ਹਰਜੀਤ ਸਿੰਘ ਗਿਲ*
ਪੁਸਤਕ ਚਰਚਾ
ਜਦੋਂ ਮੈਂ ਅਮਰਜੀਤ ਚੰਦਨ ਦੀ ਕੋਈ ਨਵੀਂ ਕਿਤਾਬ ਵੇਖਦਾ ਹਾਂ; ਪੜ੍ਹਦਾ ਹਾਂ; ਤਾਂ ਸਭ ਤੋਂ ਪਹਿਲੋਂ ਮੇਰੇ ਦਿਲ ਵਿਚ ਇਹ ਸਵਾਲ ਆਉਂਦਾ ਹੈ ਕਿ ਅਮਰਜੀਤ ਚੰਦਨ ਕੌਣ ਹੈ, ਜੋ ਇਹ ਨਿੱਕੀਆਂ-ਨਿੱਕੀਆਂ ਸੁਹਣੀਆਂ ਕਿਤਾਬਾਂ ਲਿਖਦਾ ਹੈ। ਇਨ੍ਹਾਂ ਵਿਚ ਨਿੱਕੇ-ਨਿੱਕੇ ਲੇਖ ਹੁੰਦੇ ਹਨ; ਤਸਵੀਰਾਂ ਹੁੰਦੀਆਂ ਹਨ। ਪੁਰਾਣੇ ਭੁੱਲੇ ਪੰਜਾਬ ਦੇ ਕਲੀਰੇ ਹੁੰਦੇ ਹਨ। ਹਰ ਪੁਸਤਕ ਨਿੱਕੀ-ਜਿਹੀ ਫੁਲਕਾਰੀ ਹੁੰਦੀ ਹੈ, ਜਿਹੜੀ ਪੰਜਾਬੀ ਕੁੜੀ ਅਪਣੇ ਦਾਜ ਲਈ ਆਪ ਹੀ ਕੱਢਦੀ ਹੈ; ਫੁੱਲਾਂ ਤੇ ਰੰਗਾਂ ਦੇ ਨਾਲ਼ ਅਪਣੀਆਂ ਰੀਝਾਂ ਅਪਣੇ ਸੁਪਨੇ ਇਨ੍ਹਾਂ ਫੁੱਲਾਂ ਰਾਹੀਂ ਇਨ੍ਹਾਂ ਤਸਵੀਰਾਂ ਰਾਹੀਂ ਕਿਸੇ ਅਣਦਿਖੇ ਨੂੰ ਚੇਤਨ ਕਰਨ ਦਾ ਯਤਨ ਕਰਦੀ ਹੈ। ਅਮਰਜੀਤ ਚੰਦਨ ਵੀ ਪੰਜਾਬ ਦੀ ਅਣਜਾਣ ਕੁੜੀ ਹੈ।
ਪਰ ਅਮਰਜੀਤ ਹੋਰ ਵੀ ਕਈ ਕੁਝ ਹੈ। ਇਹ ਅਮਰੂ ਜੁਝਾਰੂ ਵੀ ਰਿਹਾ ਹੈ। ਜਿਸ ਅੰਮ੍ਰਿਤਸਰ ਜੇਲ ਵਿਚ ਇਹ ਮਾਰਕਸਵਾਦੀ ਚੱਕੀ ਝੋਅ ਰਿਹਾ ਸੀ, ਓਸੇ ਅੰਮ੍ਰਿਤਸਰ ਵਿਚ ਬਾਬੇ ਨਾਨਕ ਦਾ ਕੀਰਤਨ ਹੋ ਰਿਹਾ ਸੀ। ਪਤਾ ਨਹੀਂ ਕਿਵੇਂ ਅੰਦਰੋਂ-ਅੰਦਰੀਂ ਤਾਰ ਖੜਕੀ, ਜੇਲ ਵਿੱਚੋਂ ਨਿਕਲ਼ਦਿਆਂ ਹੀ ਇਹ ਬਾਬੇ ਨਾਨਕ ਦਾ ਸੂਫ਼ੀ ਸਿੱਖ ਹੋ ਗਿਆ।
