਖੱਬੇ ਕਾਂਗੋ ਦੇ ਮਛੇਰਿਆਂ ਅਤੇ ਮਛੇਰਨਾਂ ਦੇ ਬੁੱਤ ਹਨ, ਉਹ ਵੀ ਬਾਦਸ਼ਾਹ ਦਾ ਸ਼ੁਕਰੀਆ ਅਦਾ ਕਰ ਰਹੇ ਹਨ।

2004 ਵਿਚ ਕਿਸੇ ਨੇ ਬਾਦਸ਼ਾਹ ਦੇ ਸਾਹਮਣੇ ਖੜ੍ਹੇ ਸਿਆਹਫ਼ਾਮ ਨੌਜਵਾਨ ਦਾ ਖੱਬਾ ਹੱਥ ਤੋੜ ਕੇ ਚੋਰੀ ਕਰ ਲਿਆ। ਪੁਲੀਸ ਨੇ ਬਹੁਤ ਤਫ਼ਤੀਸ਼ ਕੀਤੀ, ਇਕ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਪਰ ਤੋੜ-ਭੰਨ ਅਤੇ ਚੋਰੀ ਕਰਨ ਵਾਲੇ ਦਾ ਪਤਾ ਨਾ ਲੱਗਾ। 2019 ਵਿਚ ਜਦ ਬੈਲਜੀਅਮ ਦਾ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਗੈਂਟ ਸ਼ਹਿਰ ਵਿਚ ਭਾਸ਼ਣ ਦੇ ਰਿਹਾ ਸੀ ਤਾਂ ਪੀਟ ਵਿਟੇਵਰੌਂਗਲ ਨਾਂ ਦਾ ਸ਼ਖ਼ਸ ਉਸ ਬੁੱਤ ਦਾ ਟੁੱਟਾ ਹੋਇਆ ਹੱਥ ਲੈ ਕੇ ਖੜ੍ਹਾ ਹੋ ਗਿਆ। ਉਹ ‘ਬਹਾਦਰ ਓਸਟੈਂਡ-ਵਾਸੀ (Bold Ostenders)’ ਨਾਂ ਦੇ ਬਸਤੀਵਾਦੀ ਵਿਰੋਧੀ ‘ਸਮਾਜਿਕ ਕਾਰਕੁਨਾਂ ਦੇ ਗਰੁੱਪ’ ਦਾ ਮੈਂਬਰ ਸੀ। 22 ਫਰਵਰੀ 2019 ਨੂੰ ਡੇਨੀਅਲ ਬੋਫੀ ਦੀ ‘ਦਿ ਗਾਰਡੀਅਨ’ ਵਿਚ ਛਪੀ ਰਿਪੋਰਟ ਅਨੁਸਾਰ ਪੀਟ ਨੇ ਉਸ ਗਰੁੱਪ ਵੱਲੋਂ ਮੰਗ ਕੀਤੀ, ‘‘ਅਸੀਂ ਹੱਥ ਵਾਪਸ ਦੇਣ ਲਈ ਤਿਆਰ ਹਾਂ ਪਰ ਸਾਨੂੰ ਭਰੋਸਾ ਦਿਵਾਓ ਕਿ ਬੈਲਜੀਅਮ ਦਾ ਸ਼ਾਹੀ ਖ਼ਾਨਦਾਨ ਉਸ ਬਸਤੀ (ਭਾਵ ਕਾਂਗੋ) ਵਿਚ ਕੀਤੇ ਜ਼ੁਲਮਾਂ ਲਈ ਮੁਆਫ਼ੀ ਮੰਗੇਗਾ। ਇਹ ਮੰਨਿਆ ਜਾਵੇ ਕਿ ਸਾਡਾ  (ਬੈਲਜੀਅਮ ਦਾ) ਬਸਤੀਵਾਦੀ ਪਿਛੋਕੜ ਕਿੰਨਾ ਗੰਦਾ ਸੀ। ਕਾਂਗੋ ਦੇ ਕਤਲ ਕੀਤੇ ਗਏ ਪ੍ਰਧਾਨ ਮੰਤਰੀ ਪੈਟਰਿਸ ਲੰਮੂਬਾ ਦਾ ਦੰਦ, ਜਿਹੜਾ ਬਰੱਸਲਜ (ਬੈਲਜੀਅਮ ਦੀ ਰਾਜਧਾਨੀ) ਦੇ ਸ਼ਾਹੀ ਮਹਿਲ ਵਿਚ ਰੱਖਿਆ ਹੋਇਆ ਹੈ, ਵਾਪਸ ਕੀਤਾ ਜਾਵੇ। ਉਸ ਬੰਦੇ ਦੀ ਏਹੀ ਨਿਸ਼ਾਨੀ ਬਚੀ ਏ।’’

17 ਜਨਵਰੀ 1961 ਨੂੰ ਬੈਲਜੀਅਮ ਦੇ ਭਾੜੇ ਦੇ ਸੈਨਿਕਾਂ ਅਤੇ ਵੱਖਵਾਦੀਆਂ ਨੇ ਪੈਟਰਿਸ ਲੰਮੂਬਾ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਸਰੀਰ ਨੂੰ ਤੇਜ਼ਾਬ ਪਾ ਕੇ ਸਾੜ ਦਿੱਤਾ ਸੀ। ਉਸ ਦਾ ਸਿਰਫ਼ ਇਕ ਦੰਦ ਬਚਿਆ ਸੀ ਜੋ ਕਤਲ ਕਰਨ ਵਾਲੇ ਬੈਲਜੀਅਨ ਅਫ਼ਸਰ ਨੇ ਬੈਲਜੀਅਮ ਲੈ ਆਂਦਾ। 20 ਜੂਨ 2022 ਨੂੰ ਬੈਲਜੀਅਮ ਸਰਕਾਰ ਨੇ ਲੰਮੂਬਾ ਦਾ ਦੰਦ ਵਾਪਸ ਕਰ ਦਿੱਤਾ ਸੀ। ਇਹ ਦੰਦ ਹੁਣ ਕਾਂਗੋ ਲਿਜਾਇਆ ਗਿਆ ਹੈ ਜਿੱਥੇ ਇਹ 30 ਜੂਨ ਨੂੰ ਕਾਂਗੋ ਦੇ ਆਜ਼ਾਦੀ ਦਿਵਸ ਵਾਲੇ ਦਿਨ ਦਫ਼ਨਾਇਆ ਜਾਵੇਗਾ।

ਇਸ ਬਾਰੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਕਿਹਾ ਹੈ, ‘‘ਇਹ ਬਹੁਤ ਪੀੜ ਭਰਿਆ ਅਤੇ ਅਣਸੁਖਾਵਾਂ ਸੱਚ ਹੈ ਪਰ ਇਹ ਬੋਲਣਾ ਪੈਣਾ ਹੈ... ਉਸ ਮਨੁੱਖ ਦਾ ਉਸ ਦੇ ਸਿਆਸੀ ਨਿਸ਼ਚਿਆਂ, ਉਸ ਦੇ ਸ਼ਬਦਾਂ ਅਤੇ ਉਸ ਦੇ ਆਦਰਸ਼ਾਂ ਕਾਰਨ ਕਤਲ ਕੀਤਾ ਗਿਆ ਸੀ।’’ ਇਹ ਸ਼ਬਦ ਉਸ ਜਬਰ ਤੇ ਜ਼ੁਲਮ ਦੀ ਉਹ ਕਹਾਣੀ ਬਿਆਨ ਨਹੀਂ ਕਰ ਸਕਦੇ ਜੋ ਬੈਲਜੀਅਮ ਦੇ ਬਾਦਸ਼ਾਹ ਅਤੇ ਸਰਕਾਰ ਨੇ ਕਾਂਗੋ ਦੇ ਲੋਕਾਂ ’ਤੇ ਢਾਹੇ। ਲੱਖਾਂ ਲੋਕ ਕਤਲ ਕੀਤੇ ਅਤੇ ਗ਼ੁਲਾਮ ਬਣਾਏ ਗਏ, ਔਰਤਾਂ ਨਾਲ ਜਬਰ-ਜਨਾਹ ਹੋਏ, ਹਾਥੀ-ਦੰਦ, ਧਾਤਾਂ ਅਤੇ ਹੋਰ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਹੋਈ; ਹਜ਼ਾਰਾਂ ਲੋਕਾਂ ਨੂੰ ਕਰੂਰ ਸਜ਼ਾਵਾਂ ਦਿੱਤੀਆਂ ਗਈਆਂ; ਖੱਬਾ ਹੱਥ ਵੱਢ ਦੇਣਾ ਕਾਨੂੰਨੀ ਮਾਨਤਾ ਪ੍ਰਾਪਤ ਸਜ਼ਾ ਸੀ; ਇਸੇ ਲਈ ‘ਬਹਾਦਰ ਓਸਟੈਂਡ-ਵਾਸੀ’ ਨਾਂ ਦੇ ਗਰੁੱਪ ਨੇ ਬੁੱਤ-ਲੜੀ ਵਿਚਲੇ ਬੰਦੇ ਦਾ ਖੱਬਾ ਹੱਥ ਤੋੜਿਆ ਸੀ।

ਗ਼ੁਲਾਮੀ ਅਤੇ ਬਸਤੀਵਾਦ ਦੀ ਦਾਸਤਾਨ

ਕਾਂਗੋ ਅਫ਼ਰੀਕਾ ਦੇ ਕੇਂਦਰ ਵਿਚ ਵੱਸਦਾ ਦੇਸ਼ ਹੈ। ਦੇਸ਼ ਦਾ ਨਾਂ ਕਾਂਗੋ ਦਰਿਆ, ਜੋ ਦੁਨੀਆ ਦਾ ਸਭ ਤੋਂ ਡੂੰਘਾ ਤੇ ਪਾਣੀ ਦੀ ਮਿਕਦਾਰ ਦੇ ਮਾਪਦੰਡ ਤੋਂ ਦੂਸਰਾ ਵੱਡਾ ਦਰਿਆ ਹੈ, ਦੇ ਨਾਂ ’ਤੇ ਹੈ। ਇੱਥੇ ਕਈ ਕਬੀਲਿਆਂ ਦੇ ਲੋਕ ਵੱਸਦੇ ਹਨ। 1870 ਵਿਚ ਇੱਥੇ ਬੈਲਜੀਅਮ ਦਾ ਕਬਜ਼ਾ ਹੋ ਗਿਆ; 1885 ਵਿਚ ਯੂਰਪੀ ਤਾਕਤਾਂ ਦੀ ਬਰਲਿਨ ਵਿਚ ਹੋਈ ਕਾਨਫਰੰਸ ਦੌਰਾਨ ਇਹ ਪੂਰਾ ਦੇਸ਼ ਉਸ ਵੇਲੇ ਦੇ ਬੈਲਜੀਅਮ ਦੇ ਬਾਦਸ਼ਾਹ ਲਿਓਪੋਲਡ (ਦੂਸਰੇ) ਦੀ ਨਿੱਜੀ ਜਾਇਦਾਦ ਮੰਨਿਆ ਗਿਆ ਅਤੇ ਇਸ ਦਾ ਨਾਂ ‘ਕਾਂਗੋ ਦੀ ਆਜ਼ਾਦ ਰਿਆਸਤ (Free State of Congo)’ ਰੱਖਿਆ ਗਿਆ। 1885 ਤੋਂ 1908 ਤਕ ਲਿਓਪੋਲਡ (ਦੂਸਰੇ) ਦੀ ਅਗਵਾਈ ਵਿਚ ਅੰਨ੍ਹੀ ਲੁੱਟ ਮਚਾਈ ਗਈ। ਪਹਿਲਾਂ ਸਭ ਤੋਂ ਜ਼ਿਆਦਾ ਵਪਾਰ ਹਾਥੀਦੰਦਾਂ ਦਾ ਸੀ ਜਿਸ ਲਈ ਹਾਥੀ ਮਾਰੇ ਜਾਂਦੇ ਤੇ ਹਾਥੀਦੰਦ ਬੈਲਜੀਅਮ ਅਤੇ ਯੂਰਪ ਵਿਚ ਭੇਜੇ ਜਾਂਦੇ ਸਨ। ਇਸ ਤੋਂ ਬਾਅਦ ਕਬਾਇਲੀ ਲੋਕਾਂ ਤੋਂ ਰਬੜ ਦੀ ਜਬਰੀ ਖੇਤੀ ਕਰਾਈ ਗਈ। ਜਿਹੜੇ ਕਬਾਇਲੀ ਰਬੜ ਦੀ ਨਿਰਧਾਰਿਤ ਕੀਤੀ ਮਾਤਰਾ ਪੈਦਾ ਨਹੀਂ ਸਨ ਕਰ ਸਕਦੇ, ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ। ਕਬਾਇਲੀ ਲੋਕਾਂ ’ਤੇ ਇੰਨਾ ਜ਼ੁਲਮ ਹੋਇਆ ਕਿ 1904 ਤਕ ਕਾਂਗੋ ਦੀ ਵੱਸੋਂ 1885 ਦੇ ਮੁਕਾਬਲੇ ਅੱਧੀ ਰਹਿ ਗਈ ਸੀ। ਲੱਖਾਂ ਲੋਕ ਬਿਮਾਰੀਆਂ, ਭੁੱਖਮਰੀ ਤੇ ਕਾਲ ਦਾ ਸ਼ਿਕਾਰ ਹੋਏ।

ਇਸ ਜ਼ੁਲਮ-ਜਬਰ ਦੀ ਕਹਾਣੀ ਸਾਹਿਤ ਵਿਚ ਕਈ ਲਿਖ਼ਤਾਂ ਰਾਹੀਂ ਉਜਾਗਰ ਹੋਈ; ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਜੋਸਫ ਕੋਨਾਰਡ ਦੀ ਲਿਖਤ ‘ਨ੍ਹੇਰੇ ਦਾ ਦਿਲ (Heart of Darkness)’ ਹੈ; ਇਸ ਛੋਟੇ ਜਿਹੇ ਨਾਵਲ ’ਤੇ ਸਭ ਤੋਂ ਜ਼ਿਆਦਾ ਖੋਜ-ਵਿਸ਼ਲੇਸ਼ਣ ਹੋਇਆ ਹੈ। ਇਸ ਵਿਚ ਕੋਨਾਰਡ 1892 ਵਿਚ ਕਾਂਗੋ ਵਿਚ ਆਪਣੇ ਅਨੁਭਵ ਬਾਰੇ ਦੱਸਦਾ ਹੈ; ਉਸ ਨੇ ਕਾਂਗੋ ਦੇ ਮੂਲ ਵਾਸੀਆਂ ਨੂੰ ਇਕ ਨਾ ਜਾਣੀ ਜਾ ਸਕਣ ਵਾਲੀ, ਅਪਹੁੰਚ, ਹਨੇਰੇ ਭਰੀ, ਕਾਲੀ ਅਤੇ ਅਣਮਨੁੱਖਤਾ ਦੇ ਲਾਗੇ-ਚਾਗੇ ਭਟਕਦੀ ਲੋਕਾਈ ਵਜੋਂ ਚਿਤਰਿਆ। ਕੁਝ ਆਲੋਚਕਾਂ ਅਨੁਸਾਰ ਕੋਨਾਰਡ ਕਾਂਗੋ ਵਿਚ ਹੋ ਰਹੇ ਜ਼ੁਲਮ ਨੂੰ ਜ਼ੁਲਮ ਵਜੋਂ ਚਿਤਰਣ ਵਜੋਂ ਸਫ਼ਲ ਹੋਇਆ। ਕੁਝ ਆਲੋਚਕ ਇਸ ਨਾਵਲ ਨੂੰ ਬਸਤੀਵਾਦੀ ਤੇ ਨਸਲੀ ਰਚਨਾ ਮੰਨਦੇ ਹਨ ਜਿਸ ਵਿਚ ਅਫ਼ਰੀਕਾ ਨੂੰ ਇਕ ਅਣਮਨੁੱਖੀ ਅਤੇ ਹਨੇਰੇ ਭਰੀ ਧਰਤੀ ਵਜੋਂ ਚਿਤਰਿਆ ਗਿਆ ਹੈ। ਆਲੋਚਕਾਂ ਅਨੁਸਾਰ ਕੋਨਾਰਡ ਕਾਂਗੋ ਵਾਸੀਆਂ ਨੂੰ ਅਸੱਭਿਅਕ, ਪੱਛੜੇ ਹੋਏ ਅਤੇ ਵਹਿਸ਼ੀ ਅਰਧ-ਮਨੁੱਖ ਸਮਝਦਾ ਸੀ।

