ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 12 ਅਪਰੈਲ
ਇਥੋਂ ਦੀ ਸਬਜ਼ੀ ਮੰਡੀ ਅਤੇ ਦਾਣਾ ਮੰਡੀ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਸੀਵਰੇਜ ਦਾ ਪਾਈਪ ਪਾਉਣ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਪੁੱਟੀ ਹੋਈ ਸੜਕ ਨੂੰ ਨਾ ਬਣਾਉਣ ਕਾਰਨ ਪਿਛਲੇ ਕਾਫੀ ਸਮੇਂ ਤੋਂ ਪ੍ਸ਼ਾਸਨ ਤੋਂ ਮੰਗ ਕਰਦੇ ਆ ਰਹੇ ਆੜ੍ਹਤੀਆਂ ਨੇ ਅੱਕ ਕੇ ਅੱਜ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਇੱਕ ਘੰਟਾ ਆਵਾਜਾਈ ਠੱਪ ਕੀਤੀ ਅਤੇ ਨਗਰ ਕੌਂਸਲ ਅਤੇ ਹੋਰ ਉੱਚ ਅਧਿਕਾਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਆੜ੍ਹਤੀਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਰਮਨ ਪੁਰੰਗ ਬੌਬੀ, ਗੁਰਦਿਆਲ ਸਿੰਘ ਨਿੱਝਰ, ਮਲਕੀਤ ਸਿੰਘ ਦੌਲਤਪੁਰ, ਧਰਮਪਾਲ ਲੇਸੜੀਵਾਲ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਮੇਜਰ ਸਿੰਘ ਹਰੀਪੁਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਇੰਨੀ ਘਟੀਆ ਸੜਕ ਬਣਾਈ ਗਈ ਕਿ ਮੰਡੀ ਵਿਚ ਕਣਕ ਲੈਕੇ ਆਉਣ ਵਾਲੀ ਟਰਾਲੀ ਸੜਕ ਵਿੱਚ ਧੱਸ ਗਈ ਜਿਸ ਕਾਰਨ ਟਰਾਲੀ ਦਾ ਵੀ ਕਾਫੀ ਨੁਕਸਾਨ ਹੋ ਗਿਆ, ਜਿਸ ’ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆੜ੍ਹਤੀਆਂ ਵਲੋਂ ਮੌਕੇ ਉੱਤੇ ਬੁਲਾਇਆ ਗਿਆ , ਜਿੱਥੇ ਅਧਿਕਾਰੀਆਂ ਵਲੋਂ ਆੜ੍ਹਤੀਆਂ ਨੂੰ ਕਥਿਤ ਮੰਦੀ ਸ਼ਬਦਾਵਲੀ ਬੋਲੀ ਗਈ ਸੀ। ਜਾਮ ਦਾ ਪਤਾ ਲੱਗਦਿਆਂ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਉਪਰੰਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਧਰਨਾਕਾਰੀਆਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀ ਇਸ ਸਮੱਸਿਆ ਦਾ ਹੱਲ 14 ਅਪਰੈਲ ਨੂੰ ਕਰ ਦਿੱਤਾ ਜਾਵੇਗਾ ਤੇ ਧਰਨਾਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ।