ਪੀੜਤ ਲੜਕੀ ਦੀ ਸਹੇਲੀ ਤੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ
ਐਨ.ਪੀ. ਧਵਨ
ਪਠਾਨਕੋਟ, 17 ਅਕਤੂਬਰ
ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਜੁਰਮ ਵਿੱਚ ਥਾਣਾ ਸ਼ਾਹਪੁਰਕੰਡੀ ਦੀ ਪੁਲੀਸ ਨੇ ਇੱਕ ਨੌਜਵਾਨ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਪੀੜਤ ਲੜਕੀ ਦੀ ਸਹੇਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਪੀੜਤ ਲੜਕੀ ਦੀ ਮਾਤਾ ਵਾਸੀ ਕਾਹਨਪੁਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ 11 ਵਰ੍ਹਿਆਂ ਦੀ ਲੜਕੀ 15 ਅਕਤੂਬਰ ਦੀ ਸ਼ਾਮ ਨੂੰ 5.30 ਵਜੇ ਆਪਣੀ ਸਹੇਲੀ ਨਾਲ ਦਸਹਿਰਾ ਦੇਖਣ ਕਾਹਨਪੁਰ ਗਈ ਸੀ ਪਰ ਬਾਅਦ ਵਿੱਚ ਘਰ ਵਾਪਸ ਨਾ ਆਈ। ਉਸ ਨੇ ਆਪਣੀ ਲੜਕੀ ਦੀ ਸਹੇਲੀ ਨੂੰ ਪੁੱਛਿਆ ਜਿਸ ਨੇ ਦੱਸਿਆ ਕਿ ਉਹ ਦਸਹਿਰਾ ਵੇਖਣ ਤੋਂ ਬਾਅਦ ਸਾਜਨ ਵਾਸੀ ਝੜੋਲੀ ਨਾਲ ਡਮਟਾਲ ਚਲੀ ਗਈ ਸੀ। ਜਦੋਂ ਉਹ ਆਪਣੇ ਪਤੀ ਨਾਲ ਲੜਕੀ ਦੀ ਭਾਲ ਕਰਦੇ ਹੋਏ ਡਮਟਾਲ ਦੇ ਇਕ ਹੋਟਲ ਪੁੱਜੇ ਤਾਂ ਹੋਟਲ ਦੇ ਬਾਹਰ ਉਨ੍ਹਾਂ ਨੂੰ ਉਸ ਦੀ ਲੜਕੀ ਦਿਖਾਈ ਦਿੱਤੀ ਜਿਸ ਨੂੰ ਉਹ ਘਰ ਲੈ ਆਏ ਤੇ ਉਸ ਤੋਂ ਪੁੱਛਿਆ ਤਾਂ ਲੜਕੀ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਦੇ ਕਹਿਣ ’ਤੇ ਦਸਹਿਰਾ ਦੇਖਣ ਤੋਂ ਬਾਅਦ ਸਾਜਨ ਨਾਲ ਉਸ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਲੀ ਗਈ। ਸਾਜਨ ਨੇ ਹੋਟਲ ਵਿੱਚ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਥਾਣਾ ਸ਼ਾਹਪੁਰਕੰਡੀ ਦੇ ਮੁਖੀ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ਅਨੁਸਾਰ ਲੜਕੀ ਦੀ ਸਹੇਲੀ ਤੇ ਸਾਜਨ ਵਾਸੀ ਝੜੋਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।