ਹਰਪ੍ਰੀਤ ਕੌਰ
ਹੁਸ਼ਿਆਰਪੁਰ, 31 ਮਈ
ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਦੇ ਵਿਦਿਆਰਥੀਆਂ ਨੇ ਸਕੂਲ ਡਾਇਰੈਕਟਰ ਉਰਮਿਲ ਸੂਦ ਦੀ ਅਗਵਾਈ ’ਚ ‘ਵਰਲਡ ਐਂਟੀ ਤੰਬਾਕੂ ਦਿਵਸ’ ਮਨਾਇਆ। ਇਸ ਸਬੰਧੀ ਆਨਲਾਈਨ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ‘ਪੰਜਾਬੀਓ ਜਾਗੋ, ਨਸ਼ੇ ਤਿਆਗੋ’, ‘ਛੱਡੋ ਸਿਗਰਟ-ਸ਼ਰਾਬ, ਇਸ ਨਾਲ ਬਰਬਾਦ ਹੁੰਦਾ ਇਨਸਾਨ’, ‘ਸਿਗਰਟਨੋਸ਼ੀ ਦਾ ਸ਼ੌਂਕ ਮਤਲਬ ਕਿਸ਼ਤਾਂ ’ਚ ਮੌਤ’, ‘ਤੰਬਾਕੂ ਕੈਂਸਰ ਦੀ ਜੜ੍ਹ ਹੈ’, ‘ਫਾਈਟ ਕੈਂਸਰ ਇਜ਼ ਅਵਰ ਗੋਅਲ ਵੀ ਕੈਨ ਡੂ ਇਟ’ ਅਤੇ ‘ਨਸ਼ਿਆਂ ਦੇ ਰਾਹ ਨਾ ਜਾਈਂ ਪੁੱਤਰਾ, ਮਾਂ-ਪਿਓ ਨੂੰ ਨਾ ਤੜਫਾਈਂ ਪੁੱਤਰਾ’ ਆਦਿ ਨਾਅਰਿਆਂ ਨਾਲ ਨਸ਼ੇ ਤਿਆਗਣ ਅਤੇ ਕੈਂਸਰ ਵਰਗੀ ਬਿਮਾਰੀ ਲਈ ਜ਼ਿੰਮੇਵਾਰ ਤੰਬਾਕੂ ਤੇ ਸਿਗਰਨੋਸ਼ੀ ਨਾ ਕਰਨ ਦਾ ਸੰਦੇਸ਼ ਦਿੱਤਾ। ਸ੍ਰੀਮਤੀ ਸੂਦ ਨੇ ਆਖਿਆ ਕਿ ਅੱਜ ਸਾਡੇ ਸਮਾਜ ਨੂੰ ਨਸ਼ੇ ਘੁਣ ਦੀ ਤਰ੍ਹਾਂ ਖੋਖਲਾ ਕਰ ਰਹੇ ਹਨ। ਇਸ ਦੌਰਾਨ ਹੀ ਆਸ ਕਿਰਨ ਡਰੱਗ ਕਾਊਂਸਲਿੰਗ ਤੇ ਮੁੜ ਵਸੇਬਾ ਕੇਂਦਰ ਵਿਖੇ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਰ ਸਾਲ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਵੱਖ-ਵੱਖ ਥਾਵਾਂ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਕੜੀ ਵਿਚ ਹੁਸ਼ਿਆਰਪੁਰ ਦੇ ਆਸ ਕਿਰਨ ਡਰੱਗ ਕਾਊਂਸਲਿੰਗ ਤੇ ਮੁੜ ਵਸੇਬਾ ਕੇਂਦਰ ਵਿਖੇ ਵੀ ਸਮਾਗਮ ਕਰਵਾਇਆ ਗਿਆ। ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਕਮਿਊਨਿਟੀ ਸਿਹਤ ਕੇਂਦਰ (ਸੀਐਚਸੀ) ਧਾਰੀਵਾਲ ਵਿੱਚ ਐੱਸਐੱਮਓ ਡਾ.ਦਲਜੀਤ ਸਿੰਘ ਅਤੇ ਡਾ.ਅਮਰਿੰਦਰ ਸਿੰਘ ਕਲੇਰ ਹੋਮਿਓਪੈਥੀ ਅਫਸਰ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਫੋਟੋ ਬੈਨਰ ਪ੍ਰਦਰਸ਼ਨੀ ਦਾ ਅਯੋਜਨ ਕੀਤਾ। ਇਸ ਮੌਕੇ ਐਸਐਮਓ ਡਾ.ਦਲਜੀਤ ਅਤੇ ਹੋਮਿਓਪੈਥੀ ਅਫਸਰ ਡਾ.ਅਮਰਿੰਦਰ ਸਿੰਘ ਕਲੇਰ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਨਸ਼ਾ ਹਰ ਤਰ੍ਹਾਂ ਦਾ ਸਿਹਤ ਲਈ ਹਾਨੀਕਾਰਕ ਹੈ।