ਕਰੋਨਾਵਾਇਰਸ ਨੇ ਜਜ਼ਬਾਤੀ ਹੀ ਕਰਾਤਾ

ਕਰੋਨਾਵਾਇਰਸ ਨੇ ਜਜ਼ਬਾਤੀ ਹੀ ਕਰਾਤਾ

ਸ਼ਿਆਮ ਸੁੰਦਰ ਦੀਪਤੀ

ਵਾਇਰਸ ਸਰੀਰ ’ਤੇ ਇੱਕਲਾ ਹਮਲਾ ਹੀ ਨਹੀਂ ਕਰਦਾ ਰਿਹਾ, ਇਹ ਰਿਸ਼ਤਿਆਂ ਨੂੰ ਵੀ ਫਿਰ ਤੋਂ ਪ੍ਰਭਾਸ਼ਿਤ ਕਰ ਰਿਹਾ ਹੈ। ਕਿਤੇ ਲੋਕ ਆਪਣੇ ਨਜ਼ਦੀਕੀਆਂ, ਸਨੇਹੀਆਂ ਦੀ ਮ੍ਰਿਤਕ ਦੇਹ ਲੈਣ ਤੋਂ, ਉਸ ਦੀਆਂ ਅੰਤਿਮ ਰਸਮਾਂ ਨਿਭਾਉਣ ਤੋਂ ਇਨਕਾਰੀ ਰਹੇ ਅਤੇ ਇਹ ਕੰਮ ਪ੍ਰਸ਼ਾਸਨ ਨੂੰ ਕਰਵਾਉਣਾ ਪੈ ਰਿਹਾ ਹੈ, ਜਿਸਦੇ ਲਈ ਕਿਤੇ ਮਾਂ ਗੰਗਾ ਦੇ ਪਵਿੱਤਰ ਪਾਣੀ ਦਾ ਸਹਾਰਾ ਵੀ ਲੈਣਾ ਪੈ ਰਿਹਾ ਹੈ ਤੇ ਕਿਤੇ ਤੇਲ-ਪੈਟਰੋਲ ਦਾ ਵੀ। ਇਸੇ ਦੌਰਾਨ, ਇਹ ਦ੍ਰਿਸ਼ ਵੀ ਦੇਖਣ ਨੂੰ ਮਿਲਿਆ ਹੈ ਕਿ ਇਸ ਵਾਇਰਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਐਨਾ ਜਜ਼ਬਾਤੀ ਕੀਤਾ ਕਿ ਉਨ੍ਹਾਂ ਦਾ ਗਲਾ ਭਰ ਆਇਆ ਤੇ ਅੱਖਾਂ ਵਿੱਚ ਹੰਝੂ ਵਹਿ ਤੁਰੇ। ਆਪਣਿਆਂ ਦਾ ਵਿਛੋੜਾ ਹੋਵੇ ਜਾਂ ਆਪਣੇ ਦੇਸ਼ ਵਾਸੀਆਂ ਦਾ ਵਿਛੋੜਾ ਹੋਵੇ, ਉਹ ਪਲ ਦਿਲ ’ਤੇ ਭਾਰੂ ਹੋ ਹੀ ਜਾਂਦੇ ਹਨ ਤੇ ਫਿਰ ਉਸ ਸਮੇਂ ਇਹ ਬੋਲ ਸੁਭਾਵਿਕ ਹੀ ਹਨ ‘ਜਿੱਥੇ ਬਿਮਾਰ ਉੱਥੇ ਉਪਚਾਰ।’

‘ਜਿੱਥੇ ਬਿਮਾਰ, ਉੱਥੇ ਉਪਚਾਰ’ ਦੇ ਮਾਇਨੇ ਹਨ ਕਿ ਜੋ ਦੇਸ਼ ਦੇ ਲੋਕਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਬੈੱਡ ਨਹੀਂ ਮਿਲ ਰਹੇ, ਆਕਸੀਜਨ ਲਈ ਧੱਕੇ ਖਾਣੇ ਪੈ ਰਹੇ ਹਨ ਤੇ ਦਵਾਈਆਂ ਲਈ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ ਅਤੇ ਇਸ ਸਾਰੀ ਸਥਿਤੀ ਦੇ ਨਤੀਜੇ ਵਜੋਂ ਹੀ ਲੋਕਾਂ ਨੂੰ ਮੌਤ ਦਾ ਮੂੰਹ ਦੇਖਣਾ ਪਿਆ ਹੈ। ਕਈਆਂ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੇਂ ਸਿਰ ਐਂਬੂਲੈਂਸ ਮਿਲ ਜਾਂਦੀ, ਵਕਤ ਰਹਿੰਦੇ ਬੈੱਡ ਜਾਂ ਆਕਸੀਜਨ ਦਾ ਇੰਤਜ਼ਾਮ ਹੋ ਜਾਂਦਾ ਤਾਂ ਬਚ ਗਏ ਹੁੰਦੇ। ਉਹ ਕਹਿ ਰਹੇ ਸੀ, ਜਿੱਥੇ ਬਿਮਾਰ ਸੀ, ਉੱਥੇ ਉਪਚਾਰ ਨਹੀਂ ਸੀ।

ਸਹੀ ਗੱਲ ਹੈ ਕਿ ਜਿੱਥੇ ਕੋਈ ਵੀ ਸਖ਼ਸ਼ ਬਿਮਾਰ ਹੈ, ਉੱਥੇ ਹੀ ਇਲਾਜ ਚਾਹੀਦਾ ਹੈ। ਉਹ ਚਾਹੇ ਘਰ ਹੋਵੇ ਜਾਂ ਬਾਹਰ ਕੰਮ ਵਾਲੀ ਥਾਂ ਹੋਵੇ। ਇਨ੍ਹਾਂ ਜਜ਼ਬਾਤੀ ਪਲਾਂ ਵਿੱਚ ਬੋਲੇ ਗਏ ਪ੍ਰਧਾਨ ਮੰਤਰੀ ਦੇ ਸ਼ਬਦਾਂ ਨੂੰ ‘ਨਵਾਂ ਮੰਤਰ’ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਦੀ ਪ੍ਰਤਿਭਾ ਦਾ ਹਿੱਸਾ ਹੈ ਕਿ ਉਹ ਸਮੇਂ ਸਮੇਂ ਮੰਤਰ ਦਿੰਦੇ ਰਹਿੰਦੇ ਹਨ, ਜੋ ਕਿ ਉਨ੍ਹਾਂ ਦੀ ਕਾਮਯਾਬੀ ਦਾ ਵੱਡਾ ਹਿੱਸਾ ਬਣਦੇ ਰਹੇ ਹਨ।

‘ਸਭ ਦਾ ਸਾਥ, ਸਭ ਦਾ ਵਿਕਾਸ’ ਭਾਵੇਂ ਬਾਅਦ ਵਿੱਚ ਵਿਸ਼ਵਾਸ ਨੂੰ ਵੀ ਜੋੜਿਆ ਗਿਆ ਤੇ ਇੱਕ ਵਾਰੀ ਫਿਰ ਲੋਕਾਂ ਨੇ ਆਪਣਾ ਵਿਸ਼ਵਾਸ ਪ੍ਰਗਟਾਇਆ। ‘ਦੋ ਗਜ਼ ਦੀ ਦੂਰੀ, ਬਹੁਤ ਜ਼ਰੂਰੀ’ ਦਾ ਮੰਤਰ ਵੀ ਕਾਫ਼ੀ ਫੈਲਿਆ। ‘ਜਦੋਂ ਤੱਕ ਦਵਾਈ ਨਹੀਂ, ਤਦ ਤੱਕ ਢਿਲਾਈ ਨਹੀਂ’। ‘ਕਰੋਨਾ ਨੂੰ ਕਰੁਣਾ ਨਾਲ ਦਿਆਂਗੇ ਮਾਤ’। ਪ੍ਰਧਾਨ ਮੰਤਰੀ ਦੇ ਮੰਤਰ ਹਨ। ਇਹ ਹੰਝੂ ਉਸੇ ਕਰੁਣਾ ਦਾ ਹੀ ਰੂਪ ਹਨ।

ਉਂਜ ਇਸ ਤਰ੍ਹਾਂ ਦੇ ਮੰਤਰਾਂ ਦੇ ਇਤਿਹਾਸ ਵਿੱਚ ਜਾਈਏ, ਇਨ੍ਹਾਂ ਮੰਤਰਾਂ ਵਿੱਚ ਬਹੁਤ ਦਮ ਰਿਹਾ ਹੈ। ‘ਗਰੀਬੀ ਹਟਾਉ’ ਅਤੇ ‘ਸਭ ਕੇ ਸਾਥ, ਹਮਾਰਾ ਹਾਥ’ ਵੀ ਕਾਫ਼ੀ ਮਕਬੂਲ ਹੋਏ। ਜਿੱਥੇ ਬਿਮਾਰ, ਉੱਥੇ ਉਪਚਾਰ ਵਿੱਚ ਵੀ ਪੂਰੀ ਸਮੱਰਥਾ ਹੈ, ਇੱਕ ਰਾਜਨੀਤਿਕ ਦ੍ਰਿਸ਼ ਵਿਚ ਪੂਰਾ ਦਮ ਖਮ ਦਿਖਾਉਣ ਦੀ। ਕਿਸੇ ਗਰੀਬ ਅਤੇ ਮਰੀਜ਼ ਦੇ ਪੱਖ ਤੋਂ ਇਹ ਮੰਤਰ ਸੰਤੁਸ਼ਟੀ ਵਾਲਾ ਹੈ ਕਿ ਬਹੁਗਿਣਤੀ ਨੂੰ ਕਈ ਕਈ ਮੀਲ ਤੱਕ ਸਿਹਤ ਸਹੂਲਤਾਂ ਨਹੀਂ ਮਿਲਦੀਆਂ ਤੇ ਉਹ ਰਾਹ ਵਿੱਚ ਹੀ ਦਮ ਤੋੜ ਜਾਂਦੇ ਹਨ। ਜੇ ਇਸ ਮੰਤਰ ਦੀ ਭਾਵਨਾ ਪਿੱਛੇ ਸੰਜੀਦਗੀ ਹੈ ਤਾਂ ਗਰੀਬ ਆਦਮੀ ਲਈ ਇਹ ਅਜੂਬਾ ਹੈ, ਇੱਕ ਸੁਪਨਾ ਦੇਖਣ ਵਾਲੀ ਗੱਲ ਹੈ। ਗਰੀਬ, ਮਜਬੂਰ, ਲਾਚਾਰ ਦੀ ਖਾਸੀਅਤ ਵੀ ਹੈ ਕਿ ਉਹ ਵਿਸ਼ਵਾਸ ਵੀ ਕਰ ਲੈਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਚੋਣ ਮੁਹਿੰਮ ਦਾ ਕਾਰਗਰ ਨਾਅਰਾ ਬਣ ਸਕਦਾ ਹੈ। ਮੈਨੀਫੈਸਟੋ ਦਾ ਹਿੱਸਾ।

ਵਿਕਾਸ ਦੇ ਨਾਅਰੇ ਨੇ ਨੇਤਾਵਾਂ ਨੂੰ ਜਿਤਾਇਆ ਵੀ ਹੈ ਤੇ ਲੋਕਾਂ ਨੂੰ ਨਿਰਾਸ਼ ਵੀ ਕੀਤਾ ਹੈ। ਵਿਕਾਸ ਹੁਣ ਲੱਭਦਾ ਵੀ ਨਹੀਂ। ਵਿਕਾਸ ਹੋਇਆ ਵੀ ਹੈ ਕਿ ਨਹੀਂ? ਜੇਕਰ ਹੋਇਆ ਹੈ ਤਾਂ ਕਿਨ੍ਹਾਂ ਦਾ ਹੋਇਆ ਹੈ? ਉਹ ਕਿਹੜੇ ਲੋਕ ਹਨ, ਜਿਨ੍ਹਾਂ ਦੇ ਸਿਰ ’ਤੇ ਅਸੀਂ ਵਿਸ਼ਵ ਗੁਰੂ ਦੀ ਉਪਾਧੀ ਹਾਸਿਲ ਕਰਨ ਦੇ ਨੇੜੇ ਪਹੁੰਚ ਗਏ ਹਾਂ।