ਲਿਓਪੋਲਡ (ਦੂਸਰੇ) ਦੇ ਜ਼ੁਲਮਾਂ ਦੀਆਂ ਕਹਾਣੀਆਂ ਇੰਨੀਆਂ ਫੈਲੀਆਂ ਕਿ ਉੱਘੇ ਅਮਰੀਕੀ ਲੇਖਕ ਮਾਰਕ ਟਵੇਨ ਨੇ ਉਸ ’ਤੇ ਇਕ ਵਿਅੰਗ-ਕਿਤਾਬਚਾ ‘ਬਾਦਸ਼ਾਹ ਲਿਓਪੋਲਡ ਦੀ ਆਤਮਬਚਨੀ (King Leopold’s Soliloquy)’ ਲਿਖਿਆ। ਲਿਓਪੋਲਡ ਦੇ ਜ਼ੁਲਮਾਂ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ। ਬਹੁਤ ਬਦਨਾਮੀ ਹੋਣ ਅਤੇ ਯੂਰਪੀ ਤੇ ਅਮਰੀਕੀ ਸੁਧਾਰਵਾਦੀਆਂ ਦੇ ਦਬਾਅ ਕਾਰਨ 1908 ਵਿਚ ਲਿਓਪੋਲਡ ਨੇ ਕਾਂਗੋ ਦੇਸ਼, ਜੋ ਉਸ ਦੀ ਨਿੱਜੀ ਜਾਇਦਾਦ ਸੀ, ਨੂੰ ਬੈਲਜੀਅਮ ਦੀ ਸਰਕਾਰ ਨੂੰ ਦੇ ਦਿੱਤਾ। ਇਸ ਦਾ ਨਾਂ ‘ਬੈਲਜੀਅਮ ਕਾਂਗੋ’ ਰੱਖਿਆ ਗਿਆ। ਦੇਸ਼ ਦਾ ਨਾਂ ਬਦਲਿਆ ਪਰ ਲੁੱਟ ਅਤੇ ਜ਼ੁਲਮ ਉਸੇ ਤਰ੍ਹਾਂ ਜਾਰੀ ਰਿਹਾ - ਹਾਂ ਕੁਝ ਤਬਦੀਲੀ ਆਈ, ਜਿਵੇਂ ਬਸਤੀਵਾਦੀ ਸਰਕਾਰਾਂ ਕਰਦੀਆਂ ਸਨ, ਬੈਲਜੀਅਮ ਸਰਕਾਰ ਨੇ ਨਿਗੂਣੀ ਪੱਧਰ ’ਤੇ ਕੁਝ ਪੜ੍ਹਾਈ ਤੇ ਸਿਹਤ-ਸੰਭਾਲ ਦੀਆਂ ਸਹੂਲਤਾਂ ਦਿੱਤੀਆਂ; ਕੋਈ ਸਿਆਸੀ ਸਰਗਰਮੀਆਂ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਬੈਲਜੀਅਨ ਫ਼ੌਜ (ਜਿਸ ਵਿਚ ਕਾਂਗੋ ਵਾਸੀ ਭਰਤੀ ਕੀਤੇ ਜਾਂਦੇ ਸਨ ਤੇ ਕਮਾਨ ਬੈਲਜੀਅਮ ਦੇ ਜਰਨੈਲਾਂ ਕੋਲ ਸੀ) ਸਥਾਨਕ ਬਗ਼ਾਵਤਾਂ ਨੂੰ ਦਬਾਉਂਦੀ ਰਹੀ।

ਕਾਂਗੋ ਦੀ ਆਜ਼ਾਦੀ

ਇਹ ਕਹਾਣੀ ਬਹੁਤ ਲੰਮੀ ਹੈ। 30 ਜੂਨ 1960 ਨੂੰ ਕਾਂਗੋ ਨੂੰ ਆਜ਼ਾਦੀ ਮਿਲੀ। ਕਾਂਗੋ ਵਿਚਲੇ ਕਬੀਲਿਆਂ ਵਿਚ ਆਪਸੀ ਵੈਰ-ਵਿਰੋਧ ਬਹੁਤ ਜ਼ਿਆਦਾ ਸੀ। ਕਈ ਪਾਰਟੀਆਂ ਸਨ। ਬੈਲਜੀਅਮ ਸਰਕਾਰ ਆਜ਼ਾਦੀ ਦੇਣ ਲਈ ਤਾਂ ਮਜਬੂਰ ਸੀ ਪਰ ਉਹ ਕਾਂਗੋ ਵਿਚ ਆਪਣਾ ਪ੍ਰਭਾਵ ਅਤੇ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਜਾਰੀ ਰੱਖਣਾ ਚਾਹੁੰਦੀ ਸੀ। ਇਨ੍ਹਾਂ ਸਭ ਆਪਾ-ਵਿਰੋਧਾਂ ਦੇ ਚੱਲਦਿਆਂ ਜੋਸਫ ਕਾਸਾ-ਵੁਬੂ (Joseph Kasa Vubu) ਨੂੰ ਰਾਸ਼ਟਰਪਤੀ ਬਣਾਇਆ ਗਿਆ ਅਤੇ ਆਜ਼ਾਦੀ ਸੰਘਰਸ਼ ਦਾ ਆਗੂ ਪੈਟਰਿਸ ਲੰਮੂਬਾ, ਜਿਸ ਦੀ ਪਾਰਟੀ ਨੇ ਚੋਣਾਂ ਜਿੱਤੀਆਂ ਸਨ, ਪ੍ਰਧਾਨ ਮੰਤਰੀ ਬਣਿਆ।

ਦੇਸ਼ ਵਿਚ ਅਫ਼ਰਾ-ਤਫ਼ਰੀ ਮਚੀ ਹੋਈ ਸੀ, ਕਦੇ ਕਿਤੇ ਬਗ਼ਾਵਤ ਹੁੰਦੀ, ਕਦੇ ਕਿਤੇ। ਮੰਤਰੀ ਤੇ ਕਬਾਇਲੀ ਮੁਖੀ ਦੌਲਤ ਇਕੱਠੀ ਕਰ ਰਹੇ ਸਨ; ਕਿਸੇ ਗੱਲ ਉੱਤੇ ਸਹਿਮਤੀ ਨਹੀਂ ਸੀ ਹੁੰਦੀ; ਬੈਲਜੀਅਮ ਸਰਕਾਰ ਨੇ ਕਈ ਕਬੀਲਿਆਂ ਨੂੰ ਭੜਕਾਇਆ। ਦੱਖਣ ਵਿਚ 11 ਜੁਲਾਈ 1960 ਨੂੰ ਕਤਾਂਗਾ (Katanga) ਨਾਂ ਦੇ ਖੇਤਰ ਨੇ ਆਜ਼ਾਦੀ ਦਾ ਐਲਾਨ ਕਰ ਦਿੱਤਾ। ਲੰਮੂਬਾ ਘਾਨਾ ਦੇ ਰਾਸ਼ਟਰਪਤੀ ਕਵਾਮੇ ਐਨਕਰੂਮਾ (Kwame Nkrumah) ਤੋਂ ਬਹੁਤ ਪ੍ਰਭਾਵਿਤ ਸੀ; ਐਨਕਰੂਮਾ ਦੀ ਤਰਜ਼ ’ਤੇ ਉਸ ਨੇ ਫ਼ੌਜ ਤੇ ਸਰਕਾਰ ਦਾ ਅਫ਼ਰੀਕੀਕਰਨ ਕਰਨ ਦੀ ਕੋਸ਼ਿਸ਼ ਕੀਤੀ। ਫ਼ੌਜ ਵਿਚ ਉਸ ਨੇ ਜੋਸਫ ਮੋਬੂਤੂ (Joseph Mobutu) ਨੂੰ ਮਹੱਤਵਪੂਰਨ ਅਹੁਦਾ ਦਿੱਤਾ। ਲੰਮੂਬਾ ਨੇ ਅਮਰੀਕਾ, ਕੈਨੇਡਾ ਅਤੇ ਸੰਯੁਕਤ ਰਾਸ਼ਟਰ ਨੂੰ ਮਦਦ ਲਈ ਅਪੀਲ ਕੀਤੀ ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ; ਉਸ ਨੇ ਦੇਸ਼ ਦੀਆਂ ਖਾਣਾਂ ਦਾ ਪ੍ਰਬੰਧ ਕਰਨ ਲਈ ਇਕ ਅਮਰੀਕੀ ਕੰਪਨੀ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਅਮਰੀਕਾ, ਕੈਨੇਡਾ ਅਤੇ ਕਈ ਹੋਰ ਦੇਸ਼ਾਂ ਦਾ ਦੌਰਾ ਕੀਤਾ ਪਰ ਕੋਈ ਮਦਦ ਨਾ ਮਿਲੀ। ਅੰਤ ਵਿਚ ਉਸ ਨੇ ਸੋਵੀਅਤ ਯੂਨੀਅਨ ਨੂੰ ਮਦਦ ਕਰਨ ਦੀ ਅਪੀਲ ਕੀਤੀ।

