ਸੁਰਜੀਤ ਮਜਾਰੀ
ਬੰਗਾ, 23 ਮਈ
ਵਿਧਾਇਕ ਨਛੱਤਰ ਪਾਲ ਨੇ ਕਿਹਾ ਹੈ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਸਵਾਲ ਉਹ ਵਿਧਾਨ ਸਭਾ ’ਚ ਚੁੱਕਣਗੇ ਅਤੇ ਪੰਜਾਬ ਸਰਕਾਰ ਨੂੰ ਟਰੱਸਟ ਦੇ ਇਸ ਮਿਸ਼ਨ ਦੀ ਪੂਰਤੀ ਲਈ ਜ਼ਮੀਨੀ ਪੱਧਰ ’ਤੇ ਕਾਰਜਸ਼ੀਲ ਸਾਬਤ ਹੋਣ ਦੀ ਲੋੜ ’ਤੇ ਜ਼ੋਰ ਦੇਣਗੇ। ਇਹ ਗੱਲ ਉਨ੍ਹਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਦੌਰੇ ਦੌਰਾਨ ਆਖੀ। ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਇਸ ਅਦਾਰੇ ਨੇ 40 ਸਾਲਾਂ ਤੋਂ ਪੇਂਡੂ ਖਿੱਤੇ ’ਚ ਲਗਾਤਾਰ ਸੇਵਾਵਾਂ ਦਾ ਸਫ਼ਲ ਸਹੂਲਤਾਂ ਦਾ ਸਫ਼ਰ ਤੈਅ ਕੀਤਾ ਹੈ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਮੈਡੀਕਲ ਸਟਾਫ਼ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਢਾਹਾਂ ਜੀ ਦਾ ਇਹ ਸੁਪਨਾ ਸੀ ਕਿ ਇੱਥੇ ਮੈਡੀਕਲ ਕਾਲਜ ਦੀ ਸਥਾਪਤੀ ਹੋਵੇ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਮੈਡੀਕਲ ਕਾਲਜ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਇਸ ਤੋਂ ਪਹਿਲਾਂ ਵਿਧਾਇਕ ਡਾ. ਨਛੱਤਰ ਪਾਲ ਦਾ ਟਰੱਸਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਹਸਪਤਾਲ ਦੇ ਚਾਲੀ ਸਾਲਾ ਸਮਾਗਮਾਂ ਨੂੰ ਸਮਰਪਿਤ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।