‘ਜਿੱਥੇ ਬਿਮਾਰ, ਉੱਥੇ ਉਪਚਾਰ’ ਇਹ ਖਾਹਿਸ਼ ਵਿਸ਼ਵ ਸਿਹਤ ਸੰਸਥਾ ਦੀ ਵੀ ਰਹੀ ਹੈ। ਸਾਲ 1978 ਵਿੱਚ, ਆਲਮਾ ਆਟਾ ਵਿੱਚ, ਵਿਸ਼ਵ ਸਿਹਤ ਅਸੈਂਬਲੀ ਦੀ ਕਾਨਫਰੰਸ ਹੋਈ, ਜਿਸ ਵਿੱਚ 134 ਦੇਸ਼ਾਂ ਨੇ ਹਿੱਸਾ ਲਿਆ। ਇਸ ਕਾਨਫਰੰਸ ਵਿੱਚ, ਸਾਰੇ ਦੇਸ਼ਾਂ ਨੇ ਆਪਣੇ ਆਪਣੇ ਦੇਸ਼ ਦੀ ਸਿਹਤ ਸਥਿਤੀ ਅਤੇ ਸਿਹਤ ਸਹੂਲਤਾਂ ਦੀ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ। ਇਸ ਤੋਂ ਜੋ ਇੱਕ ਨਤੀਜਾ ਉੱਭਰ ਕੇ ਸਾਹਮਣੇ ਆਇਆ, ਉਹ ਸੀ ਕਿ ਦੁਨੀਆਂ ਭਰ ਦੇ ਦੇਸ਼ਾਂ ਵਿੱਚ, ਦੇਸ਼ਾਂ ਵਿੱਚ ਅੱਗੋਂ, ਵੱਖ ਵੱਖ ਇਲਾਕਿਆਂ ਵਿੱਚ, ਸਭ ਲਈ ਬਰਾਬਰ ਸਿਹਤ ਸਹੂਲਤਾਂ ਨਹੀਂ ਹਨ। ਇਸ ਸਥਿਤੀ ਨੂੰ ਮੁੱਖ ਰੱਖ ਕੇ, ‘ਸਭ ਲਈ ਸਿਹਤ-ਸਦੀ ਦੇ ਅੰਤ ਤੱਕ’ ਦਾ ਸੰਕਲਪ ਉਸਾਰਿਆ ਗਿਆ ਤੇ ਉਹ ਹਾਸਿਲ ਕਰਨ ਲਈ ‘ਮੁੱਢਲੀ ਸਿਹਤ ਸੰਭਾਲ’ ਦਾ ਮਾਡਲ ਪੇਸ਼ ਕੀਤਾ ਗਿਆ। ਇਸ ਕਾਨਫਰੰਸ ਤੋਂ, ਸਾਰੇ ਮੁਲਕ ਆਪਣੇ ਦੇਸ਼ ਦੇ ਲੋਕਾਂ ਦੀ ਸਿਹਤ ਪ੍ਰਤੀ, ਇੱਕ ਫ਼ਿਕਰਮੰਦੀ ਨਾਲ ਵਾਪਸ ਆਪਣੇ ਆਪਣੇ ਦੇਸ਼ ਮੁੜੇ।

‘ਮੁੱਢਲੀ ਸਿਹਤ ਸੰਭਾਲ’ ਦੇ ਮਾਡਲ ਨੂੰ ਕੁੱਝ ਹੋਰ ਬਰੀਕੀ ਨਾਲ, ਇਸ ਤਰ੍ਹਾਂ ਸਮਝਿਆ-ਉਭਾਰਿਆ ਗਿਆ ਕਿ ਹਰ ਬਿਮਾਰ ਨੂੰ ਆਪਣੇ ਇਲਾਜ ਲਈ ਦੋ ਕਿਲੋਮੀਟਰ ਤੋਂ ਵੱਧ ਦੂਰ ਨਾ ਜਾਣਾ ਪਵੇ। ਕਹਿ ਲਵੋ, ਘਰ ਦੀ ਦਹਿਲੀਜ਼ ’ਤੇ ਹੀ ਸਿਹਤ ਸਹੂਲਤਾਂ ਮੁਹੱਈਆਂ ਹੋਣ। ਬਿਲਕੁਲ ਉਹੀ ਭਾਵ ਜੋ ਅੱਜ ਚਰਚਾ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਹਨ ‘ਜਿੱਥੇ ਬਿਮਾਰ, ਉੱਥੇ ਉਪਚਾਰ’।

ਇਸ ਸੰਕਲਪ ਨੂੰ ਆਪਣੇ ਦੇਸ਼ ਦੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਬਿਆਲੀ ਸਾਲ ਪਹਿਲਾਂ ਆਏ ਸਿਹਤ-ਸੰਕਲਪ ਨੂੰ, ਭਾਵੇਂ ਅਸੀਂ ਉਸ ਦਾ ਹਿੱਸਾ ਸੀ ਤੇ ਉਸ ਦੇ ਚਲਦੇ 1983 ਵਿੱਚ, ਆਜ਼ਾਦੀ ਤੋਂ ਬਾਅਦ, ਪਹਿਲੀ ਵਾਰੀ ਦੇਸ਼ ਨੂੰ ਸਿਹਤ ਨੀਤੀ ਮਿਲੀ ਤੇ ਕਾਨਫਰੰਸ ਵਿੱਚ ਵਿਚਾਰੀਆਂ ਗਈਆਂ ਲੀਹਾਂ ’ਤੇ ਦੇਸ਼ ਦੀ ਸਿਹਤ ਸਥਿਤੀ ਬਾਰੇ ਵਿਚਾਰਿਆ ਗਿਆ ਅਤੇ ਟੀਚੇ ਮਿੱਥ ਕੇ ਕਾਰਜ ਸ਼ੁਰੂ ਹੋਇਆ। ‘ਸਭ ਲਈ ਸਿਹਤ-2000 ਤੱਕ’ ਦੇ ਸੰਕਲਪ ਨਾਲ ਮਾਵਾਂ-ਬੱਚਿਆਂ ਦੀ ਮੌਤ ਦਰ, ਕੁਪੋਸ਼ਣ, ਟੀਕਾਕਰਨ, ਸਾਜ਼ੋ-ਸਾਮਾਨ, ਡਾਕਟਰੀ ਅਤੇ ਮੈਡੀਕਲ ਅਮਲਾ ਆਦਿ ਵੀ ਤਰਜ਼ੀਹ ਵਿੱਚ ਆਇਆ।

ਸਾਲ 2000 ਤੱਕ ਇਸ ਨੂੰ ਇੱਕ ਖਾਸ ਰਫ਼ਤਾਰ ਨਾਲ ਅੱਗੇ ਵਧਾਉਣਾ ਸੀ ਪਰ ਸਾਲ 1990-91 ਵਿੱਚ, ਦੇਸ਼ ਨੇ ਵਿਸ਼ਵੀਕਰਨ ਦੀ ਨੀਤੀ ਤਹਿਤ, ਨਿੱਜੀਕਰਨ ਅਤੇ ਉਦਾਰੀਕਰਨ ਨੂੰ ਅਪਣਾਇਆ। ਇਹ ਦੇਸ਼ ਦਾ ਕੇਂਦਰੀ ਨੁਕਤਾ ਬਣ ਕੇ ਆਏ ਤੇ ਸਿਹਤ ਵਿੱਚ ਵੀ ਪਬਲਿਕ ਤੋਂ ਪ੍ਰਾਈਵੇਟ ਵੱਲ ਰਾਹ ਖੋਲ੍ਹੇ ਗਏ। ਪਹਿਲ 2002 ਵਿੱਚ, ਸਿਹਤ ਨੀਤੀ ਨੂੰ ਸੋਧ ਕੇ, ਪਬਲਿਕ-ਪ੍ਰਾਈਵੇਟ ਪਾਰਟਰਨਸ਼ਿਪ ਨੂੰ ਥਾਂ ਮਿਲੀ ਅਤੇ ਸਿਹਤ ਦੇ ਖੇਤਰ ਵਿੱਚ ‘ਸਿਹਤ ਬੀਮਾ’ ਦਾ ਦਾਖਲਾ ਹੋਇਆ ਤੇ ਫਿਰ 2017 ਵਿੱਚ, ਸਿਹਤ ਨੂੰ ਇੱਕ ‘ਸਨਅਤ’ ਕਹਿ ਕੇ ਕਾਰਪੋਰੇਟ ਸੈਕਟਰ ਨੂੰ ਵੱਡੇ ਪੈਮਾਨੇ ’ਤ ਖੁੱਲ੍ਹ ਦਿੱਤੀ ਗਈ। ਨਤੀਜੇ ਵਜੋਂ ਫੋਰਟਿਸ, ਮੈਕਸ, ਅਪੋਲੋ, ਆਈਵੀ ਵਰਗੇ ਘਰਾਣੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਾਸਾਰ ਰਹੇ ਹਨ ਤੇ ਪਬਲਿਕ ਸੈਕਟਰ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਨਿਸ਼ਚਿਤ ਹੀ ਇਹ ਹਸ਼ਰ ਹੋਣਾ ਸੀ, ਜਦੋਂ ਅਸੀਂ ਸਿਹਤ ਨੂੰ ਮੁੱਢਲੀਆਂ ਤਰਜ਼ੀਹਾਂ ਤੋਂ ਬਾਹਰ ਰੱਖਿਆ ਤੇ ਹੌਲੀ-ਹੌਲੀ ਸਿਹਤ ਬਜਟ ਨੂੰ ਘੱਟ ਕਰਦੇ ਗਏ ਜਾਂ ਕਹੀਏ, ਜਿੰਨਾ ਤੈਅ ਕੀਤਾ, ਉਨਾ ਵੀ ਖਰਚ ਨਹੀਂ ਕੀਤਾ। ਸਿਹਤ ਵਿਸ਼ਲੇਸ਼ਕਾਂ ਦਾ ਹਮੇਸ਼ਾ ਇਹ ਕਹਿਣਾ ਰਿਹਾ ਹੈ ਕਿ ਸਿਹਤ ਬਜਟ ਨੂੰ ਨਾ ਵਧਾਉਣ ਦਾ ਮਤਲਬ ਹੈ ਕਿ ਪ੍ਰਾਈਵੇਟ-ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦੇਣੀ ਤੇ ਉਨ੍ਹਾਂ ਤੱਕ ਮਰੀਜ਼ ਪਹੁੰਚਾਉਣ ਵਿਚ ਮਦਦ ਕਰਨੀ।

ਹੁਣ ਸਵਾਲ ਹੈ, ਇਸ ਸਮੇਂ ਦੌਰਾਨ ਕਰੋਨਾ ਕਾਲ ਵਿੱਚ ਇਸ ਨਵੀਂ ਸਿਹਤ ਨੀਤੀ ਨੇ, ਸਿਹਤ ਸੰਭਾਲ ਨੂੰ ਲੈ ਕੇ ਕੀ ਯੋਗਦਾਨ ਪਾਇਆ ਹੈ ਕਿ ਇਸ ਨੀਤੀ ਦੀ ਸ਼ਲਾਘਾ ਕੀਤੀ ਜਾਵੇ? ਦਰਅਸਲ ਇਸ ਕਰੋਨਾ ਮਹਾਮਾਰੀ ਦੇ ਸਮੇਂ ਨੇ ਸਾਡੀ ਸਿਹਤ ਨੀਤੀ ਦੀਆਂ ਬਰੀਕ ਤੈਹਾਂ ਨੂੰ ਖੋਲ੍ਹ ਕੇ ਰੱਖ ਦਿੱਤਾ ਹੈ। ਛੋਟੇ-ਮੋਟੇ ਨਿੱਜੀ ਕਲੀਨਿਕ-ਹਸਪਤਾਲਾਂ ਨੇ ਤਾਂ ਮਰੀਜ਼ ਦੇਖਣੇ ਹੀ ਬੰਦ ਕਰ ਦਿੱਤੇ ਤੇ ਵੱਡੇ ਕਾਰਪੋਰੇਟ ਹਸਪਤਾਲਾਂ ਨੇ ਕਰੋਨਾ ਦੇ ਮਰੀਜ਼ ਵਿੱਚ ਫੈਲੇ ਡਰ ਦੇ ਆਧਾਰ ’ਤੇ ਅੰਨ੍ਹੀ-ਲੁੱਟ ਕੀਤੀ। ਚੌਦਾਂ ਦਿਨ ਦੇ ਦਾਖਲੇ ਦੀ ਨੀਤੀ ਤਹਿਤ, ਕੋਈ ਹੀ ਹਸਪਤਾਲ ਹੋਵੇਗਾ, ਜਿਸ ਨੇ ਪੰਜ-ਛੇ ਲੱਖ ਰੁਪਇਆਂ ਤੋਂ ਘੱਟ ਲਏ ਹੋਣ, ਨਹੀਂ ਤਾਂ ਕਈਆਂ ਨੇ ਪੰਜਾਹ-ਸੱਠ ਲੱਖ ਤੱਕ ਵੀ ਵਸੂਲੇ ਹਨ। ਆਕਸੀਜਨ ਦੀ ਘਾਟ ਅਤੇ ਹੋਰ ਹਫੜਾ-ਦਫੜੀ ਨੇ ਵੀ ਨਿੱਜੀ ਸਿਹਤ ਵਿਵਸਥਾ ਦੇ ਪ੍ਰਬੰਧਾਂ ਨੂੰ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਕਹਿ ਸਕਦੇ ਹਾਂ ਕਿ ਦੇਸ਼ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਹੈ, ਇਹ ਸਪੱਸ਼ਟ ਹੋ ਗਿਆ ਹੈ।

ਇਸ ਸਾਰੀ ਸਥਿਤੀ ਦੇ ਮੱਦੇਨਜ਼ਰ, ਦੇਸ਼ ਦੇ ਮੁਖੀ ਦਾ ਭਾਵੁਕ ਹੋ ਕੇ, ਸਭ ਲਈ ਸਿਹਤ ਦੀ ਫ਼ਿਕਰਮੰਦੀ, ਚੰਗੀ ਲਗਦੀ ਹੈ ਪਰ ਇਹ ਵੀ ਸੱਚ ਹੈ ਕਿ ਘਰ-ਪਰਿਵਾਰ ਜਾਂ ਦੇਸ਼ ਦਾ ਮੁਖੀ, ਜਜ਼ਬਾਤਾਂ ਦੇ ਵਹਿਣ ਵਿਚ ਵਹਿਣ ਦੀ ਥਾਂ, ਖੁਦ ਨੂੰ ਸੰਭਾਲੇ ਤੇ ਸਿਆਣਪ ਨਾਲ ਲੋਕਾਂ ਨੂੰ ਹੌਸਲਾ ਦੇਵੇ, ਲੋਕਾਂ ਦੇ ਹੰਝੂ ਪੂੰਝੇ ਇਹ ਮੌਕਾ ਹੈ, ਜਦੋਂ ਦੇਸ਼-ਦੁਨੀਆਂ ਮਰੀਜ਼ਾਂ ਦੀ ਭਟਕਣ ਤਾਂ ਦੇਖ ਰਹੀ ਹੈ, ਲਾਸ਼ਾਂ ਦੀ ਬੇਅਦਬੀ ਦੀ ਵੀ ਗਵਾਹ ਬਣ ਰਹੀ ਹੈ।

ਹੰਝੂ ਵਹਾਉਣ ਨਾਲ ਸਾਰਥਕ ਸਿੱਟੇ ਨਹੀਂ ਨਿਕਲਦੇ। ਜਜ਼ਬਾਤਾਂ ਦੇ ਨਾਲ ਸਿਆਣਪ ਦੀ ਵੀ ਓਨੀ ਲੋੜ ਹੈ। ਅਸਲ ਵਿਚ ਦੋਹਾਂ ਦਾ ਸੰਤੁਲਨ ਚਾਹੀਦਾ ਹੈ। ਇਸ ਲਈ ਜੇਕਰ ਕਰੋਨਾ ਦੀ ਪਹਿਲੀ ਲਹਿਰ ਤੋਂ ਅਸੀਂ ਬਹੁਤਾ ਕੁੱਝ ਨਹੀਂ ਸਿੱਖਿਆ ਤਾਂ ਹੀ ਦੂਸਰੀ ਲਹਿਰ ਦਾ ਇੱਕ ਵੱਡਾ ਝਟਕਾ ਸਹਿਣਾ ਪਿਆ ਹੈ। ਇਹ ਕੋਈ ਛੋਟਾ ਝਟਕਾ ਨਹੀਂ ਹੈ। ਇਸ ਦਾ ਇਤਿਹਾਸ ਲੰਮਾਂ ਸਮਾਂ ਸਾਡਾ ਪਿੱਛਾ ਕਰੇਗਾ। ਇਸ ਤੋਂ ਸਿੱਖ ਕੇ ਤੀਸਰੀ ਲਹਿਰ ਨੂੰ ਤਾਂ ਸਾਂਭਣਾ ਹੈ ਹੀ ਅਤੇ ਭਵਿੱਖ ਵਿੱਚ ਵੀ ਸਿਹਤ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਸਿਹਤ ਪ੍ਰਬੰਧ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਪਹਿਲੀ ਸਿਹਤ ਨੀਤੀ, ‘ਸਭ ਲਈ ਸਿਹਤ’ ਦਾ ਵਾਅਦਾ ਅਤੇ ਮੁੱਢਲੀ ਸਿਹਤ ਸੰਭਾਲ ਦਾ ਸੰਕਲਪ ਮੁੜ ਤੋਂ ਵਿਚਾਰਨ ਦੀ ਲੋੜ ਹੈ। ਸਾਡੇ ਕੋਲ ਤਿੰਨ ਪੱਧਰੀ ਸਿਹਤ ਵਿਵਸਥਾ ਦਾ ਇੱਕ ਖੂਬਸੂਰਤ ਢਾਂਚਾ ਹੈ ਪਰ ਅਸੀਂ ਤੀਸਰੇ ਪੱਧਰ ਦੇ ਹਸਪਤਾਲਾਂ, ਏਮਜ਼ ਵਰਗੇ ਜਾਂ ਸਟੇਟ ਆਫ਼ ਆਰਟ ਸਿਹਤ ਸਹੂਲਤਾਂ ਦੇਣ ਵਾਲੇ, ਵੇਦਾਂਤਾ ਵਰਗੇ ਹਸਪਤਾਲਾਂ ਦੀ ਵੱਧ ਝਾਕ ਰੱਖ ਰਹੇ ਹਾਂ। ਇਸ ਦਾ ਸਿੱਧਾ ਅਰਥ ਹੈ ਕਿ ਲੋਕੀਂ ਬਿਮਾਰ ਹੋਣ, ਇਸ ਹੱਦ ਤੱਕ ਬਿਮਾਰ ਹੋਣ ਕਿ ਹਸਪਤਾਲਾਂ ਤੱਕ ਪਹੁੰਚਣ ਤੇ ਵਧੀਆ ਇਲਾਜ ਹਾਸਿਲ ਕਰਨ ਨਾ ਕਿ ਸਿਹਤ ਜਾਗਰੂਕਤਾ ਰਾਹੀਂ, ਵਧੀਆ ਸਿਹਤਮੰਦ ਜੀਵਨ ਜਾਂਚ ਅਪਣਾਉਣ ਤੇ ਚੰਗਾ ਜੀਵਨ ਬਤੀਤ ਕਰਨ। ਇਹ ਸੰਕਲਪ ਸੁਪਨਾ ਜਾਪਦਾ ਹੈ ਪਰ ਇਹ ਵੀ ਨਹੀਂ ਕਿ ਪੂਰਾ ਨਾ ਹੋਣ ਵਾਲਾ ਹੈ। ਇਹ ਸੰਭਵ ਹੈ ਤੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਨੇ ਇਹ ਕਰ ਦਿਖਾਇਆ ਹੈ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All