ਪੱਤਰ ਪ੍ਰੇਰਕ
ਨਵਾਂਸ਼ਹਿਰ, 6 ਅਗਸਤ
ਅੱਜ ਜਮਹੂਰੀ ਅਧਿਕਾਰ ਸਭਾ ਵੱਲੋਂ ਨਵਾਂਸ਼ਹਿਰ ਵਿੱਚ ਦੂਜੀ ਸੰਸਾਰ ਜੰਗ ਦੌਰਾਨ 6 ਅਗਸਤ 1945 ਨੂੰ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ’ਤੇ ਅਤੇ 9 ਅਗਸਤ ਨੂੰ ਨਾਗਾਸਾਕੀ ਸ਼ਹਿਰ ’ਤੇ ਪ੍ਰਮਾਣੂ ਬੰਬ ਸੁੱਟਣ ਨਾਲ ਮਾਰੇ ਗਏ 2.20 ਲੱਖ ਨਿਰਦੋਸ਼ ਲੋਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਵਜੋਂ ‘ਸਾਮਰਾਜਵਾਦ ਅਤੇ ਜੰਗ’ ਵਿਸ਼ੇ ’ਤੇ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਨੂੰ ਦਲਜੀਤ ਸਿੰਘ ਐਡਵੋਕੇਟ, ਜਸਬੀਰ ਦੀਪ, ਬੂਟਾ ਸਿੰਘ, ਗੁਰਬਖਸ਼ ਕੌਰ ਸੰਘਾ, ਭੁਪਿੰਦਰ ਸਿੰਘ ਵੜੈਚ ਅਤੇ ਮੁਕੰਦ ਲਾਲ ਨੇ ਸੰਬੋਧਨ ਕੀਤਾ। ਉਕਤ ਆਗੂਆਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਮਰੀਕਨ ਸਾਮਰਾਜ ਦਾ ਇਹ ਬਹੁਤ ਵੱਡਾ ਕਾਲਾ ਇਤਿਹਾਸਕ ਕਾਰਨਾਮਾ ਹੈ, ਜਿਸ ਵਿੱਚ ਲੱਖਾਂ ਮਨੁੱਖੀ ਜਾਨਾਂ ਤੇ ਹੀਰੋਸ਼ੀਮਾ ਵਸਦੇ ਰਸਦੇ ਸ਼ਹਿਰ ਨੂੰ ਮਲੀਆਮੇਟ ਕਰ ਦਿੱਤਾ ਗਿਆ। ਪਹਿਲੀ ਅਤੇ ਦੂਜੀ ਸੰਸਾਰ ਜੰਗ ਸਾਮਰਾਜੀ ਮੁਲਕਾਂ ਵੱਲੋਂ ਮੰਡੀਆਂ ਦੀ ਵੰਡ ਨੂੰ ਲੈ ਕੇ ਲੜੀਆਂ ਗਈਆਂ। ਅੱਜ ਸਾਮਰਾਜੀ ਸ਼ਕਤੀਆਂ ਹਥਿਆਰਾਂ ਦੇ ਬਲਬੂਤੇ ਦੂਸਰੇ ਦੇਸ਼ਾਂ ਦੀ ਆਜ਼ਾਦੀ ਨੂੰ ਖਰੀਦਦੀਆਂ ਹਨ। ਉਨ੍ਹਾਂ ਕਿਹਾ ਕਿ ਸਾਮਰਾਜ ਦਾ ਦੂਜਾ ਨਾਂਅ ਜੰਗ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸਾਮਰਾਜੀਆਂ ਨੇ ਸਮੇਤ ਅਫਗਾਨਿਸਤਾਨ ਮੱਧਪੂਰਵੀ ਦੇਸ਼ਾਂ ਨੂੰ ਖੰਡਰਾਤ ਤੇ ਕਬਰਾਂ ਵਿਚ ਬਦਲ ਦਿੱਤਾ ਹੈ। ਸਾਮਰਾਜੀ ਨੀਤੀਆਂ ਕਾਰਨ ਦੁਨੀਆਂ ਪ੍ਰਮਾਣੂ ਹਥਿਆਰਾਂ ਦੀ ਭੱਠੀ ਉੱਤੇ ਬੈਠੀ ਹੈ। ਇਨ੍ਹਾਂ ਲਈ ਹਥਿਆਰਾਂ ਦੀ ਦੌੜ ਅੰਤਹੀਣ ਅਤੇ ਤਬਾਹੀ ਦੀ ਦੌੜ ਹੈ। ਇਨ੍ਹਾਂ ਲਈ ਮਨੁੱਖੀ ਹੱਕ ਕੋਈ ਅਰਥ ਨਹੀਂ ਰੱਖਦੇ। ਉਹਨਾਂ ਕਿਹਾ ਕਿ ਸਾਮਰਾਜੀਆਂ ਵਲੋਂ ਥੋਪੀ ਗਈ ਕੋਈ ਵੀ ਜੰਗ ਹੱਕੀ ਜੰਗ ਨਹੀਂ ਹੈ,ਸਾਨੂੰ ਹੱਕੀ ਅਤੇ ਨਿਹੱਕੀ ਜੰਗ ਵਿਚਕਾਰ ਨਿਖੇੜਾ ਕਰਨ ਦੀ ਲੋੜ ਹੈ।