ਅਮਰੀਕੀ ਰਾਸ਼ਟਰਪਤੀ ਡੀ.ਡੀ. ਆਈਜ਼ਨਹਾਵਰ

ਲੰਮੂਬਾ ਦਾ ਕਤਲ

ਦੂਸਰੀ ਆਲਮੀ ਜੰਗ ਤੋਂ ਬਾਅਦ ਵਿਸ਼ਵ-ਸ਼ਕਤੀ ਬਣ ਕੇ ਉੱਭਰਿਆ ਅਮਰੀਕਾ ਇਸ ਸਭ ਕੁਝ ਨੂੰ ਬੜੇ ਧਿਆਨ ਨਾਲ ਦੇਖ ਅਤੇ ਏਸ਼ੀਆ ਤੇ ਅਫ਼ਰੀਕਾ ਦੇ ਦੇਸ਼ਾਂ ਵਿਚ ਦਖ਼ਲ ਦੇ ਰਿਹਾ ਸੀ। ਉਸ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਡੀਡੀ ਆਈਜ਼ਨਹਾਵਰ ਸੀ ਅਤੇ ਕੇਂਦਰੀ ਖ਼ੁਫ਼ੀਆ ਏਜੰਸੀ (Central Intelligence Agency-ਸੀਆਈਏ) ਦਾ ਡਾਇਰੈਕਟਰ ਐਲਨ ਡਲਸ (Allen Dulles) ਸੀ। ਰਾਸ਼ਟਰਪਤੀ ਆਈਜ਼ਨਹਾਵਰ ਦੀ ਸਰਕਾਰ ਦੀਆਂ ਨਜ਼ਰਾਂ ਵਿਚ ਲੰਮੂਬਾ ਇਕ ਕਮਿਊਨਿਸਟ ਅਤੇ ਅਫ਼ਰੀਕਾਵਾਦੀ ਸੀ; ਆਈਜ਼ਨਹਾਵਰ ਨੇ ਸੀਆਈਏ ਨੂੰ ਲੰਮੂਬਾ ਨੂੰ ਕਤਲ ਕਰਨ ਦੇ ਹੁਕਮ ਦਿੱਤੇ। ਏਜੰਸੀ ਦੇ ਡਾਇਰੈਕਟਰ ਨੇ ਇਸ ਕੰਮ ਲਈ ਇਕ ਲੱਖ ਡਾਲਰ ਦਾ ਬਜਟ ਰੱਖਿਆ। ਸੀਆਈਏ ਨੇ ਲੰਮੂਬਾ ਨੂੰ ਜ਼ਹਿਰ ਦੇ ਕੇ ਮਾਰਨ ਅਤੇ ਕਤਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਹ ਸਭ ਭੇਤ 1975 ਵਿਚ ਅਮਰੀਕੀ ਸੰਸਦ ਦੀ ਸੈਨੇਟਰ ਫਰੈਂਕ ਚਰਚ ਦੀ ਅਗਵਾਈ ਵਾਲੀ ਚਰਚ ਕਮੇਟੀ ਦੌਰਾਨ ਸਰਕਾਰੀ ਤੌਰ ’ਤੇ ਮੰਨੇ ਗਏ। ਸੀਆਈਏ ਨੇ ਲੰਮੂਬਾ ਦੇ ਵਿਰੋਧੀ ਸਿਆਸਤਦਾਨਾਂ ਅਤੇ ਫ਼ੌਜੀ ਜਰਨੈਲਾਂ, ਜਿਨ੍ਹਾਂ ਵਿਚ ਰਾਸ਼ਟਰਪਤੀ ਜੋਸਫ ਕਾਸਾ-ਵੁਬੂ ਅਤੇ ਸੈਨਿਕ ਅਧਿਕਾਰੀ ਜੋਸਫ ਮੋਬੂਤੂ ਸ਼ਾਮਲ ਸਨ, ਨੂੰ ਪੈਸੇ ਦਿੱਤੇ। ਇੰਗਲੈਂਡ ਦੀ ਖ਼ੁਫ਼ੀਆ ਏਜੰਸੀ ਐੱਮ ਸਿਕਸਟੀਨ ਸੀਆਈਏ ਨਾਲ ਸਹਿਯੋਗ ਕਰ ਰਹੀ ਸੀ; ਕੁਝ ਵਰ੍ਹੇ ਪਹਿਲਾਂ ਐੱਮ ਸਿਕਸਟੀਨ ਦੇ ਏਜੰਟਾਂ ਨੇ ਦਾਅਵਾ ਕੀਤਾ ਸੀ ਕਿ ਸਭ ਕੁਝ ਉਨ੍ਹਾਂ ਨੇ ਵਿਉਂਤਿਆ ਸੀ।

ਅਮਰੀਕਾ ਅਤੇ ਸੰਯੁਕਤ ਰਾਸ਼ਟਰ ਤੋਂ ਮਦਦ ਨਾ ਮਿਲਣ ’ਤੇ ਲੰਮੂਬਾ ਨੇ ਸੋਵੀਅਤ ਯੂਨੀਅਨ ਨੂੰ ਫ਼ੌਜਾਂ ਦੀ ਇਕ ਟੁਕੜੀ ਭੇਜਣ ਲਈ ਕਿਹਾ ਸੀ। ਇਸ ਨੂੰ ਬਹਾਨਾ ਬਣਾ ਕੇ ਰਾਸ਼ਟਰਪਤੀ ਜੋਸਫ ਕਾਸਾ-ਵੁਬੂ ਨੇ 5 ਸਤੰਬਰ 1960 ਨੂੰ ਲੰਮੂਬਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ। ਲੰਮੂਬਾ ਅਤੇ ਉਹਦੇ ਹਮਾਇਤੀਆਂ ਨੇ ਆਪਣਾ ਸੰਘਰਸ਼ ਸ਼ੁਰੂ ਕੀਤਾ। ਅਫ਼ਰੀਕੀ ਲੀਡਰਾਂ ਨੇ ਕਾਸਾ-ਵੁਬੂ ਅਤੇ ਲੰਮੂਬਾ ਵਿਚ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਕਾਂਗੋ ਵਿਚ ਸੰਯੁਕਤ ਰਾਸ਼ਟਰ ਦੇ ਕੁਝ ਸੁਰੱਖਿਆ ਬਲ ਵੀ ਸਨ ਜਿਨ੍ਹਾਂ ਦੀ ਕਮਾਨ ਭਾਰਤੀ ਸਫ਼ੀਰ ਰਾਜੇਸ਼ਵਰ ਦਿਆਲ ਕੋਲ ਸੀ; ਉਸ ਨੇ ਵੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਸਭ ਕੋਸ਼ਿਸ਼ਾਂ ਅਸਫ਼ਲ ਹੋਈਆਂ। ਰਾਸ਼ਟਰਪਤੀ ਕਾਸਾ-ਵੁਬੂ ਸੀਆਈਏ ਅਤੇ ਇੰਗਲੈਂਡ ਦੀ ਖ਼ੁਫ਼ੀਆ ਏਜੰਸੀ ਐੱਮ ਸਿਕਸਟੀਨ (M-16) ਦੀ ਸਲਾਹ ਮੰਨ ਰਿਹਾ ਸੀ। 14 ਸਤੰਬਰ 1960 ਨੂੰ ਲੰਮੂਬਾ ਦੁਆਰਾ ਹੀ ਨਾਮਜ਼ਦ ਕੀਤੇ ਗਏ ਫ਼ੌਜੀ ਅਧਿਕਾਰੀ ਮੋਬੂਤੂ ਨੇ ਵੀ ਲੰਮੂਬਾ ਨੂੰ ਧੋਖਾ ਦਿੱਤਾ। ਉਸ ਨੇ ਵੀ ‘ਸ਼ਾਂਤਮਈ ਇਨਕਲਾਬ’ ਕਰਨ ਦਾ ਐਲਾਨ ਕੀਤਾ। ਲੰਮੂਬਾ ਨੇ ਮੋਬੂਤੂ ਨੂੰ ਮਨਾਉਣ ਦਾ ਬਹੁਤ ਯਤਨ ਕੀਤਾ ਪਰ ਅਸਫ਼ਲ ਰਿਹਾ। 7 ਅਕਤੂਬਰ 1960 ਨੂੰ ਲੰਮੂਬਾ ਨੇ ਨਵੀਂ ਸਰਕਾਰ ਬਣਾਉਣ ਦਾ ਐਲਾਨ ਕੀਤਾ ਪਰ ਅਮਰੀਕਾ, ਇੰਗਲੈਂਡ ਤੇ ਬੈਲਜੀਅਮ ਨੇ ਕੁਝ ਵੀ ਸਫ਼ਲ ਨਾ ਹੋਣ ਦਿੱਤਾ। ਦਸੰਬਰ 1960 ਵਿਚ ਮੋਬੂਤੂ ਦੇ ਫ਼ੌਜੀਆਂ ਨੇ ਲੰਮੂਬਾ ਨੂੰ ਗ੍ਰਿਫ਼ਤਾਰ ਕਰ ਲਿਆ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਡਾਗ ਹੈਮਰਸ਼ੋਲਡ (Dag Hammarskjold) ਅਤੇ ਸੋਵੀਅਤ ਯੂਨੀਅਨ ਨੇ ਉਸ ਨੂੰ ਬਚਾਉਣ ਲਈ ਅਪੀਲ ਕੀਤੀ।

