ਪੱਤਰ ਪ੍ਰੇਰਕ
ਸਮਰਾਲਾ, 25 ਅਪਰੈਲ
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਉੱਘੇ ਸ਼ਾਇਰ ਮੋਹਨਜੀਤ ਦੇ ਸਦੀਵੀ ਵਿਛੋੜੇ ’ਤੇ ਅਫਸੋਸ ਪ੍ਰਗਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਸਭਾ ਦੇ ਸਾਬਕਾ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਕਹਾਣੀ ‘ਫੋਟੋ ਵਿਚਲੀ ਕੁੜੀ’ ਦੇ ਸੰਦਰਭ ਵਿੱਚ ਕਹਾਣੀਕਾਰਾਂ ਵੱਲੋਂ ਭਰਵੀਂ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਸੁਖਜੀਤ ਦੀ ਰਚਨ ਪ੍ਰਕਿਰਿਆ, ਲਿਖਣਸ਼ੈਲੀ, ਪਾਤਰ ਉਸਾਰੀ ਤੇ ਬਲਵਿੰਦਰ ਗਰੇਵਾਲ, ਐਡਵੋਕੇਟ ਨਰਿੰਦਰ ਸ਼ਰਮਾ, ਮੁਖਤਿਆਰ ਸਿੰਘ, ਸਿਮਰਜੀਤ ਸਿੰਘ ਕੰਗ, ਗੁਰਭਗਤ ਸਿੰਘ, ਯਤਿੰਦਰ ਕੌਰ ਮਾਹਲ, ਜਲੌਰ ਸਿੰਘ ਖੀਵਾ, ਸੁਖਜੀਤ ਦੇ ਪਰਿਵਾਰ ਵਿੱਚੋਂ ਉਧਮ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਾਥੀਆਂ ਨੇ ਚਰਚਾ ਕੀਤੀ, ਉੱਥੇ ਹੀ ਸੁਖਜੀਤ ਦੀ ਬਹੁਪੱਖੀ ਸਖਸ਼ੀਅਤ ਬਾਰੇ ਵੀ ਵਿਚਾਰ ਸਾਂਝੇ ਕੀਤੇ। ਸਭਾ ਦੀ ਸਮੁੱਚੀ ਕਾਰਵਾਈ ਸਭਾ ਦੀ ਜਨਰਲ ਸਕੱਤਰ ਕਹਾਣੀਕਾਰਾ ਯਤਿੰਦਰ ਕੌਰ ਮਾਹਲ ਦੁਆਰਾ ਚਲਾਈ ਗਈ।