ਗੁਰਦੇਵ ਸਿੰਘ ਸਿੱਧੂ
‘‘ਮੇਰੀ ਮ੍ਰਿਤਕ ਦੇਹ ਦਾ ਸਸਕਾਰ ਹੁਸੈਨੀਵਾਲਾ ਵਿਖੇ ਓਸੇ ਥਾਂ ਕਰਨਾ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸਸਕਾਰ ਕੀਤਾ ਗਿਆ ਸੀ ਅਤੇ ਮੇਰੇ ਫੁੱਲ ਵੀ ਦਰਿਆ ਸਤਲੁਜ ਵਿੱਚ ਓਸੇ ਥਾਂ ਪਾਉਣੇ ਜਿੱਥੇ ਉਕਤ ਸ਼ਹੀਦਾਂ ਦੇ ਫੁੱਲ ਜਲ-ਪ੍ਰਵਾਹ ਕੀਤੇ ਗਏ ਸਨ,’’ ਇਹ ਸ਼ਬਦ ਆਪਣੇ ਸਮਕਾਲੀ ਨੌਜਵਾਨ ਦੇਸ਼-ਭਗਤਾਂ ਦੀ ਲਾਸਾਨੀ ਕੁਰਬਾਨੀ ਤੋਂ ਉਨ੍ਹਾਂ ਜਿਹੀ ਕੁਰਬਾਨੀ ਕਰਨ ਦੀ ਭਾਵਨਾ ਨਾਲ ਪ੍ਰੇਰਿਤ ਨੌਜੁਆਨ ਹਰੀ ਕਿਸ਼ਨ ਨੇ ਫਾਂਸੀ ਲਾਏ ਜਾਣ ਤੋਂ ਇੱਕ ਦਿਨ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਕਹੇ ਸਨ। ਉਦੋਂ ਉਸ ਦੀ ਉਮਰ ਠੀਕ ਸਾਢੇ ਬਾਈ ਸਾਲ ਦੀ ਸੀ।
ਦੇਸ਼-ਪਿਆਰ ਦੀ ਅਜਿਹੀ ਉੱਚ-ਭਾਵਨਾ ਵਾਲੇ ਯੁਵਕ ਹਰੀ ਕਿਸ਼ਨ ਦਾ ਜਨਮ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਜ਼ਿਲ੍ਹਾ ਮਰਦਾਨ ਦੇ ਇੱਕ ਪਿੰਡ ਗਾਲਾਢੇਰ ਵਿਖੇ ਦਸੰਬਰ 1908 ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਉਂ ਲਾਲਾ ਗੁਰਦਾਸ ਮੱਲ ਤਲਵਾੜ ਅਤੇ ਮਾਤਾ ਦਾ ਨਾਉਂ ਸ੍ਰੀਮਤੀ ਮਥਰੀ ਦੇਵੀ ਸੀ। ਹਰੀ ਕਿਸ਼ਨ ਨੌਂ ਭਰਾਵਾਂ ਵਿੱਚੋਂ ਦੂਜੇ ਥਾਂ ਉੱਤੇ ਸੀ, ਇਸ ਲਈ ਪਿਤਾ ਨੇ ਉਸ ਨੂੰ ਸਥਾਨਕ ਸਰਕਾਰੀ ਹਾਈ ਸਕੂਲ ਵਿੱਚੋਂ ਛੇਵੀ ਸ਼੍ਰੇਣੀ ਪਾਸ ਕਰਨ ਉਪਰੰਤ ਪੜ੍ਹਣ ਤੋਂ ਹਟਾ ਕੇ ਪਰਿਵਾਰਕ ਜ਼ਮੀਨ-ਜਾਇਦਾਦ ਦੀ ਦੇਖ-ਭਾਲ ਵਿੱਚ ਆਪਣਾ ਹੱਥ ਵਟਾੳਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਲਾਲਾ ਗੁਰਦਾਸ ਮੱਲ ਨੂੰ ਵਿਰਸੇ ਵਿੱਚੋਂ ਮਿਲੀ ਲੋਕ-ਹਿਤ ਦੀ ਗੁੜ੍ਹਤੀ ਹੌਲੀ ਹੌਲੀ ਦੇਸ਼-ਪਿਆਰ ਵਿੱਚ ਵਟ ਗਈ ਅਤੇ ਉਹ ਅੰਗਰੇਜ਼ ਸਾਮਰਾਜ ਵਿਰੁੱਧ ਚੱਲ ਰਹੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਣ ਲੱਗ ਪਿਆ। ਉਸ ਨੇ ਇਹੋ ਗੁਣ ਅੱਗੋਂ ਆਪਣੀ ਔਲਾਦ ਵਿੱਚ ਸੰਚਾਰਿਤ ਕੀਤੇ। ਫਲਸਰੂਪ ਉਸ ਦਾ ਤੀਜਾ ਪੁੱਤਰ ਭਗਤ ਰਾਮ ਸਕੂਲੀ ਜੀਵਨ ਦੌਰਾਨ ਹੀ ਕਾਂਗਰਸ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲੱਗ ਪਿਆ ਅਤੇ ਦਸਵੀਂ ਪਾਸ ਕਰਨ ਉਪਰੰਤ ਅਬਦੁੱਲ ਗਫਾਰ ਖਾਂ ਦੀ ਅਗਵਾਈ ਹੇਠ ਚੱਲ ਰਹੀ ਪਖ਼ਤੂਨਾਂ ਦੀ ਲਾਲ ਕੁੜਤੀ ਲਹਿਰ ਦਾ ਸਰਗਰਮ ਵਰਕਰ ਬਣ ਗਿਆ। ਛੋਟੇ ਵੀਰ ਦੇ ਸਿਆਸੀ ਵਿਚਾਰਾਂ ਦਾ ਮਜੀਠੀ ਰੰਗ ਹਰੀ ਕਿਸ਼ਨ ਉੱਤੇ ਵੀ ਚੜ੍ਹਦਾ ਰਿਹਾ ਅਤੇ ਮਨ ਹੀ ਮਨ ਉਸ ਨੇ ਆਪਣੇ ਭਵਿੱਖ ਕਾਰਜ ਬਾਰੇ ਨਿਰਣਾ ਲੈ ਲਿਆ। ਇਨ੍ਹਾਂ ਦਿਨੀਂ ‘ਲਾਲ ਕੁੜਤੀ’ ਅੰਦੋਲਨ ਵੱਲੋਂ ਆਪਣੇ ਪ੍ਰਚਾਰ ਵਾਸਤੇ ਪਸ਼ਤੋ ਵਿਚ ਇਕ ਪੱਤਰ ‘ਪਖ਼ਤੂਨ’ ਛਾਪਿਆ ਜਾ ਰਿਹਾ ਸੀ। ਛੋਟੇ ਭਰਾ ਦੇ ਇਸ ਲਹਿਰ ਵਿਚ ਸ਼ਾਮਲ ਹੋਣ ਕਾਰਨ ਇਹ ਪੱਤਰ ਹਰੀ ਕਿਸ਼ਨ ਦੇ ਹੱਥ ਵਿਚ ਆਉਂਦਾ ਸੀ ਜਿਸ ਨੂੰ ਉਹ ਧਿਆਨ ਨਾਲ ਪੜ੍ਹਦਾ ਅਤੇ ਇਸ ਵਿਚ ਛਪਣ ਵਾਲੀਆਂ ਪਸ਼ਤੋ ਕਵਿਤਾਵਾਂ ਨੂੰ ਹਰ ਵਕਤ ਗੁਣਗੁਣਾਉਂਦਾ ਰਹਿੰਦਾ।
ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਮੁਕੱਦਮਾ ਚੱਲਿਆ ਤਾਂ ਇਸ ਦੀਆਂ ਖ਼ਬਰਾਂ ਰਾਸ਼ਟਰੀ ਅਖ਼ਬਾਰਾਂ ਵਿੱਚ ਛਪਣ ਲੱਗੀਆਂ। ਹਰੀ ਕਿਸ਼ਨ ਇਸ ਮੁਕੱਦਮੇ ਦੀ ਕਾਰਵਾਈ ਬੜੀ ਚਿਲਚਸਪੀ ਨਾਲ ਪੜ੍ਹਿਆ ਕਰਦਾ ਸੀ ਅਤੇ ਉਸ ਦੇ ਮਨ ਵਿੱਚ ਵੀ ਭਗਤ ਸਿੰਘ ਦੀ ਕਾਰਵਾਈ ਵਾਂਗ ਕੁਝ ਅਨੋਖਾ ਕਰ ਗੁਜ਼ਰਨ ਦੀ ਤਾਂਘ ਪ੍ਰਬਲ ਹੋ ਰਹੀ ਸੀ। ਉਸ ਦੀ ਇਸ ਤਾਂਘ-ਪੂਰਤੀ ਵਿੱਚ ਉਸ ਦੇ ਆਪਣੇ ਹੀ ਪਿੰਡ ਦਾ ਇੱਕ ਯੁਵਕ ਚਮਨ ਲਾਲ ਸਹਾਈ ਬਣਿਆ ਜੋ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿੱਚ ਪੜ੍ਹਣ ਸਮੇਂ ਤੋਂ ਇਨਕਲਾਬੀਆਂ ਦੇ ਸੰਪਰਕ ਵਿੱਚ ਸੀ। ਚਮਨ ਲਾਲ ਨੇ ਆਪਣੇ ਇਲਕਲਾਬੀ ਸਾਥੀਆਂ ਸ੍ਰੀ ਰਣਬੀਰ ਅਤੇ ਦੁਰਗਾਦਾਸ ਖੰਨਾ ਨਾਲ ਰਲ ਕੇ ਗਵਰਨਰ ਪੰਜਾਬ ਮਿਸਟਰ ਜਾਫ਼ਰੀ ਡੀ. ਮੋਟਮੋਰੈਂਸੀ ਨੂੰ ਕਤਲ ਕਰਨ ਦੀ ਠਾਣੀ। ਯੋਜਨਾ ਇਹ ਬਣਾਈ ਗਈ ਕਿ 23 ਦਸਬੰਰ 1930 ਨੂੰ ਗਵਰਨਰ ਪੰਜਾਬ, ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਕਨਵੋਕੇਸ਼ਨ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਆਏ ਤਾਂ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾਵੇ। ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਚਮਨ ਲਾਲ ਨੇ ਹਰੀ ਕਿਸ਼ਨ, ਜੋ ਆਤਸ਼ੀ ਹਥਿਆਰ ਚਲਾਉਣਾ ਜਾਣਦਾ ਸੀ, ਦੀ ਸਹਾਇਤਾ ਮੰਗੀ। ਹਰੀ ਕਿਸ਼ਨ ਤਾਂ ਪਹਿਲਾਂ ਹੀ ਕੋਈ ਨਿਵੇਕਲਾ ਅਤੇ ਉੱਚ-ਪੱਧਰੀ ਕਾਰਾ ਕਰਕੇ ਆਪਣੇ ਦੇਸ਼-ਪਿਆਰ ਦਾ ਪ੍ਰਮਾਣ ਦੇਣਾ ਚਾਹੁੰਦਾ ਸੀ, ਇਸ ਲਈ ਝੱਟ ਇਸ ਯੋਜਨਾ ਨਾਲ ਸਹਿਮਤ ਹੋ ਗਿਆ।
ਮਿਥੀ ਯੋਜਨਾ ਅਨੁਸਾਰ ਹਰੀ ਕਿਸ਼ਨ ਕਨਵੋਕੇਸ਼ਨ ਦਿਵਸ ਤੋਂ ਪੰਜ ਦਿਨ ਪਹਿਲਾਂ ਚਮਨ ਲਾਲ ਨਾਲ ਲਾਹੌਰ ਪੁੱਜਾ ਜਿੱਥੇ ਉਸ ਨੂੰ ਸਾਰੀ ਯੋਜਨਾ ਸਮਝਾਈ ਗਈ। ਉਸ ਦੇ ਕਨਵੋਕੇਸ਼ਨ ਹਾਲ ਵਿੱਚ ਦਾਖ਼ਲ ਹੋਣ ਲਈ ਲੋੜੀਂਦੇ ਸੱਦਾ-ਪੱਤਰ ਅਤੇ ਢੁੱਕਵੇਂ ਲਬਿਾਸ ਦਾ ਪ੍ਰਬੰਧ ਕੀਤਾ ਗਿਆ। ਉਸ ਨੂੰ ਇੱਕ ਵੱਡੀ ਮੋਟੀ ਡਿਕਸ਼ਨਰੀ ਦਿੱਤੀ ਗਈ ਜਿਸ ਵਿੱਚ ਰਿਵਾਲਵਰ ਰੱਖਣ ਲਈ ਥਾਂ ਬਣਾਈ ਗਈ ਸੀ। ਉਸ ਨੂੰ ਯੂਨੀਵਰਸਿਟੀ ਹਾਲ ਵੱਲ ਜਾਂਦੀਆਂ ਸੜਕਾਂ ਤੋਂ ਵੀ ਜਾਣੂੰ ਕਰਵਾਇਆ ਗਿਆ ਤਾਂ ਜੋ ਨਿਸ਼ਚਿਤ ਦਿਨ ਉਸ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਾ ਪਵੇ।
23 ਦਸੰਬਰ 1930 ਨੂੰ ਕਨਵੋਕੇਸ਼ਨ ਲਈ ਨਿਸ਼ਚਿਤ ਸਮੇਂ 11 ਵਜੇ ਹਰੀ ਕਿਸ਼ਨ ਕਨਵੋਕੇਸ਼ਨ ਹਾਲ ਵਿੱਚ ਦਾਖ਼ਲ ਹੋਇਆ। ਉਸ ਨੇ ਮੋਟੀ ਡਿਕਸ਼ਨਰੀ ਹੱਥ ਵਿੱਚ ਫੜੀ ਹੋਈ ਸੀ। ਵਿਦਿਆਰਥੀਆਂ ਕੋਲ ਕਿਤਾਬਾਂ ਹੁੰਦੀਆਂ ਹੀ ਹਨ, ਇਸ ਲਈ ਕਿਸੇ ਨੂੰ ਵੀ ਇਸ ਬਾਰੇ ਕੋਈ ਸ਼ੱਕ ਨਹੀਂ ਹੋਇਆ। ਵਿਉਂਤ ਅਨੁਸਾਰ ਹਰੀ ਕਿਸ਼ਨ ਅਗਲੀ ਕਤਾਰ ਵਿੱਚ ਪ੍ਰਾਹੁਣਿਆਂ ਲਈ ਰਾਖਵੀਂ ਸੀਟ ਉੱਤੇ ਬੈਠਾ ਕਨਵੋਕੇਸ਼ਨ ਦੀ ਕਾਰਵਾਈ ਦੇਖਦਾ-ਸੁਣਦਾ ਰਿਹਾ। ਅੰਗਰੇਜ਼ੀ ਭਾਸ਼ਾ ਤੋਂ ਅਣਜਾਣ ਹੋਣ ਕਾਰਨ ਉਸ ਨੂੰ ਬਹੁਤੀ ਸਮਝ ਨਹੀਂ ਸੀ ਆ ਰਹੀ। ਉਹ ਗਿਣਤੀ ਮਿਣਤੀ ਕਰਦਿਆਂ ਕਿਸੇ ਢੁੱਕਵੇਂ ਅਵਸਰ ਦੀ ਉਡੀਕ ਵਿੱਚ ਆਪਣੇ ਥਾਂ ਬੈਠਾ ਰਿਹਾ। ਆਖ਼ਰ ਸਮਾਗਮ ਸਮਾਪਤ ਹੋਇਆ ਅਤੇ ਗਵਰਨਰ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐੱਸ. ਰਾਧਾਕ੍ਰਿਸ਼ਨਨ ਅਤੇ ਹੋਰ ਪਤਵੰਤਿਆਂ ਨਾਲ ਜਲੂਸ ਦੀ ਸ਼ਕਲ ਵਿੱਚ ਸਟੇਜ ਤੋਂ ਬਾਹਰ ਜਾਣ ਲੱਗਾ। ਹਰੀ ਕਿਸ਼ਨ ਨੇ ਆਪਣੀ ਕਾਰਵਾਈ ਲਈ ਇਹੋ ਢੁੱਕਵਾਂ ਮੌਕਾ ਸਮਝਿਆ। ਉਸ ਨੇ ਆਪਣੀ ਕੁਰਸੀ ਉੱਤੇ ਖੜ੍ਹ ਕੇ ਰਿਵਾਲਵਰ ਵਿੱਚੋਂ ਦੋ ਗੋਲੀਆਂ ਗਵਰਨਰ ਵੱਲ ਛੱਡੀਆਂ ਜੋ ਉਸ ਦੀ ਛਾਤੀ ਅਤੇ ਖੱਬੀ ਬਾਂਹ ਨੂੰ ਜ਼ਖ਼ਮੀ ਕਰ ਗਈਆਂ। ਉਸ ਨੂੰ ਗੰਭੀਰ ਚੋਟ ਭਾਵੇਂ ਨਾ ਆਈ, ਪਰ ਉਹ ਡਿੱਗ ਪਿਆ। ਸੁਰੱਖਿਆ ਕਰਮਚਾਰੀ ਉਸ ਨੂੰ ਚੁੱਕ ਕੇ ਨਾਲ ਦੇ ਕਮਰੇ ਵਿੱਚ ਲਿਜਾਣ ਲੱਗੇ ਤਾਂ ਹਰੀ ਕਿਸ਼ਨ ਨੇ ਅੱਗੇ ਵਧ ਕੇ ਨਿਸ਼ਾਨਾ ਸਾਧ ਲਿਆ। ਇਹ ਵੇਖ ਕੇ ਇੱਕ ਪੁਲੀਸ ਸਬ ਇੰਸਪੈਕਟਰ ਚੰਨਣ ਸਿੰਘ ਹਰੀ ਕਿਸ਼ਨ ਵੱਲ ਵਧਿਆ। ਇੰਨੀ ਦੇਰ ਵਿਚ ਹਰੀ ਕਿਸ਼ਨ ਨੇ ਹੋਰ ਗੋਲੀ ਚਲਾ ਦਿੱਤੀ ਜੋ ਉਸ ਨੂੰ ਕਾਬੂ ਕਰਨ ਲਈ ਉੱਛਲ ਕੇ ਅੱਗੇ ਆਏ ਚੰਨਣ ਸਿੰਘ ਦੇ ਸਿਰ ਵਿੱਚ ਲੱਗ ਕੇ ਉਸ ਦੀ ਮੌਤ ਦਾ ਕਾਰਨ ਬਣੀ। ਹਰੀ ਕਿਸ਼ਨ ਦੁਆਰਾ ਚਲਾਈ ਚੌਥੀ ਗੋਲੀ ਇੱਕ ਹੋਰ ਪੁਲੀਸ ਇੰਸਪੈਕਟਰ ਬੁੱਧ ਸਿੰਘ ਵਧਾਵਨ ਨੂੰ ਅਤੇ ਪੰਜਵੀਂ ਗੋਲੀ ਇੱਕ ਅੰਗਰੇਜ਼ ਇਸਤਰੀ ਡਾਕਟਰ ਮਿਸ ਡਰਮੋਥ ਨੂੰ ਜ਼ਖ਼ਮੀ ਕਰ ਗਈ। ਛੇਵੀਂ ਗੋਲੀ ਸਾਹਮਣੀ ਕੰਧ ਵਿੱਚ ਵੱਜ ਕੇ ਅਜਾਈਂ ਗਈ। ਇਸ ਤੋਂ ਪਹਿਲਾਂ ਕਿ ਉਹ ਰਿਵਾਰਲਵਰ ਵਿੱਚ ਹੋਰ ਗੋਲੀਆਂ ਭਰ ਸਕਦਾ, ਉਸ ਨੂੰ ਕਾਬੂ ਕਰ ਲਿਆ ਗਿਆ।
ਪੁਲੀਸ ਹਿਰਾਸਤ ਦੌਰਾਨ ਹਰੀ ਕਿਸ਼ਨ ਨੂੰ ਲਾਹੌਰ ਦੇ ਕਿਲ੍ਹੇ ਵਿੱਚ ਰੱਖ ਕੇ ਹਰ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਹਰੀ ਕਿਸ਼ਨ ਵਿਰੁੱਧ ਚੰਨਣ ਸਿੰਘ ਦੇ ਕਤਲ ਅਤੇ ਗਵਰਨਰ ਪੰਜਾਬ ਬਾਰੇ ਇਰਾਦਾ ਕਤਲ ਦੇ ਦੋਸ਼ ਲਾ ਕੇ ਭਾਰਤੀ ਦੰਡਾਵਲੀ ਦੀ ਦਫ਼ਾ 302 ਅਤੇ 307 ਅਧੀਨ 5 ਜਨਵਰੀ 1931 ਨੂੰ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹਰੀ ਕਿਸ਼ਨ ਨੇ ਆਪਣੇ ਬਿਆਨ ਵਿੱਚ ਪ੍ਰਵਾਨ ਕੀਤਾ ਕਿ ਉਸ ਦਾ ਨਿਸ਼ਾਨਾ ਗਵਰਨਰ ਪੰਜਾਬ ਨੂੰ ਮਾਰਨਾ ਸੀ, ਹੋਰ ਕਿਸੇ ਨੂੰ ਮਾਰਨ ਜਾਂ ਜ਼ਖ਼ਮੀ ਕਰਨ ਦਾ ਉਸ ਦਾ ਇਰਾਦਾ ਨਹੀਂ ਸੀ।
