ਕੇ.ਪੀ ਸਿੰਘ
ਗੁਰਦਾਸਪੁਰ, 22 ਮਾਰਚ
ਸਥਾਨਕ ਕਾਂਗਰਸ ਨੇਤਾ ਅੰਨੂ ਗੰਡੋਤਰਾ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਸ ਵੱਲੋਂ ਮੁੱਖ ਮੰਤਰੀ ਦੇ ਜਨਮ ਦਿਨ ਸਬੰਧੀ ਲਗਾਏ ਗਏ ਵਧਾਈ ਦੇ ਬੋਰਡ ਨਗਰ ਕੌਂਸਲ ਵੱਲੋਂ ਗੈਰਕਾਨੂੰਨੀ ਢੰਗ ਨਾਲ ਉਤਾਰ ਕੇ ਕੂੜੇ ਵਾਲੀ ਟਰਾਲੀ ਵਿੱਚ ਲਿਜਾਏ ਜਾਣ ਦੀ ਨਿਰਪੱਖ ਜਾਂਚ ਕੀਤੀ ਜਾਵੇ। ਸ਼ਿਕਾਇਤ ਪੱਤਰ ਵਿਚ ਅੰਨੂ ਗੰਡੋਤਰਾ ਨੇ ਲਿਖਿਆ ਕਿ ਉਹ ਪਿਛਲੇ ਤੀਹ ਸਾਲਾਂ ਤੋਂ ਕਾਂਗਰਸ ਦੇ ਵੱਖ ਵੱਖ ਅਹੁਦਿਆਂ ਤੇ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਨ। ਹਾਲ ਹੀ ਵਿਚ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਤੌਰ ਸੈਨੇਟਰ ਨਿਯੁਕਤ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਦੇ ਸਬੰਧ ਵਿਚ ਵਧਾਈ ਦੇਣ ਲਈ ਸ਼ਹਿਰ ਦੇ ਵੱਖ ਵੱਖ ਵਿਸ਼ਿਆਂ ਵਿੱਚ ਹੋਰਡਿੰਗ ਲਗਾਏ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਰਾਤ ਅੱਠ ਵਜੇ ਦੇ ਕਰੀਬ ਉਨ੍ਹਾਂ ਦੇ ਸਾਥੀਆਂ ਨੇ ਫੋਨ ਕਰਕੇ ਦੱਸਿਆ ਕਿ ਨਗਰ ਕੌਂਸਲ ਦੇ ਮੁਲਾਜ਼ਮ ਇਹ ਹੋਰਡਿੰਗ ਉਤਾਰ ਕੇ ਕੂੜੇ ਵਾਲੀਆਂ ਟਰਾਲੀਆਂ ਵਿੱਚ ਸੁੱਟ ਕੇ ਲਿਜਾ ਰਹੇ ਹਨ। ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਇਸ ਸੰਬੰਧੀ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੋਰਡ ਉਤਾਰਨ ਦੇ ਹੁਕਮ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਤਿੰਨ ਚਾਰ ਦਿਨਾਂ ਅੰਦਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਹਾਈਕਮਾਂਡ ਨਾਲ ਗੱਲ ਕਰਕੇ ਉਹ ਰੋਸ ਧਰਨਾ ਦੇਣਗੇ।
ਨਿਯਮਾਂ ਤਹਿਤ ਉਤਾਰੇ ਗਏ ਹੋਰਡਿੰਗਜ਼: ਕਾਰਜਕਾਰੀ ਅਧਿਕਾਰੀ
ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਲਗਾਏ ਗਏ ਹੋਰਡਿੰਗਜ਼ ਨੂੰ ਨਿਯਮਾਂ ਤਹਿਤ ਉਤਾਰਿਆ ਗਿਆ ਹੈ। ਕੌਂਸਲ ਵੱਲੋਂ ਉਹ ਸਾਰੇ ਬੋਰਡ ਉਤਾਰੇ ਗਏ ਹਨ ਜਿਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਜਾਣ ਬੁੱਝ ਕੇ ਇਹ ਹੋਰਡਿੰਗਜ਼ ਉਤਾਰੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਹੋਰਡਿੰਗ ਟਰੈਫ਼ਿਕ ਵਿੱਚ ਰੁਕਾਵਟ ਪਾਉਂਦੇ ਹਨ, ਕੌਂਸਲ ਉਨ੍ਹਾਂ ਨੂੰ ਵੀ ਉਤਾਰਦੀ ਹੈ। ਇਹ ਸਭ ਪ੍ਰਬੰਧਾਂ ਨੂੰ ਸੁਚਾਰੂ ਰੱਖਣ ਲਈ ਕੀਤਾ ਜਾਂਦਾ ਹੈ ।