ਚੰਦਨ ਪੁਰਾਣੇ ਭੁੱਲੇ-ਚੁੱਕੇ ਪੰਜਾਬ ਦੇ ਜੁਝਾਰੂ ਬੀਰਾਂ ਦੀ ਵੀ ਗਾਥਾ ਸੁਣਾਉਂਦਾ ਹੈ ਤੇ ਜੁਝਾਰੂ ਬੀਬੀਆਂ ਦੀ ਵੀ। ਨ੍ਹਾਮਾ ਫਾਂਸੀਵਾਲ਼ਾ ਇਉਂ ਜੀਉਂਦਾ ਹੈ ਤੇ ਇਉਂ ਮਰਦਾ ਹੈ, ਜਿਵੇਂ ਬਾਬੇ ਨਾਨਕ ਦੀ ਧੁਨੀ ਨਾਲ਼ ਇਕਸੁਰ ਹੋ ਗਿਆ ਹੋਵੇ। ਉਹਨੂੰ ਹੁਣ ‘ਮਰਣੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ’। ਇਹ ਸਹਜ ਦੀ ਅਵਸਥਾ ਹੈ। ਨ੍ਹਾਮੇ ਦਾ ਅਪਣੇ ਘਰਦਿਆਂ ਨੂੰ ਲਿਖਿਆ ਖ਼ਤ ਬਾਬੇ ਨਾਨਕ ਦਾ ਨਾਦ ਹੈ। ਦਲੀਪ ਸਿੰਘ ਸ਼ਾਹਜ਼ਾਦੇ ਦੀ ਧੀ ਸੋਫ਼ੀਆ (ਜਿਹਨੂੰ ਚੰਦਨ ‘ਗਿਆਨੋ’ ‘ਗਿਆਨ ਕੌਰ’ ਆਖ ਕੇ ਬੁਲਾਉਂਦਾ ਹੈ) ਸਾਰੇ ਸੰਸਾਰ ਦੀਆਂ ਬੀਬੀਆਂ ਦੇ ਹੱਕਾਂ ਵਾਸਤੇ ਵਲੈਤ ਵਿਚ ਲੜਦੀ ਹੈ। ਸਭ ਕੁਝ ਵਾਰ ਕੇ ਦੇਸਾਂ ਪਰਦੇਸਾਂ ਦੀਆਂ ਧੀਆਂ ਨਾਲ਼ ਅਮਨ ਦੀ ਤਲਵਾਰ ਫੜ ਕੇ ਯੁੱਧ ਕਰਦੀ ਹੈ।
ਸਾਕਾਰ (ਬਾਰਾਂ ਕਵਿਤਾਵਾਂ, ਅਠਾਰਾਂ ਨਬਿੰਧ, ਟਾਈਟਲ: ਗੁਰਵਿੰਦਰ ਸਿੰਘ, ਸਫ਼ੇ 96, ਮੋਮੀ ਕਾਗ਼ਜ਼ ’ਤੇ ਸਾਰੀ ਰੰਗੀਨ ਛਪਾਈ, ਭੇਟਾ: ਪੰਜ ਸੌ ਰੁਪਏ, ਸੱਚਲ ਪ੍ਰਕਾਸ਼ਨ ਅੰਮ੍ਰਿਤਸਰ. ਸੰਪਰਕ: 98155-50999) ਕਿਤਾਬ ਦੇ ਇਨ੍ਹਾਂ ਲੇਖਾਂ ਵਿਚ ਕੇਵਲ ਵੱਡੇ-ਵੱਡੇ ਘੱਲੂਘਾਰਿਆਂ ਦੀਆਂ ਹੀ ਨਹੀਂ, ਨਿੱਕੀਆਂ-ਨਿੱਕੀਆਂ ਯਾਦਾਂ ਵੀ ਹਨ। ਨਕੋਦਰ ਦਾ ਗੋਪਾਲ ਸਿੰਘ (ਅਮਰਜੀਤ ਦਾ ਪਿਤਾ) ਵਿੰਙੇ ਚੀਰ ਵਾਲ਼ੀ ਦੁਆਬਣ ਦੀ ਫ਼ੋਟੋ ਖਿੱਚਦਾ ਹੈ। ਫ਼ੋਟੋ ਖਿੱਚਦਾ ਇਕ ਡੱਬਾ ਹੈ; ਦੁਆਲ਼ੇ ਕਾਲ਼ਾ ਕਪੜਾ ਹੈ; ਪਿੱਛੇ ਪਰਦੇ ’ਤੇ ਤਸਵੀਰਾਂ ਨੇ। ਇਹ ਵੀਂਹਵੀਂ ਸਦੀ ਦੇ ਪਹਿਲੇ ਦਹਾਕਿਆਂ ਦਾ ਪੰਜਾਬ ਹੈ।
ਅਮਰਜੀਤ ਪੜ੍ਹਦਾ ਲਿਖਦਾ ਹੈ। ਇਹ ਨਿੱਕੀਆਂ-ਨਿੱਕੀਆਂ ਛੁਹਾਂ ਨਾਲ਼ ਸਦੀਆਂ ਦੇ ਵਿਸਰੇ ਪੰਜਾਬ ਦੀਆਂ ਤਸਵੀਰਾਂ ਬਣਾਉਂਦਾ ਹੈ। ਉਨ੍ਹਾਂ ਵਿਚ ਸੰਤ ਸਾਧ ਵੀ ਹਨ। ਰੱਬ ਦੇ ਫ਼ਕੀਰ ਵੀ ਹਨ। ਕਾਮੇ ਤੇ ਯੋਧੇ ਵੀ ਹਨ। ਪਰ ਉਹ ਕਦੀ ਵੀ ਇਤਿਹਾਸ ਦੀਆਂ ਗੁੰਝਲ਼ਾਂ ਖੋਲ੍ਹਣ ਦਾ ਯਤਨ ਨਹੀਂ ਕਰਦਾ। ਇਹ ਇਤਿਹਾਸਕਾਰ ਨਹੀਂ। ਇਹ ਕਲਾਕਾਰ ਹੈ। ਇਹਦੇ ਲਈ ਦੂਰ ਦਿਸਹੱਦੇ ’ਤੇ ਨਿੱਕਾ-ਜਿਹਾ ਕੋਈ ਅਕਸ ਹੀ ਕਾਫ਼ੀ ਹੈ। ਇਹ ਹਰ ਸਾਖੀ ਵਿਚ, ਹਰ ਘਟਨਾ ਵਿਚ ਬਾਬੇ ਦੇ ਸੱਚ ਦੀ ਸੁਰ ਸੁਣਦਾ ਹੈ ਤੇ ਓਸੇ ਵਿੱਚੋਂ ਹੀ ਸੁੱਚੀਆਂ-ਸੁੱਚੀਆਂ ਤੰਦਾਂ ਦੇ ਸੰਗੀਤ ਨਾਲ਼ ਇਕਸੁਰ ਹੋ ਜਾਂਦਾ ਹੈ।
ਅਮਰਜੀਤ ਚੰਦਨ ਸਤਰੰਗੀ ਪੀਂਘ ਹੈ। ਇਹਦੇ ਕਈ ਰੰਗ ਹਨ; ਪਰ ਇਹ ਸਾਰੇ ਇਕ ਰੰਗ, ਇਕ ਸੁਰ, ਇਕ ਤਾਰ ਵਿਚ ਬੱਝੇ ਹੋਏ ਹਨ। ਇਹ ਸਭ ਵੀ ਹਨ ਤੇ ਇਕ ਵੀ।
* ਲੇਖਕ ਜਵਾਹਰਲਾਲ ਨਹਿਰੂ ਯੂਨੀਵਰਸਟੀ ਦੇ ਪ੍ਰੋਫ਼ੈਸਰ ਅਮੈਰੀਟਸ ਹਨ।