ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਜਨਵਰੀ
ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਜਦੋਂ ਐੱਸਟੀਐੱਫ ਦੀ ਟੀਮ ਨਸ਼ਾ ਤਸਕਰਾਂ ਦੀ ਕਾਰ ਦਾ ਪਿੱਛਾ ਕਰ ਰਹੀ ਸੀ ਤਾਂ ਨਸ਼ਾ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਜਵਾਬ ਵਿਚ ਐੱਸਟੀਐੱਫ ਦੀ ਟੀਮ ਨੂੰ ਵੀ ਗੋਲੀਆਂ ਚਲਾਉਣੀਆਂ ਪਈਆਂ। ਇਸ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਨਕੋਦਰ ਬੱਸ ਅੱਡੇ ਦੀ ਘੇਰਾਬੰਦੀ ਕਰਕੇ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਨਕੋਦਰ ਬੱਸ ਅੱਡੇ ’ਤੇ ਉਦੋਂ ਦਹਿਸ਼ਤ ਫੈਲ ਗਈ ਜਦੋਂ ਦਿਨ ਦਿਹਾੜੇ ਉਥੇ ਗੋਲੀਆਂ ਚੱਲੀਆਂ। ਨਕੋਦਰ ਪੁਲੀਸ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਐੱਸਟੀਐੱਫ ਦੀ ਟੀਮ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਨਕੋਦਰ ਵੱਲ ਜਾ ਰਹੀ ਇਕ ਸਵਿਫਟ ਕਾਰ ਦਾ ਪਿੱਛਾ ਐੱਸਟੀਐੱਫ ਦੀ ਟੀਮ ਦੀਆਂ ਤਿੰਨ ਗੱਡੀਆਂ ਕਰ ਰਹੀਆਂ ਸਨ। ਜਾਣਕਾਰੀ ਅਨੁਸਾਰ ਐੱਸਟੀਐੱਫ ਦੀ ਟੀਮ ਨੂੰ ਇਹ ਸੂਹ ਮਿਲੀ ਸੀ ਕਿ ਨਸ਼ਾ ਤਸਕਰ ਨਸ਼ੇ ਦੀ ਡੀਲ ਵਾਸਤੇ ਜਾ ਰਹੇ ਹਨ। ਪਰ ਟੀਮ ਨੇ ਡਲਿਵਰੀ ਦੇਣ ਤੋਂ ਪਹਿਲਾਂ ਹੀ ਘੇਰਾਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਫੜ ਲਿਆ। ਖਬਰ ਲਿਖੇ ਜਾਣ ਤੱਕ ਪੁਲੀਸ ਆਪਣੀ ਕਾਰਵਾਈ ਕਰ ਰਹੀ ਸੀ।