ਸਰਕਾਰ ਨੇ ਹਰੀ ਕਿਸ਼ਨ ਦੇ ਮੁਕੱਦਮੇ ਦੀ ਸੁਣਵਾਈ ਹਿੱਤ ਹੈਰਾਨੀਜਨਕ ਤੇਜ਼ੀ ਵਿਖਾਈ। ਸੈਸ਼ਨ ਜੱਜ ਵੱਲੋਂ ਪਹਿਲੀ ਪੇਸ਼ੀ 14 ਜਨਵਰੀ 1931 ਨੂੰ ਕੀਤੀ ਗਈ ਅਤੇ ਫਿਰ 15, 16, 21 ਅਤੇ 22 ਜਨਵਰੀ ਨੂੰ ਸੁਣਵਾਈ ਕਰਨ ਉਪਰੰਤ 26 ਜਨਵਰੀ ਨੂੰ ਫ਼ੈਸਲਾ ਸੁਣਾ ਦਿੱਤਾ ਗਿਆ। ਹਰੀ ਕਿਸ਼ਨ ਦੇ ਮੁਕੱਦਮੇ ਵਿੱਚ ਬਚਾਉ ਪੱਖ ਵੱਲੋਂ ਪੈਰਵੀ ਕਰ ਰਹੇ ਉੱਚ-ਕੋਟੀ ਦੇ ਵਕੀਲਾਂ ਆਸਫ਼ ਅਲੀ ਅਤੇ ਪੂਰਨ ਚੰਦ ਮਹਿਤਾ ਵੱਲੋਂ ਦਿੱਤੀਆਂ ਦਲੀਲਾਂ ਅਤੇ ਕੀਤੇ ਗਏ ਇਤਰਾਜ਼ਾਂ ਨੂੰ ਅਣਸੁਣਿਆ ਅਤੇ ਰੱਦ ਕਰਦਿਆਂ ਸੁਣਾਏ ਗਏ ਫ਼ੈਸਲੇ ਅਨੁਸਾਰ ਹਰੀ ਕਿਸ਼ਨ ਨੂੰ ਚੰਨਣ ਸਿੰਘ ਦੇ ਕਤਲ ਲਈ ਫਾਂਸੀ ਅਤੇ ਗਵਰਨਰ ਪੰਜਾਬ, ਪੁਲੀਸ ਕਰਮਚਾਰੀ ਬੁੱਧ ਸਿੰਘ ਅਤੇ ਲੇਡੀ ਡਾਕਟਰ ਮਿਸ ਡਰਮੋਥ ਨੂੰ ਜ਼ਖ਼ਮੀ ਕਰਨ ਲਈ ਤਿੰਨ ਉਮਰ ਕੈਦਾਂ ਦੀ ਸਜ਼ਾ ਦਿੱਤੀ ਗਈ। ਹਰੀ ਕਿਸ਼ਨ ਦੀ ਇੱਛਾ ਦੇ ਉਲਟ ਆਸਫ਼ ਅਲੀ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਵਿਰੁੱਧ ਹਾਈਕੋਰਟ ਵਿੱਚ ਅਪੀਲ ਕੀਤੀ ਜੋ 10 ਮਾਰਚ ਨੂੰ ਅਪ੍ਰਵਾਨ ਕਰ ਦਿੱਤੀ ਗਈ।
ਇਨ੍ਹੀਂ ਦਿਨੀਂ ਭਗਤ ਸਿੰਘ ਅਤੇ ਉਸ ਦੇ ਸਾਥੀ ਵੀ ਲਾਹੌਰ ਜੇਲ੍ਹ ਵਿੱਚ ਸਨ। ਜਦੋਂ ਹਰੀ ਕਿਸ਼ਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਪ੍ਰੇਰਨਾ ਸ੍ਰੋਤ ਨੂੰ ਮਿਲਣ ਬਾਰੇ ਇੱਛਾ ਜੇਲ੍ਹ ਅਧਿਕਾਰੀਆਂ ਅੱਗੇ ਰੱਖੀ, ਪਰ ਉਨ੍ਹਾਂ ਅਜਿਹਾ ਕਰ ਸਕਣ ਤੋਂ ਅਸਮੱਰਥਾ ਪ੍ਰਗਟਾਈ। ਹਰੀ ਕਿਸ਼ਨ ਨੇ ਆਪਣੀ ਮੰਗ ਮੰਨਵਾਉਣ ਲਈ ਭੁੱਖ ਹੜਤਾਲ ਕਰ ਦਿੱਤੀ। ਫਲਸਰੂਪ ਜੇਲ੍ਹ ਅਧਿਕਾਰੀਆਂ ਨੂੰ ਹਰੀ ਕਿਸ਼ਨ ਦੀ ਮੰਗ ਮੰਨਣੀ ਪਈ। ਉਨ੍ਹਾਂ ਨੇ ਭਗਤ ਸਿੰਘ ਨੂੰ ਹਰੀ ਕਿਸ਼ਨ ਦੀ ਕੋਠੜੀ ਵਿੱਚ ਲਿਆਂਦਾ ਜਿੱਥੇ ਭਗਤ ਸਿੰਘ ਨੇ ਆਪ ਹਰੀ ਕਿਸ਼ਨ ਦੀ ਭੁੱਖ ਹੜਤਾਲ ਖੁਲ੍ਹਵਾਈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸ਼ਹੀਦ ਕੀਤੇ ਜਾਣ ਤੋਂ ਕੁਝ ਦਿਨ ਪਹਿਲਾਂ ਹਰੀ ਕਿਸ਼ਨ ਨੂੰ ਮੀਆਂਵਲੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ।
ਜੇਲ੍ਹ ਅਧਿਕਾਰੀਆਂ ਨੇ ਹਰੀ ਕਿਸ਼ਨ ਨੂੰ ਫਾਂਸੀ ਦਿੱਤੇ ਜਾਣ ਦੀ ਤਾਰੀਖ਼ ਗੁਪਤ ਰੱਖਣੀ ਚਾਹੀ, ਪਰ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਭਿਣਕ ਲੱਗ ਗਈ ਕਿ ਹਰੀ ਕਿਸ਼ਨ ਨੂੰ 9 ਜੂਨ 1931 ਨੂੰ ਫਾਂਸੀ ਲਾਇਆ ਜਾ ਰਿਹਾ ਹੈ। ਲੋਕ ਸਵੇਰੇ ਸਵੇਰੇ ਜੇਲ੍ਹ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ, ਪਰ ਹਥਿਆਰਬੰਦ ਪੁਲੀਸ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ। ਠੀਕ ਛੇ ਵਜੇ ਹਰੀ ਕਿਸ਼ਨ ਨੂੰ ਫਾਂਸੀ ਦੇ ਤਖ਼ਤੇ ਵੱਲ ਲਿਜਾਇਆ ਗਿਆ ਤਾਂ ਉਹ ‘ਇਨਕਲਾਬ ਜ਼ਿੰਦਾਬਾਦ’, ‘ਭਾਰਤ ਮਾਤਾ ਜ਼ਿੰਦਾਬਾਦ’, ‘ਭਗਤ ਸਿੰਘ ਅਮਰ ਰਹੇ’ ਆਦਿ ਨਾਅਰੇ ਲਾ ਰਿਹਾ ਸੀ। ਜੇਲ੍ਹ ਅਧਿਕਾਰੀਆਂ ਨੇ ਹਰੀ ਕਿਸ਼ਨ ਨੂੰ ਫਾਂਸੀ ਲਾਉਣ ਉਪਰੰਤ ਉਸ ਦੀ ਮ੍ਰਿਤਕ ਦੇਹ ਦਾ ਜੇਲ੍ਹ ਦੀ ਕੰਧ ਦੇ ਪਿਛਲੇ ਪਾਸੇ ਸਸਕਾਰ ਕਰ ਦਿੱਤਾ। ਹੋਰ ਵੀ ਘਿਨਾਉਣੀ ਗੱਲ ਇਹ ਕਿ ਪਰਿਵਾਰ ਨੂੰ ਸ਼ਹੀਦ ਦੀਆਂ ਅਸਥੀਆਂ ਚੁਗਣ ਦੀ ਇਜਾਜ਼ਤ ਵੀ ਨਾ ਦਿੱਤੀ ਗਈ ਸਗੋਂ ਜੇਲ੍ਹ ਕਰਮਚਾਰੀਆਂ ਨੇ ਆਪ ਹੀ ਅਸਥੀਆਂ ਇੱਕ ਬੋਰੀ ਵਿੱਚ ਇਕੱਠੀਆਂ ਕਰਕੇ ਜੇਲ੍ਹ ਤੋਂ ਕੁਝ ਮੀਲਾਂ ਦੀ ਵਿੱਥ ਉੱਤੇ ਵਗਦੇ ਸਿੰਧ ਦਰਿਆ ਵਿੱਚ ਜਲ-ਪ੍ਰਵਾਹ ਕਰ ਦਿੱਤੀਆਂ। ਇਉਂ ਭਗਤ ਸਿੰਘ ਨੂੰ ਆਪਣਾ ਰਾਜਸੀ ਗੁਰੂ ਮੰਨਣ ਵਾਲੇ ਹਰੀ ਕਿਸ਼ਨ ਦੇ ਜੀਵਨ ਦੇ ਅੰਤ ਸਮੇਂ ਸਰਕਾਰ ਦਾ ਉਸ ਪ੍ਰਤੀ ਵਤੀਰਾ ਬਿਲਕੁਲ ਓਹੋ ਜਿਹਾ ਸੀ, ਜਿਹੋ ਜਿਹਾ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਪ੍ਰਤੀ ਧਾਰਨ ਕੀਤਾ ਗਿਆ ਸੀ।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਕੀਤੇ ਜਾਣ ਤੋਂ ਢਾਈ ਮਹੀਨੇ ਪਿੱਛੋਂ ਹੋਈ ਹਰੀ ਕਿਸ਼ਨ ਦੀ ਸ਼ਹੀਦੀ ਨੇ ਅੰਗਰੇਜ਼ ਸਰਕਾਰ ਵਿਰੁੱਧ ਲੋਕ ਉਭਾਰ ਨੂੰ ਹਲੂਣਾ ਦੇਣ ਦਾ ਕੰਮ ਕੀਤਾ। ਪੰਜਾਬ ਅਤੇ ਬੰਗਾਲ ਵਿਚ ਵਸਦੇ ਪੰਜਾਬੀ ਕਵੀਆਂ ਨੇ ਉਸ ਦੀ ਬੇਮਿਸਾਲ ਬਹਾਦਰੀ ਅਤੇ ਇਨਕਲਾਬੀ ਹੌਸਲੇ ਪ੍ਰਤੀ ਸਤਿਕਾਰ ਪ੍ਰਗਟਾਉਣ ਲਈ ਕਿੱਸੇ ਲਿਖੇ। ਇਹ ਰਚਨਾਵਾਂ ਚੜ੍ਹਦੀ ਉਮਰ ਦੇ ਇਸ ਦੇਸ਼ਭਗਤ ਦੀ ਸ਼ਹੀਦੀ ਕਾਰਨ ਲੋਕ ਮਨ ਵਿਚ ਉਪਜੇ ਲੋਕ ਰੋਹ ਦਾ ਬੋਧ ਕਰਵਾਉਂਦੀਆਂ ਹਨ। ਇਸ ਪੱਖ ਤੋਂ ਕਵੀ ‘ਪੰਛੀ’ ਲਿਖਤ ਕਿੱਸੇ ‘ਵਤਨ ਦੇ ਲਾਲ’ ਵਿਚ ਅੰਗਰੇਜ਼ ਸਰਕਾਰ ਨੂੰ ਸੰਬੋਧਨ ਕਰ ਕੇ ਲਿਖੀਆਂ ਇਹ ਪੰਕਤੀਆਂ ਵਾਚਣਯੋਗ ਹਨ:
ਤੇਰਾ ਰਹਿਣਾ ਹੁਣ ਹਿੰਦ ਵਿਚ ਬਹੁਤ ਮੁਸ਼ਕਲ,
ਕਿਉਂਕਿ ਹੋ ਗਏ ਬੁਰੇ ਅਮਾਲ ਤੇਰੇ।
ਘੜਾ ਪਾਪ ਵਾਲਾ ਤੇਰਾ ਭਰ ਗਿਆ ਏ,
ਹੋ ਗਏ ਜ਼ੁਲਮ ਵਾਲੇ ਪੂਰੇ ਸਾਲ ਤੇਰੇ।
ਕਰਨਾ ਚਾਹੇਂ ਬਰਬਾਦ ਤੂੰ ਹਿੰਦ ਤਾਈਂ,
ਕਰਦਾ ਰਿਹਾ ਜੋ ਨੇਕੀਆਂ ਨਾਲ ਤੇਰੇ।
ਉਹਲੇ ਬੈਠ ਕੇ ਝਾਤੀਆਂ ਮਾਰਦੀ ਏ,
ਮੌਤ ਵੇਖਦੀ ‘ਪੰਛੀਆ’ ਤਾਲ ਤੇਰੇ।
ਸੰਪਰਕ: 94170 49417