ਪੱਤਰ ਪ੍ਰੇਰਕ
ਫਗਵਾੜਾ, 6 ਅਕਤੂਬਰ
ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਵਾਲੀਆਂ ਯੋਜਵਾਨਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਉਣ। ਇਹ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਲੋਂ ਅੱਜ ਨਗਰ ਨਿਗਮ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ। ਇੱਥੇ ਨਗਰ ਨਿਗਮ ਫਗਵਾੜਾ ਦੇ ਦਫਤਰ ਵਿੱਚ ਅਧਿਕਾਰੀਆਂ ਦੀ ਹਾਜ਼ਰੀ ’ਚ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਤੇ ਐੱਮਪੀ ਲੈੱਡ, ਅੰਮ੍ਰਿਤ ਸਰੋਵਰ ਤੇ ਪੀਐੱਮ ਸਵਾਨਿਧੀ ਯੋਜਨਾ ਦੀ ਸਮੀਖਿਆ ਕੀਤੀ ਗਈ।
ਉਨ੍ਹਾਂ ਕਿਹਾ ਕਿ ਐੱਮਪੀ ਲੈੱਡ ਤਹਿਤ ਉਨ੍ਹਾਂ ਵੱਲੋਂ ਜੋ ਪੈਸੇ ਜਾਰੀ ਕੀਤੇ ਗਏ ਹਨ, ਨੂੰ ਜਲਦ ਤੋਂ ਜਲਦ ਖਰਚ ਕਰਕੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ ਤਾਂ ਜੋ ਹੋਰ ਫੰਡ ਜਾਰੀ ਕੀਤੇ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਵਿਕਾਸ ਕੰਮਾਂ ਸਬੰਧੀ ਐਸਟੀਮੇਟ ਤੁਰੰਤ ਤਿਆਰ ਕਰਕੇ ਭੇਜੇ ਜਾਣ ਤਾਂ ਜੋ ਵਿਕਾਸ ਕੰਮਾਂ ਨੂੰ ਹੋਰ ਹੁਲਾਰਾ ਮਿਲ ਸਕੇ। ਏਡੀਸੀ ਡਾ. ਨਯਨ ਨੇ ਭਰੋਸਾ ਦਿੱਤਾ ਕਿ ਲੋਕ ਹਿੱਤਾਂ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਤੇ ਵਿਕਾਸਮੁਖੀ ਯੋਜਨਾਵਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇਗਾ।