ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਮਈ
ਜਮਹੂਰੀ ਕਿਸਾਨ ਸਭਾ ਲੁਧਿਆਣਾ ਜ਼ਿਲ੍ਹੇ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਉਂ ਵਿੱਚ ਹੋਣ ਵਾਲੀ 21 ਮਈ ਦੀ ਕਿਸਾਨ ਮਹਾ-ਪੰਚਾਇਤ ਨਵਾਂ ਇਤਿਹਾਸ ਸਿਰਜੇਗੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੋਟਾਂ ਮੰਗਣ ਆਉਣ ਮੌਕੇ ਸੱਥਾਂ ਵਿੱਚ ਸਵਾਲ ਪੁੱਛਣ ਅਤੇ ਵਿਰੋਧ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਭਾਜਪਾ ਦੇ ਫੁੱਟ ਪਾਊ ਏਜੰਡੇ ਤੋਂ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਫ਼ਿਰਕੂ ਸਿਆਸਤ ਕਰ ਰਹੀ ਹੈ ਜੋ ਮੁਲਕ ਦੇ ਭਵਿੱਖ ਲਈ ਖ਼ਤਰਨਾਕ ਸਾਬਿਤ ਹੋਵੇਗਾ।
ਇਸ ਮੌਕੇ ਪਿੰਡ ਟੂਸੇ ਵਿੱਚ ਨਵੀਂ ਇਕਾਈ ਦੀ ਦਾ ਗਠਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਜਸਵੰਤ ਸਿੰਘ ਪ੍ਰਧਾਨ, ਸਾਬਕਾ ਸਰਪੰਚ ਜਸਵੀਰ ਸਿੰਘ ਸਕੱਤਰ, ਸੁਖਦੇਵ ਸਿੰਘ ਖ਼ਜ਼ਾਨਚੀ, ਡੋਗਰ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਮੀਤ ਸਕੱਤਰ ਸਮੇਤ ਗਿਆਰਾਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।