17 ਜਨਵਰੀ 1961 ਨੂੰ ਲੰਮੂਬਾ ਨੂੰ ਕਾਂਗੋ ਦੇ ਦੱਖਣ ਵਿਚ ਬਾਗ਼ੀਆਂ ਦੇ ਕਬਜ਼ੇ ਹੇਠਲੇ ਕਤਾਂਗਾ ਖੇਤਰ ਦੇ ਐਲਿਜ਼ਾਬੈਥਵਿਲ (Elisabethville ਹੁਣ ਦਾ ਨਾਂ ਲੂਬਮਬਾਸ਼ੀ) ਲਿਜਾਇਆ ਗਿਆ। ਇੱਥੇ ਬਾਗ਼ੀਆਂ ਦਾ ਰਾਜ ਸੀ ਪਰ ਅਸਲੀ ਤਾਕਤ ਬੈਲਜੀਅਮ ਦੀ ਧਾਤਾਂ ਦੀ ਖੁਦਾਈ ਕਰਨ ਵਾਲੀ ਇਕ ਕੰਪਨੀ ਕੋਲ ਸੀ। ਕਾਂਗੋ ਦਾ ਸੀਆਈਏ ਮੁਖੀ ਇਸ ਸ਼ਹਿਰ ਵਿਚ ਮੌਜੂਦ ਬੈਲਜੀਅਨ ਅਫ਼ਸਰਾਂ ਦੇ ਸੰਪਰਕ ਵਿਚ ਸੀ। ਇੰਗਲੈਂਡ ਦੀ ਖ਼ੁਫ਼ੀਆ ਏਜੰਸੀ ਐੱਮ ਸਿਕਸਟੀਨ ਵੀ ਪੂਰਾ ਸਹਿਯੋਗ ਦੇ ਰਹੀ ਸੀ। ਕਮਾਨ ਸ਼ਹਿਰ ਦੇ ਪੁਲੀਸ ਕਮਿਸ਼ਨਰ ਫਰਾਂਸ ਵਰਸ਼ੀਵ ਦੇ ਹੱਥ ਵਿਚ ਸੀ। 17 ਜਨਵਰੀ 1961 ਨੂੰ ਲੰਮੂਬਾ ਅਤੇ ਉਸ ਦੇ ਸਾਥੀਆਂ ਨੂੰ ਇਕ ਵੀਰਾਨ ਥਾਂ ’ਤੇ ਦਰੱਖਤਾਂ ਨਾਲ ਬੰਨ੍ਹ ਕੇ ਗੋਲੀ ਮਾਰੀ ਗਈ। ਇਹ ਕੰਮ ਬੈਲਜੀਅਨ ਅਫ਼ਸਰ ਜੂਲੀਅਨ (ਯੂਲਿਆਂ) ਗੈਟ ਦੇ ਫ਼ੌਜੀ ਦਸਤਿਆਂ ਨੇ ਕੀਤਾ। ਕਾਂਗੋ ਸੀਆਈਏ ਅਤੇ ਐੱਮ ਸਿਕਸਟੀਨ ਦੇ ਮੁਖੀ ਇਨ੍ਹਾਂ ਨਾਲ ਲਗਾਤਾਰ ਸੰਪਰਕ ਵਿਚ ਰਹੇ।

ਸੀਆਈਏ ਡਾਇਰੈਕਟਰ ਐਲਨ ਡਲਸ

ਲੰਮੂਬਾ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਕਬਰਾਂ ਵਿਚ ਦਫ਼ਨਾ ਦਿੱਤੀਆਂ ਗਈਆਂ। ਹੁਕਮਰਾਨ ਲਾਸ਼ਾਂ ਤੋਂ ਵੀ ਡਰਦੇ ਸਨ। ਬਾਗ਼ੀ ਸੂਬੇ ਕਤਾਂਗਾ ਦੇ ਗ੍ਰਹਿ ਮੰਤਰੀ ਦੇ ਆਦੇਸ਼ਾਂ ’ਤੇ ਬੈਲਜੀਅਨ ਅਫ਼ਸਰ ਜੈਰਡ ਸੋਇਤੇ (Gerad Soete) ਨੇ ਕਬਰਾਂ ਖੁਦਵਾਈਆਂ, ਲਾਸ਼ਾਂ ਦੇ ਟੋਟੇ ਟੋਟੇ ਕੀਤੇ ਅਤੇ ਉਨ੍ਹਾਂ ’ਤੇ ਤੇਜ਼ਾਬ ਪਾ ਕੇ ਸਾੜ ਦਿੱਤਾ। ਇਹ ਕਾਰਵਾਈਆਂ 18 ਜਨਵਰੀ ਤੇ 21 ਜਨਵਰੀ ਵਿਚਕਾਰ ਹੋਈਆਂ। ਲੰਮੂਬਾ ਦੀ ਹੱਤਿਆ ਬਾਰੇ ਕੋਈ ਐਲਾਨ ਨਾ ਕੀਤਾ ਗਿਆ। 10 ਫਰਵਰੀ 1961 ਨੂੰ ਰੇਡੀਓ ਤੋਂ ਲੋਕਾਂ ਨੂੰ ਝੂਠੀ ਕਹਾਣੀ ਦੱਸੀ ਗਈ ਕਿ ਲੰਮੂਬਾ ਜੇਲ੍ਹ ਵਿਚੋਂ ਫਰਾਰ ਹੋ ਗਿਆ ਹੈ ਅਤੇ ਫਿਰ ਇਹ ਦੱਸਿਆ ਗਿਆ ਕਿ ਇਕ ਪਿੰਡ ਦੇ ਵਾਸੀਆਂ ਨੇ ਉਸ ਨੂੰ 13 ਫਰਵਰੀ ਨੂੰ ਮਾਰ ਦਿੱਤਾ।

ਸੰਘਰਸ਼ ਦਾ ਪ੍ਰਤੀਕ ਲੋਕ-ਨਾਇਕ

ਲੰਮੂਬਾ ਕਾਂਗੋ ਦੇ ਰਾਸ਼ਟਰਵਾਦ, ਅਮਰੀਕੀ ਵਿਰੋਧ, ਅਫ਼ਰੀਕੀਕਰਨ, ਸਿਆਹਫ਼ਾਮ ਲੋਕਾਂ ਦੇ ਹੱਕਾਂ ਦਾ ਨਾਇਕ ਬਣ ਕੇ ਉੱਭਰਿਆ। ਉਹ ਜਬਰ ਤੇ ਜ਼ੁਲਮ ਵਿਰੁੱਧ ਲੜਨ ਦਾ ਪ੍ਰਤੀਕ ਬਣਿਆ। ਉਸ ਦੀ ਮੌਤ ਨੇ ਕਾਂਗੋ ਦੇ ਲੋਕਾਂ ਵਿਚ ਏਕਤਾ ਲਿਆਂਦੀ। ਉਹ ਅਫ਼ਰੀਕਾ ਦਾ ਲੋਕ-ਸ਼ਹੀਦ ਬਣ ਗਿਆ, ਏਸ਼ੀਆ ਤੇ ਅਫ਼ਰੀਕਾ ਦੇ ਲੋਕਾਂ ਲਈ  ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਦੀ ਪ੍ਰੇਰਕ-ਸ਼ਕਤੀ। ਉਸ ’ਤੇ ਲੋਕ-ਗੀਤ ਬਣੇ, ਸ਼ਾਇਰਾਂ ਨੇ ਕਵਿਤਾਵਾਂ ਅਤੇ ਗੀਤ ਲਿਖੇ। ਉਸ ਦਾ ਸ਼ਹੀਦੀ ਅਸਥਾਨ ਕਾਂਗੋ ਦੇ ਲੋਕਾਂ ਲਈ ਧਾਰਮਿਕ ਅਸਥਾਨ ਬਣ ਗਿਆ। ਸੋਵੀਅਤ ਯੂਨੀਅਨ ਨੇ ਪੀਪਲਜ਼ ਫਰੈਂਡਸ਼ਿਪ ਯੂਨੀਵਰਸਿਟੀ ਆਫ਼ ਯੂਐੱਸਐੱਸਆਰ ਦਾ ਨਾਂ ਪੈਟਰਿਸ ਲੰਮੂਬਾ ਪੀਪਲਜ਼ ਫਰੈਂਡਸ਼ਿਪ ਯੂਨੀਵਰਸਿਟੀ ਰੱਖਿਆ ਅਤੇ ਉਹਦੇ ਨਾਂ ’ਤੇ ਡਾਕ-ਟਿਕਟ ਵੀ ਜਾਰੀ ਕੀਤੀ।

