DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰਗਟਾਵੇ ਦੀ ਆਜ਼ਾਦੀ ?

ਇੱਕ ਓ ਟੀ ਟੀ ਪਲੈਟਫਾਰਮ ਵੱਲੋਂ ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਅਚਾਨਕ ਹਟਾ ਦੇਣਾ ਭਾਰਤ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਨਾਜ਼ਾ ਕੱਢਣ ਬਰਾਬਰ ਹੈ। ਜੇਕਰ ਸੈਂਸਰਸ਼ਿਪ ਦੀਆਂ ਕਈ ਸਾਲਾਂ ਦੀਆਂ ਰੁਕਾਵਟਾਂ ਨੂੰ...

  • fb
  • twitter
  • whatsapp
  • whatsapp
Advertisement

ਇੱਕ ਓ ਟੀ ਟੀ ਪਲੈਟਫਾਰਮ ਵੱਲੋਂ ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਅਚਾਨਕ ਹਟਾ ਦੇਣਾ ਭਾਰਤ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਨਾਜ਼ਾ ਕੱਢਣ ਬਰਾਬਰ ਹੈ। ਜੇਕਰ ਸੈਂਸਰਸ਼ਿਪ ਦੀਆਂ ਕਈ ਸਾਲਾਂ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਆਈ ਇੱਕ ਫਿਲਮ ਨੂੰ ਰਾਤੋ-ਰਾਤ ਬਿਨਾਂ ਕਿਸੇ ਪੁਖ਼ਤਾ ਵਜ੍ਹਾ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਇਹ ਦੇਸ਼ ਦੇ ਲੋਕਾਂ ਨੂੰ ਕੌੜੇ ਸੱਚ ਦਾ ਸਾਹਮਣਾ ਕਰਨ ਦੇ ਹੱਕ ਤੋਂ ਵਾਂਝਾ ਰੱਖਣ ਦੀ ਸਿੱਧੀ ਕੋਸ਼ਿਸ਼ ਹੈ। ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖ਼ਰ ਇਹ ਤੈਅ ਕਰਨ ਵਾਲਾ ਕੌਣ ਹੈ ਕਿ ਦੇਸ਼ ਦੇ ਇਤਿਹਾਸ ਦੇ ਕਿਹੜੇ ਪੰਨਿਆਂ ਨੂੰ ਯਾਦ ਰੱਖਿਆ ਜਾਵੇਗਾ ਅਤੇ ਕਿਹੜਿਆਂ ਨੂੰ ਭੁਲਾ ਦਿੱਤਾ ਜਾਵੇਗਾ? ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਸਤਲੁਜ’ ਪੰਜਾਬ ਦੇ ਉਸ ਸਭ ਤੋਂ ਦਰਦਨਾਕ ਦੌਰ ਦੀ ਤਸਵੀਰ ਪੇਸ਼ ਕਰਦੀ ਹੈ ਜਦੋਂ ਅਤਿਵਾਦ ਦੇ ਦਿਨਾਂ ਦੌਰਾਨ ਸੂਬੇ ਵਿੱਚ ਗ਼ੈਰ-ਕਾਨੂੰਨੀ ਕਤਲੋਗ਼ਾਰਤ, ਝੂਠੇ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਨੂੰ ਖ਼ੁਰਦ-ਬੁਰਦ ਕਰਨ ਦੇ ਕਾਰਿਆਂ ਨੇ ਪੂਰੇ ਪੰਜਾਬ ਨੂੰ ਕੰਬਾ ਕੇ ਰੱਖ ਦਿੱਤਾ ਸੀ। ਇਸ ਸਾਰੇ ਸੱਚ ਤੋਂ ਵਾਕਫ਼ ਜਸਵੰਤ ਸਿੰਘ ਖਾਲੜਾ ਨੂੰ ਵੀ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅਜਿਹੀਆਂ ਦੁਖਾਂਤਕ ਘਟਨਾਵਾਂ ’ਤੇ ਬਣੀ ਫਿਲਮ ਨੂੰ ਦੇਖਣ ਅਤੇ ਉਸ ’ਤੇ ਗੱਲਬਾਤ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ, ਨਾ ਕਿ ਇਸ ’ਤੇ ਪਾਬੰਦੀ ਲਗਾਈ ਜਾਵੇ। ਤ੍ਰਾਸਦੀ ਦੇਖੋ, ਅਧਿਕਾਰਤ ਤੌਰ ’ਤੇ ਹਟਾਏ ਜਾਣ ਤੋਂ ਬਾਅਦ ਵੀ ਇਹ ਫਿਲਮ ਚੋਰ-ਮੋਰੀਆਂ ਰਾਹੀਂ ਲੱਖਾਂ ਲੋਕਾਂ ਤੱਕ ਪਹੁੰਚ ਚੁੱਕੀ ਹੈ।

