ਭਗਵਾਨ ਦਾਸ ਸੰਦਲ
ਦਸੂਹਾ, 9 ਨਵੰਬਰ
ਇੱਥੇ ਘੋਗਰਾ ਤੋਂ ਤੋਏ-ਮਾਖੋਵਾਲ ਸੜਕ ਉਸਾਰੀ ਵਿੱਚ ਸਬੰਧਤ ਠੇਕੇਦਾਰ ਵੱਲੋਂ ਮਿੱਟੀ ’ਤੇ ਲੁੱਕ ਪਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਸੜਕ ਦੇ ਨਿਰਮਾਣ ਦਾ ਕੰਮ ਵਿਚਾਲੇ ਰੁਕਵਾ ਦਿੱਤਾ ਗਿਆ ਹੈ। ਪਿੰਡ ਦੇ ਸਰਪੰਚ ਅਵਤਾਰ ਸਿੰਘ, ਬਲਵਿੰਦਰ ਸਿੰਘ, ਰਾਮਜੀ, ਦਲਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਸੱਤ ਸਾਲ ਤੋਂ ਇਸ ਸੜਕ ਦੀ ਹਾਲਤ ਖਸਤਾ ਬਣੀ ਹੋਈ ਸੀ। ਹੁਣ ਜਦੋਂ ਵਿਧਾਇਕ ਅਰੁਣ ਡੋਗਰਾ ਦੇ ਯਤਨਾਂ ਸਦਕਾ ਇਸ ਸੜਕ ਦੀ ਮੁਰੰਮਤ ਸ਼ੁਰੂ ਹੋਈ ਹੈ ਤਾਂ ਸਬੰਧਤ ਠੇਕੇਦਾਰ ਵੱਲੋਂ ਸੜਕ ਦੇ ਨਿਰਮਾਣ ਵਿਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਕਾਰਨ ਸੜਕ ਉੱਖੜਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਸਰਕਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਪੀਡਬਲਿਊਡੀ ਦੇ ਐਸਡੀਓ ਨੇ ਠੇਕੇਦਾਰ ਦਾ ਪੱਖ ਪੂਰਿਆ
ਪੀਡਬਲਿਊਡੀ ਦੇ ਐਸਡੀਓ ਨੇ ਕਿਹਾ ਕਿ ਠੇਕੇਦਾਰ ਵੱਲੋਂ ਮਿਆਰੀ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੈਅ ਮਾਪਦੰਢਾਂ ਅਨੁਸਾਰ ਹੀ ਸੜਕ ਬਣਾਈ ਜਾ ਰਹੀ ਹੈ।