ਲੰਮੂਬਾ ਦੀ ਜ਼ਿੰਦਗੀ, ਸੰਘਰਸ਼ ਅਤੇ ਸ਼ਹੀਦੀ ’ਤੇ ਕਈ ਨਾਵਲ, ਨਾਟਕ ਤੇ ਓਪੇਰੇ ਲਿਖੇ ਗਏ। ਕਵਿਤਾਵਾਂ ਤੇ ਗੀਤਾਂ ਦਾ ਤਾਂ ਸ਼ੁਮਾਰ ਹੀ ਨਹੀਂ। ਪੰਜਾਬੀ ਕਵੀ ਸੁਰਿੰਦਰ ਗਿੱਲ ਨੇ ਉਸ ਦੇ ਕਤਲ ’ਤੇ ਮਸ਼ਹੂਰ ਗੀਤ ‘ਛੱਟਾ ਚਾਨਣਾ ਦਾ ਦੇਈ ਜਾਣਾ’ ਲਿਖਿਆ। ਸਾਹਿਰ ਲੁਧਿਆਣਵੀ ਦੀ ਮਸ਼ਹੂਰ ਨਜ਼ਮ ‘ਖ਼ੂਨ ਤੋ ਖ਼ੂਨ ਹੈ’ ਲੰਮੂਬਾ ਦੇ ਕਤਲ ਬਾਰੇ ਹੈ ਜਿਸ ਵਿਚ ਸਾਹਿਰ ਕਹਿੰਦਾ ਹੈ ‘‘ਜ਼ੁਲਮ ਕੀ ਬਾਤ ਕਿਆ, ਜ਼ੁਲਮ ਕੀ ਔਕਾਤ ਹੀ ਕਿਆ/ ਜ਼ੁਲਮ ਬਸ ਜ਼ੁਲਮ ਹੈ ਆਗ਼ਾਜ਼ ਸੇ ਅੰਜਾਮ ਤਲਕ/ ਖ਼ੂਨ ਫਿਰ ਖ਼ੂਨ ਹੈ ਸੌ ਸ਼ਕਲ ਬਦਲ ਸਕਤਾ ਹੈ/ ਐਸੀ ਸ਼ਕਲੇਂ ਕਿ ਮਿਟਾਓ ਤੋ ਮਿਟਾਏ ਨਾ ਬਨੇ।’’ ਲੰਮੂਬਾ ਦੇ ਡੁੱਲ੍ਹੇ ਖ਼ੂਨ ਨੇ ਲੱਖਾਂ ਸ਼ਕਲਾਂ ਬਦਲੀਆਂ ਨੇ; ਉਹ ਜ਼ੁਲਮ ਵਿਰੁੱਧ ਸੰਘਰਸ਼ ਦਾ ਚਿੰਨ੍ਹ ਹੈ।

ਇਨ੍ਹਾਂ ਸਮਿਆਂ ਵਿਚ, ਜਦ ਨਵ-ਬਸਤੀਵਾਦੀ ਲੁੱਟ ਨੇ ਨਵਾਂ ਕਾਰਪੋਰੇਟੀ ਰੂਪ ਧਾਰਿਆ ਹੈ ਜਿਸ ਵਿਚ ਏਸ਼ੀਆ ਅਤੇ ਅਫ਼ਰੀਕਾ ਦੇ ਲੋਕਾਂ ਨੂੰ ਵਾਤਾਵਰਨਿਕ ਤਬਾਹੀ, ਗ਼ਰੀਬੀ ਅਤੇ ਭੁੱਖਮਰੀ ਵੱਲ ਧੱਕਿਆ ਜਾ ਰਿਹਾ ਹੈ, ਕਾਰਪੋਰੇਟ ਸੰਸਾਰ ਨੂੰ ਆਦਰਸ਼ਮਈ ਤੇ ਸੁਪਨਿਆਂ ਦੇ ਸੰਸਾਰ ਵਜੋਂ ਦਿਖਾਇਆ ਜਾ ਰਿਹਾ ਹੈ, ਪੈਟਰਿਸ ਲੰਮੂਬਾ ਜਿਹੇ ਸ਼ਹੀਦਾਂ ਦੀ ਯਾਦ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਏਸ਼ੀਆ ਅਤੇ ਅਫ਼ਰੀਕਾ ਦੇ ਲੋਕਾਂ ਕੋਲ ਲੰਮੂਬਾ ਜਿਹੇ ਲੋਕ-ਨਾਇਕਾਂ ਨੂੰ ਯਾਦ ਕਰਦਿਆਂ ਸੰਘਰਸ਼ ਕਰਨ ਤੋਂ ਬਿਨਾਂ ਕੋਈ ਹੋਰ ਰਾਹ-ਰਸਤਾ ਨਹੀਂ ਬਚਦਾ। ਜਨ-ਸੰਘਰਸ਼ ਹੀ ਜਿੰਦਗੀਆਂ ਵਿਚ ਚਾਨਣ ਦਾ ਛੱਟਾ ਦੇ ਸਕਦੇ ਹਨ।

-----------

ਬੈਲਜੀਅਮ ਦਾ ਰਾਜਾ ਲਿਓਪੋਲਡ ਦੂਸਰਾ

‘‘ਕੋਈ ਵੀ ਕਾਂਗੋ ਵਾਸੀ ਕਦੇ ਵੀ ਇਹ ਨਹੀਂ ਭੁੱਲੇਗਾ ਕਿ ਆਜ਼ਾਦੀ ਸੰਘਰਸ਼ ਕਰ ਕੇ ਪ੍ਰਾਪਤ ਕੀਤੀ ਗਈ, ਦ੍ਰਿੜ੍ਹਤਾ ਅਤੇ ਜੋਸ਼ ਨਾਲ ਭਰਿਆ ਸੰਘਰਸ਼ ਜਿਹੜਾ ਹਰ ਦਿਨ ਕੀਤਾ ਗਿਆ, ਜਿਸ ਵਿਚ ਅਸੀਂ ਤੰਗਹਾਲੀ ਅਤੇ ਪੀੜਾਂ ’ਚ ਲੰਘਦੇ/ਗੁਜ਼ਰਦੇ ਨਿਡਰ ਤੇ ਨਿਰਭੈ ਰਹੇ,

ਇਹ (ਸੰਘਰਸ਼) ਹੰਝੂਆਂ, ਅੱਗ ਅਤੇ ਲਹੂ ਨਾਲ ਸਿੰਜਿਆ ਗਿਆ। ਸਾਨੂੰ ਆਪਣੇ ਸੰਘਰਸ਼ ’ਤੇ ਬਹੁਤ ਮਾਣ ਹੈ ਕਿਉਂਕਿ ਇਹ ਨਿਆਂ ਵਾਸਤੇ ਸੀ ਅਤੇ ਪਵਿੱਤਰ ਸੀ ਅਤੇ ਉਸ ਬੇਇੱਜ਼ਤੀ ਭਰੀ ਗ਼ੁਲਾਮੀ ਜਿਹੜੀ ਸਾਡੇ ’ਤੇ ਥੋਪੀ ਗਈ…

ਸਵੇਰੇ, ਦੁਪਹਿਰੇ, ਰਾਤ ਵੇਲੇ ਹਰ ਸਮੇਂ ਸਾਡਾ ਅਪਮਾਨ ਕੀਤਾ ਗਿਆ ਕਿਉਂਕਿ ਅਸੀਂ ‘ਨੀਗਰੋ’ ਸਾਂ… ਇਨਸਾਫ਼ ਕਰਨ ਦੇ ਕਾਨੂੰਨਾਂ, ਜਿਹੜੇ ਇਸ ਤਾਕਤ ਦੇ ਸਿਧਾਂਤ ’ਤੇ ਆਧਾਰਿਤ ਸਨ, ਦੇ ਨਾਂ ’ਤੇ ਸਾਡੀਆਂ ਜ਼ਮੀਨਾਂ ਖੋਹੀਆਂ ਗਈਆਂ… ਅਸੀਂ ਕਦੇ ਨਹੀਂ ਭੁੱਲਾਂਗੇ ਕਿ ਗੋਰਿਆਂ ਅਤੇ ਕਾਲਿਆਂ ਲਈ ਕਾਨੂੰਨ ਇਕੋ ਜਿਹਾ ਨਹੀਂ ਸੀ, ਇਹ ਕੁਝ ਲੋਕਾਂ ਲਈ ਨਰਮੀ ਵਾਲਾ ਸੀ ਅਤੇ ਦੂਸਰਿਆਂ ਲਈ ਅਣਮਨੁੱਖੀ।

ਅਸੀਂ ਅੱਤਿਆਚਾਰ ਅਤੇ ਦੁੱਖ ਝੱਲੇ ਹਨ, ਸਾਡੇ ’ਤੇ ਸਿਆਸੀ ਨਿਸ਼ਚਿਆਂ ਅਤੇ ਧਾਰਮਿਕ ਵਿਸ਼ਵਾਸਾਂ ਕਰ ਕੇ ਜ਼ੁਲਮ ਕੀਤੇ ਗਏ, ਆਪਣੀ ਧਰਤੀ ਤੋਂ ਜਲਾਵਤਨ ਕੀਤਾ ਗਿਆ, ਸਾਡਾ ਨਸੀਬ ਮੌਤ ਤੋਂ ਵੀ ਬਦਤਰ ਸੀ।’’

-ਪੈਟਰਿਸ ਲੰਮੂਬਾ ਦੀ ਕਾਂਗੋ ਦੇ ਆਜ਼ਾਦੀ ਦਿਵਸ 30 ਜੂਨ 1960 ’ਤੇ ਤਕਰੀਰ

ਅਫ਼ਰੀਕਨਾਂ ਦੇ ਗੁੱਸੇ, ਰੰਜ, ਦੁੱਖ-ਤਕਲੀਫ਼ਾਂ, ਸੰਘਰਸ਼ ਤੇ ਅਕਹਿ ਜ਼ੁਲਮ ਸਹਿਣ ਦੇ ਇਤਿਹਾਸ ਨੂੰ ਸ਼ਬਦ ਦਿੰਦੀ ਇਹ ਤਕਰੀਰ ਮਿਸਾਲੀ ਸੀ। ਯੂਰਪ ਦੇ ਆਗੂਆਂ ਨੇ ਲੰਮੂਬਾ ਨੂੰ ਇਸ ਤਕਰੀਰ ਕਾਰਨ ਕਦੇ ਮੁਆਫ਼ ਨਾ ਕੀਤਾ। ਇਸ ਤਕਰੀਰ ਨੇ ਉਨ੍ਹਾਂ ਦੇ ਜ਼ੁਲਮ ਅਤੇ ਅਣਮਨੁੱਖਤਾ ਨੂੰ ਨੰਗਿਆਂ ਤੇ ਬੇਪਰਦ ਕਰ ਦਿੱਤਾ ਸੀ; ਉਨ੍ਹਾਂ (ਯੂਰਪੀ ਲੋਕਾਂ) ਨੂੰ ਉਨ੍ਹਾਂ ਦਾ ਕਰੂਰਤਾ ਭਰਿਆ ਵਹਿਸ਼ੀ ਚਿਹਰਾ ਦਿਖਾਇਆ ਸੀ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਜਿਹੀ ਤਕਰੀਰ ਕਰ ਕੇ ਲੰਮੂਬਾ ਨੇ ਖ਼ੁਦ ਆਪਣੀ ਮੌਤ ਦੇ ਕਾਗਜ਼ਾਂ/ਵਾਰੰਟਾਂ ’ਤੇ ਦਸਤਖ਼ਤ ਕਰ ਦਿੱਤੇ ਸਨ।

17 ਜਨਵਰੀ 1961 ਨੂੰ ਬੈਲਜੀਅਮ ਦੇ ਭਾੜੇ ਦੇ ਸੈਨਿਕਾਂ ਅਤੇ ਵੱਖਵਾਦੀਆਂ ਨੇ ਪੈਟਰਿਸ ਲੰਮੂਬਾ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਸਰੀਰ ਨੂੰ ਤੇਜ਼ਾਬ ਪਾ ਕੇ ਸਾੜ ਦਿੱਤਾ ਸੀ। ਉਸ ਦਾ ਸਿਰਫ਼ ਇਕ ਦੰਦ ਬਚਿਆ ਸੀ ਜੋ ਕਤਲ ਕਰਨ ਵਾਲੇ ਬੈਲਜੀਅਨ ਅਫ਼ਸਰ ਨੇ ਬੈਲਜੀਅਮ ਲੈ ਆਂਦਾ। 20 ਜੂਨ, 2022 ਨੂੰ ਬੈਲਜੀਅਮ ਸਰਕਾਰ ਨੇ ਲੰਮੂਬਾ ਦਾ ਦੰਦ ਵਾਪਸ ਕਰ ਦਿੱਤਾ ਸੀ। ਇਹ ਦੰਦ ਹੁਣ ਕਾਂਗੋ  ਲੈ ਜਾਇਆ ਗਿਆ ਹੈ ਜਿੱਥੇ ਇਹ 30 ਜੂਨ ਨੂੰ ਕਾਂਗੋ ਦੇ ਆਜ਼ਾਦੀ ਦਿਵਸ ਵਾਲੇ ਦਿਨ ਦਫ਼ਨਾਇਆ ਜਾਵੇਗਾ।

20 ਜੂਨ 2022: ਬੈਲਜੀਅਮ ਸਰਕਾਰ ਵੱਲੋਂ ਲੰਮੂਬਾ ਪਰਿਵਾਰ ਨੂੰ ਦੰਦ ਦੀ ਵਾਪਸੀ

ਜ਼ੁਲਮ

ਜ਼ੁਲਮ ਫਿਰ ਜ਼ੁਲਮ ਹੈ ਬੜ੍ਹਤਾ ਹੈ ਤੋ ਮਿਟ ਜਾਤਾ ਹੈ

ਖ਼ੂਨ ਫਿਰ ਖ਼ੂਨ ਹੈ ਟਪਕੇਗਾ ਤੋ ਜਮ ਜਾਏਗਾ

ਖ਼ਾਕ-ਏ-ਸਹਰਾ ਪੇ ਜਮੇ ਯਾਂ ਕਫ਼-ਏ-ਕਾਤਿਲ ਪੇ ਜਮੇ

ਫ਼ਰਕ-ਏ-ਇਨਸਾਫ਼ ਪੇ ਯਾਂ ਪਾ-ਏ-ਸਲਾਸਿਲ ਪੇ ਜਮੇ

ਤੇਗ਼-ਏ-ਬੇ-ਦਾਦ ਪੇ ਯਾਂ ਲਾਸ਼ਾ-ਏ-ਬਿਸਮਿਲ ਪੇ ਜਮੇ

ਖ਼ੂਨ ਫਿਰ ਖ਼ੂਨ ਹੈ ਟਪਕੇਗਾ ਤੋ ਜਮ ਜਾਏਗਾ

ਲਾਖ ਬੈਠੇ ਕੋਈ ਛੁਪ-ਛੁਪ ਕੇ ਕਮੀਂ-ਗਾਹੋਂ ਮੇਂ

ਖ਼ੂਨ ਖ਼ੁਦ ਦੇਤਾ ਹੈ ਜੱਲਾਦੋਂ ਕੇ ਮਸਕਨ ਕਾ ਸੁਰਾਗ਼

ਸਾਜ਼ਿਸ਼ੇਂ ਲਾਖ ਉੜਾਤੀ ਰਹੀਂ ਜ਼ੁਲਮਤ ਕੀ ਨਕਾਬ

ਲੇ ਕੇ ਹਰ ਬੂੰਦ ਨਿਕਲਤੀ ਹੈ ਹਥੇਲੀ ਪੇ ਚਰਾਗ਼

ਜ਼ੁਲਮ ਕੀ ਕਿਸਮਤ-ਏ-ਨਾਕਾਰਾ-ਓ-ਰੁਸਵਾ ਸੇ ਕਹੋ

ਜਬਰ ਕੀ ਹਿਕਮਤ-ਏ-ਪਰਕਾਰ ਕੇ ਈਮਾਂ ਸੇ ਕਹੋ

ਮਹਮਿਲ-ਏ-ਮਜਲਿਸ-ਏ-ਅਕ਼ਵਾਮ ਕੀ ਲੈਲਾ ਸੇ ਕਹੋ

ਖ਼ੂਨ ਦੀਵਾਨਾ ਹੈ ਦਾਮਨ ਪੇ ਲਪਕ ਸਕਤਾ ਹੈ

ਸ਼ੋਅਲਾ-ਏ-ਤੁੰਦ ਹੈ ਖ਼ਿਰਮਨ ਪੇ ਲਪਕ ਸਕਤਾ ਹੈ

ਤੁਮ ਨੇ ਜਿਸ ਖ਼ੂਨ ਕੋ ਮਕਤਲ ਮੇਂ ਦਬਾਨਾ ਚਾਹਾ

ਆਜ ਵੋ ਕੂਚਾ ਓ ਬਾਜ਼ਾਰ ਮੇਂ ਆ ਨਿਕਲਾ ਹੈ

ਕਹੀਂ ਸ਼ੋਅਲਾ ਕਹੀਂ ਨਾਅਰਾ ਕਹੀਂ ਪੱਥਰ ਬਨ ਕਰ

ਖ਼ੂਨ ਚਲਤਾ ਹੈ ਤੋ ਰੁਕਤਾ ਨਹੀਂ ਸੰਗੀਨੋਂ ਸੇ

ਸਰ ਉਠਾਤਾ ਹੈ ਤੋ ਦਬਤਾ ਨਹੀਂ ਆਈਨੋਂ ਸੇ

ਜ਼ੁਲਮ ਕੀ ਬਾਤ ਹੀ ਕਿਆ ਜ਼ੁਲਮ ਕੀ ਔਕਾਤ ਹੀ ਕਿਆ

ਜ਼ੁਲਮ ਬਸ ਜ਼ੁਲਮ ਹੈ ਆਗਾਜ਼ ਸੇ ਅੰਜਾਮ ਤਲਕ

ਖ਼ੂਨ ਫਿਰ ਖ਼ੂਨ ਹੈ ਸੌ ਸ਼ਕਲ ਬਦਲ ਸਕਤਾ ਹੈ

ਐਸੀ ਸ਼ਕਲੇਂ ਕਿ ਮਿਟਾਓ ਤੋ ਮਿਟਾਏ ਨਾ ਬਨੇਂ

ਐਸੇ ਸ਼ੋਅਲੇ ਕਿ ਬੁਝਾਓ ਤੋ ਬੁਝਾਏ ਨਾ ਬਨੇਂ

ਐਸੇ ਨਾਅਰੇ ਕਿ ਦਬਾਓ ਤੋਂ ਦਬਾਏ ਨਾ ਬਨੇਂ

­(ਪੁਸਤਕ ‘ਕੁਲਿਆਤ-ਏ-ਸਾਹਿਰ ’ਚੋਂ)