ਜੇ ਇਹ ਖ਼ਦਸ਼ਾ ਸੀ ਕਿ ਦਿਲਜੀਤ ਦੋਸਾਂਝ ਦੀ ਇਸ ਫਿਲਮ ਦੀ ਵਰਤੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ-ਵਿਰੋਧੀ ਜਾਂ ਖ਼ਾਲਿਸਤਾਨ-ਪੱਖੀ ਤਾਕਤਾਂ ਵੱਲੋਂ ਕੀਤੀ ਜਾ ਸਕਦੀ ਹੈ ਤਾਂ ਪਹਿਲਾਂ ਇਸ ਫਿਲਮ ਨੂੰ ਹਰੀ ਝੰਡੀ ਦਿੱਤੀ ਹੀ ਕਿਉਂ ਗਈ? ਅਦਾਕਾਰ ਦਿਲਜੀਤ ਦੀ ਇਹ ਟਿੱਪਣੀ ਕਿ ਇਸ ਫਿਲਮ ’ਤੇ ‘ਰੋਕ’ ਤਾਂ ਲੱਗਣੀ ਹੀ ਸੀ, ਸ਼ਾਇਦ ਮੌਜੂਦਾ ਹਾਲਾਤ ’ਤੇ ਸਭ ਤੋਂ ਵੱਡੀ ਅਤੇ ਕਰਾਰੀ ਚੋਟ ਹੈ। ਇਹ ਬਿਆਨ ਇੱਕ ਅਜਿਹੇ ਮਾਹੌਲ ਦੀ ਤਸਵੀਰ ਪੇਸ਼ ਕਰਦਾ ਹੈ, ਜਿੱਥੇ ਕਲਾਕਾਰ ਹੁਣ ਪਹਿਲਾਂ ਹੀ ਇਹ ਮੰਨ ਕੇ ਚੱਲਦੇ ਹਨ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਵੇਗਾ। ਪਰ ਅਜਿਹੇ ਸੱਚ ਜੋ ਸੱਤਾ ਨੂੰ ਰਾਸ ਨਾ ਆਉਣ, ਉਨ੍ਹਾਂ ਨੂੰ ਦਫ਼ਨ ਕਰਨ ਦੀਆਂ ਕੋਸ਼ਿਸ਼ਾਂ ਅਕਸਰ ਉਲਟਾ ਅਸਰ ਦਿਖਾਉਂਦੀਆਂ ਹਨ। ਡਿਜੀਟਲ ਯੁੱਗ ਵਿੱਚ ਸੈਂਸਰਸ਼ਿਪ ਲੋਕਾਂ ਅੰਦਰ ਉਸ ਚੀਜ਼ ਨੂੰ ਦੇਖਣ ਦੀ ਉਤਸੁਕਤਾ ਨੂੰ ਹੋਰ ਵਧਾ ਦਿੰਦੀ ਹੈ। ਇੱਕ ਮਜ਼ਬੂਤ ਜਮਹੂਰੀਅਤ ਸੱਤਾ-ਵਿਰੋਧੀ ਬਿਰਤਾਂਤਾਂ ਤੋਂ ਨਹੀਂ ਡਰਦੀ, ਉਹ ਆਪਣੇ ਨਾਗਰਿਕਾਂ ’ਤੇ ਭਰੋਸਾ ਰੱਖਦੀ ਹੈ ਕਿ ਉਹ ਇਤਿਹਾਸ ਨਾਲ ਸਾਂਝ ਪਾਉਣਗੇ, ਭਾਵੇਂ ਉਹ ਇਤਿਹਾਸ ਕਿੰਨਾ ਵੀ ਦਰਦਨਾਕ ਕਿਉਂ ਨਾ ਹੋਵੇ।

Advertisement

ਜੇਕਰ ਭਾਰਤ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਸੱਚਮੁੱਚ ਗੰਭੀਰ ਹੈ ਤਾਂ ਫਿਲਮ ‘ਸਤਲੁਜ’ ਨੂੰ ਮੁੜ ਜਾਇਜ਼ ਪਲੈਟਫਾਰਮ ’ਤੇ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ। ਭਾਈ ਖਾਲੜਾ ਦੀ ਇਹ ਦੁਖਾਂਤਕ ਦਾਸਤਾਨ ਸੱਤਾ ਦੀਆਂ ਵਧੀਕੀਆਂ ਦੀ ਇੱਕ ਭਿਆਨਕ ਯਾਦ ਦਿਵਾਉਂਦੀ ਹੈ। ਇਸ ਕੌੜੇ ਸਬਕ ਤੋਂ ਸਿੱਖਣ ਲਈ ਸਾਡੇ ਅੰਦਰ ਕੋਈ ਝਿਜਕ ਨਹੀਂ ਹੋਣੀ ਚਾਹੀਦੀ।

Advertisement

Advertisement
×