ਧਰਮਸ਼ਾਲਾ, 25 ਅਪਰੈਲ
ਤਿੱਬਤ ਦੀ ਜਲਾਵਤਨ ਸਰਕਾਰ ਨੇ ਭਾਰਤ ਅਤੇ ਹੋਰ ਜਮਹੂਰੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਚੇਨ ਲਾਮਾ ਗੇਧੁਨ ਚੋਇਕੀ ਨੀਮਾ ਦਾ ਪਤਾ ਲਾਉਣ ਲਈ ਚੀਨ ’ਤੇ ਦਬਾਅ ਪਾਉਣ। ਉਨ੍ਹਾਂ ਪੰਚੇਨ ਲਾਮਾ ਦੇ ਕਰੀਬ 29 ਸਾਲ ਪਹਿਲਾਂ ਚੀਨ ’ਚੋਂ ਲਾਪਤਾ ਹੋਣ ਦੀ ਪੜਤਾਲ ਲਈ ਆਜ਼ਾਦ ਤੱਥ ਖੋਜ ਕਮਿਸ਼ਨ ਬਣਾਉਣ ਦੀ ਮੰਗ ਵੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਧਰਮਸ਼ਾਲਾ ’ਚ ਚੋਇਕੀ ਨੀਮਾ ਦੀ 35ਵੀਂ ਜਨਮ ਵਰ੍ਹੇਗੰਢ ਦੇ ਸਮਾਗਮ ਮੌਕੇ ਇਹ ਮੰਗ ਕੀਤੀ ਗਈ। ਉਹ ਦਲਾਈ ਲਾਮਾ ਨੂੰ ਪੰਚੇਨ ਲਾਮਾ ਬਣਾਏ ਜਾਣ ਦੇ ਤਿੰਨ ਦਿਨਾਂ ਮਗਰੋਂ ਲਾਪਤਾ ਹੋ ਗਏ ਸਨ। ਚੀਨ ਨੇ ਇਸ ਨਿਯੁਕਤੀ ਨੂੰ ਨਕਾਰਦਿਆਂ ਗਿਆਲਤਸੇਨ ਨੋਰਬੂ ਨੂੰ ਆਪਣਾ ਪੰਚੇਨ ਲਾਮਾ ਥਾਪ ਦਿੱਤਾ ਸੀ। ਉੱਘੇ ਤਿੱਬਤੀ ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਹੋਰ ਮੁਲਕਾਂ ਦੀਆਂ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਗਈ ਕਿ ਉਹ ਚੀਨ ’ਚ ਆਪਣੇ ਸਫ਼ੀਰਾਂ ਨੂੰ 11ਵੇਂ ਪੰਚੇਨ ਲਾਮਾ ਨਾਲ ਮੁਲਾਕਾਤ ਦੇ ਨਿਰਦੇਸ਼ ਦੇਣ ਅਤੇ ਉਨ੍ਹਾਂ ਦੇ ਥਹੁ-ਟਿਕਾਣੇ ਅਤੇ ਸਲਾਮਤੀ ਦਾ ਪਤਾ ਲਾਉਣ। ਤਿੱਬਤ ਦੀ ਜਲਾਵਤਨ ਸਰਕਾਰ ਦੇ ਸਿਆਸੀ ਵਿੰਗ ਦੇ ਮੁਖੀ ਪੇਨਪਾ ਤਸੇਰਿੰਗ ਨੇ ਕਿਹਾ ਕਿ ਸਾਡੀ ਚਿੰਤਾ ਇਸ ਗੱਲ ਦੀ ਹੈ ਕਿ ਪੰਚੇਨ ਰਿਨਪੋਸ਼ੇ ਜਿਊਂਦੇ ਵੀ ਹਨ ਜਾਂ ਨਹੀਂ। -ਪੀਟੀਆਈ