ਜਗਜੀਤ ਸਿੰਘ
ਮੁਕੇਰੀਆਂ, 14 ਜੁਲਾਈ
ਪਿਛਲੇ 19 ਦਿਨਾਂ ਤੋਂ ਐੱਸਪੀਐੱਨ ਕਾਲਜ ਖਿਲਾਫ਼ ਲਗਾਤਾਰ ਧਰਨਾ ਦੇ ਰਹੇ ਮੁਅੱਤਲ ਸਹਾਇਕ ਪ੍ਰੋਫੈਸਰ ਤਰੁਣ ਘਈ ਦੀ ਹਾਲ ਵਿਗੜਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ਼ ਦੇ ਜਨਰਲ ਸਕੱਤਰ ਹਰਜੀਤ ਸਿੰਘ ਨੇ ਉਨ੍ਹਾਂ ਦੀ ਸਿਹਤ ਖਰਾਬ ਹੋਣ ਲਈ ਕਾਲਜ ਕਮੇਟੀ, ਪ੍ਰਸਾਸ਼ਨ ਤੇ ਵਾਈਸ ਚਾਂਸਲਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸੇ ਸੰਭਾਵੀ ਨੁਕਸਾਨ ਦੀ ਹਾਲਤ ਵਿੱਚ ਸੰਘਰਸ਼ ਤੇਜ ਕਰਨ ਦਾ ਐਲਾਨ ਕੀਤਾ ਹੈ। ਪ੍ਰੋਫੈਸਰ ਹਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਅੰਦਰ ਵੱਡੇ ਪੱਧਰ ਫੰਡਾਂ ਵਿੱਚ ਬੇਨੇਮੀਆਂ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਪ੍ਰੋਫੈਸਰ ਜਾਂ ਹੋਰ ਅਮਲੇ ਨੂੰ ਬਣਦੀਆਂ ਤਨਖਾਹਾਂ ਤੇ ਭੱਤੇ ਵੀ ਨਹੀਂ ਦਿੱਤੇ ਜਾ ਰਹੇ। ਇਸ ਦੇ ਖਿਲਾਫ਼ ਹੋਰ ਵੀ ਅਧਿਆਪਕ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਕਮੇਟੀ ਮਨਮਾਨੀਆਂ ’ਤੇ ਉੱਤਰੀ ਹੋਈ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੀ ਅੱਖਾਂ ਮੀਚੀ ਬੈਠਾ ਹੈ। ਉਨ੍ਹਾਂ ਮੰਗ ਕੀਤੀ ਕਿ ਗਲਤ ਤਰੀਕੇ ਨਾਲ ਬਰਖਾਸਤ ਕੀਤੇ ਪ੍ਰੋਫੈਸਰ ਤਰੁਣ ਘਈ ਨੂੰ ਮੁੜ ਬਹਾਲ ਕਰਕੇ ਉਸ ਦੇ ਬਕਾਏ ਅਦਾ ਕੀਤੇ ਜਾਣ, ਫੰਡਾਂ ਵਿੱਚ ਬੇਨੇਮੀਆਂ ਰੋਕੀਆਂ ਜਾਣ ਅਤੇ ਕਾਲਜ ਕਮੇਟੀ ਭੰਗ ਕਰਕੇ ਕਾਲਜ ਦਾ ਪ੍ਰਬੰਧ ਸੁਚਾਰੂ ਚਲਾਉਣ ਲਈ ਪ੍ਰਬੰਧਕ ਲਗਾਇਆ ਜਾਵੇ।