- ਸਾਹਿਰ ਲੁਧਿਆਣਵੀ

ਰਾਜਾ ਲਿਓਪੋਲਡ ਦਾ ਬੁੱਤ

ਛੱਟਾ ਚਾਨਣਾਂ ਦਾ ਦੇਈ ਜਾਣਾ

ਜਗਰਾਉਂ ਦੇ ਲਾਗੇ ਪਿੰਡ ਰੂਮੀ ਦਾ ਜੰਮਿਆ ਪੰਜਾਬੀ ਸ਼ਾਇਰ ਸੁਰਿੰਦਰ ਗਿੱਲ ਦੱਸਦਾ ਹੈ ਕਿ ਉਹ 1962 ਵਿਚ ਕਪੂਰਥਲੇ ਦੇ ਪਿੰਡ ਤਲਵੰਡੀ ਚੌਧਰੀਆਂ ਵਿਚ ਨੌਕਰੀ ਕਰਦਾ ਤੇ ਉੱਥੇ ਹੀ ਰਹਿੰਦਾ ਸੀ। ਹਰ ਹਫ਼ਤੇ ਦੇ ਅੰਤ ਵਿਚ ਉਹ ਜਲੰਧਰ ਆ ਜਾਂਦਾ ਅਤੇ ਕਮਿਊਨਿਸਟ ਪਾਰਟੀ ’ਚ ਕੰਮ ਕਰਦੇ ਰਘਬੀਰ ਸਿੰਘ (ਸਿਰਜਣਾ) ਕੋਲ ਰਹਿੰਦਾ। ਉੱਥੇ ਅਰਜਨ ਸਿੰਘ ਗੜਗੱਜ, ਹਰਕਿਸ਼ਨ ਸਿੰਘ ਸੁਰਜੀਤ, ਜਗਜੀਤ ਸਿੰਘ ਆਨੰਦ, ਸੁਰਜਨ ਜ਼ੀਰਵੀ, ਬਾਬਾ ਗੁਰਬਖਸ਼ ਸਿੰਘ ਬਨੂਆਣਾ, ਸੁਹੇਲ ਸਿੰਘ, ਕ੍ਰਿਸ਼ਨ ਭਾਰਦਵਾਜ ਅਤੇ ਹੋਰ ਕਾਮਰੇਡਾਂ ਨਾਲ ਗੱਲਬਾਤ ਹੁੰਦੀ। ਉਨ੍ਹਾਂ ਦਿਨਾਂ ਵਿਚ ਪੈਟਰਿਸ ਲੰਮੂਬਾ ਦੇ ਕਤਲ ਦੀ ਬਹੁਤ ਚਰਚਾ ਸੀ। ਸੁਰਿੰਦਰ ਅਨੁਸਾਰ ਉਸ ਦੇ ਪਿੰਡ ਵਿਚ ਫ਼ਸਲ ਬੀਜਣ ਨੂੰ ‘ਛੱਟਾ ਦੇਣਾ’ ਕਹਿੰਦੇ ਸਨ; ਇਸ ਗੀਤ ਵਿਚ ਪੰਜਾਬੀ, ਪੰਜਾਬੀ ਧਰਤੀ ’ਤੇ ਫ਼ਸਲ ਬੀਜਣ ਲਈ ਵਰਤੇ ਜਾਂਦੇ ਬੋਲ ‘ਛੱਟਾ ਦੇਣਾ’ ਅਤੇ ਪੈਟਰਿਸ ਲੰਮੂਬਾ ਦੀ ਸ਼ਹੀਦੀ ਇਕਮਿਕ ਹੋ ਗਏ ਹਨ। ਇਹ ਗੀਤ ਉਸ ਦੀ ਕਿਤਾਬ ‘ਸਫ਼ਰ ਤੇ ਸੂਰਜ’ ਵਿਚ ਛਪਿਆ:

ਛੱਟਾ ਚਾਨਣਾਂ ਦਾ ਦੇਈ ਜਾਣਾ

ਮੇਰੇ ਦੋਸਤੋ

ਮੇਰੇ ਸਾਥੀਓ

ਮੇਰੇ ਹਾਣੀਓਂ

ਛੱਟਾ ਚਾਨਣਾਂ ਦਾ ਦੇਈ ਜਾਣਾ।

ਵਿਚ ਹਨੇਰੇ ਨਿਤ ਤੁਰਦੇ ਨੇ

ਕਾਲਖ਼ ਦੇ ਵਣਜਾਰੇ

ਕਾਲਖ਼ ਦਾ ਮਾਰੂ ਬੀ ਬੀਜਣ

ਇਸ ਧਰਤੀ ’ਤੇ ਸਾਰੇ

ਇਹ ਧਰਤੀ ਬੰਜਰ ਹੋ ਜਾਊ

ਜੇ ਨਾ ਟਿਮਕੇ ਤਾਰੇ

ਇਹਦਾ ਇਕ ਇਕ ਸਿਆੜ ਬਚਾਣਾ

ਸਭ ਨੂੰ ਕਹੀ ਜਾਣਾ

ਛੱਟਾ ਚਾਨਣਾਂ ਦਾ ਦੇਈ ਜਾਣਾ।

ਕਿਸ ਨਹੀਂ ਸੁਣਿਆ ਕਲ੍ਹ ਅਫ਼ਰੀਕਾ ਵਿਚ 

ਇਕ ਝਖੜ ਆਇਆ

ਕਾਲਖ਼ ਦੇ ਵਣਜਾਰਿਆਂ ਨੇ

ਇਕ ਗੱਭਰੂ ਮਾਰ ਮੁਕਾਇਆ

ਸੀ ਚਾਨਣ ਦੇ ਬੀਜ ਬੀਜਦਾ

ਉਹ ਕਾਂਗੋ ਦਾ ਜਾਇਆ

ਉਸ ਦੀ ਪਤਨੀ ਦੇ ਨਾਂ ਉਤੇ

ਇਸ ਰਾਹ ਪਈ ਜਾਣਾ

ਛੱਟਾ ਚਾਨਣਾਂ ਦਾ ਦੇਈ ਜਾਣਾ।

ਪਿਛਲੇ ਸਾਲ ਮੇਰੀ ਮਹਿਬੂਬ ਦੇ

ਪਿੰਡ ਅਣਹੋਣੀ ਹੋਈ

ਇਕ ਚਾਨਣ ਦੀ ਤਾਰ ਕਿਸੇ

ਇਕ ਬੱਦਲ ਸੰਗ ਪਰੋਈ

ਪਿੰਡ ਦੀ ਹਰ ਮੁਟਿਆਰ ਸਹਿਮ ਗਈ

ਅੰਦਰ ਵੜ ਕੇ ਰੋਈ

ਮੇਰੇ ਵੀ ਦਿਲ ਵਿਚ ਦਰਦ ਧੁਖ਼ੇ

ਇਕ ਚੁਟਕੀ ਲਈ ਜਾਣਾ

ਛੱਟਾ ਚਾਨਣਾਂ ਦਾ ਦੇਈ ਜਾਣਾ।

ਐ ਜ਼ਿੰਦਗੀ ਦੇ ਆਸ਼ਕ ਜੁਆਨੋ

ਐ ਲੱਖੀਓ ਮੁਟਿਆਰੋ

ਹੱਥੀਂ ਲੈ ਕਿਰਨਾਂ ਦੀ ਬਹੁਕਰ

ਮਿਲ ਕੇ ਹੰਭਲਾ ਮਾਰੋ

ਹੂੰਝ ਦਿਓ ਜ਼ਿੰਦਗੀ ਦੇ ਨ੍ਹੇਰੇ

ਆਂਗਣ ਨਵੇਂ ਸ਼ਿੰਗਾਰੋ

ਇਹ ਰੁੱਖ ਤਾਂ ਹੁਣ ਬੁੱਢਾ ਹੋਇਆ

ਇਸ ਹੁਣ ਢਹੀ ਜਾਣਾ

ਛੱਟਾ ਚਾਨਣਾਂ ਦਾ ਦੇਈ ਜਾਣਾ।

- ਸੁਰਿੰਦਰ ਗਿੱਲ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਪੀਵੀ ਸਿੰਧੂ, ਲਕਸ਼ੈ ਸੇਨ ਸਿੰਗਲਜ਼ ਅਤੇ ਰੰਕੀ ਰੈੱਡੀ ਤੇ ਚਿਰਾਗ ਨੇ ਡਬਲਜ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...