ਪਠਾਨਕੋਟ: ਪੰਜਾਬ ਸਟੇਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸੁਜਾਨਪੁਰ ਵਿੱਚ ਹੈੱਡ ਮਾਸਟਰ ਬਲਵੰਤ ਰਾਏ ਦੀ ਅਗਵਾਈ ਵਿੱਚ ਮੰਗਾਂ ਮਨਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ। ਇਸ ਵਿੱਚ ਰਾਮਦਾਸ ਸ਼ਰਮਾ, ਰਮੇਸ਼ ਸ਼ਰਮਾ, ਨਰਮੋਹਨ ਸਿੰਘ, ਬਾਲ ਮੁਕੰਦ, ਕਰਮ ਸਿੰਘ, ਅਸ਼ੋਕ ਸ਼ਾਸਤਰੀ, ਕੇਵਲ ਕ੍ਰਿਸ਼ਨ, ਗੁਰਦਾਸ ਮੱਲ ਆਦਿ ਹਾਜ਼ਰ ਸਨ। ਇਸ ਮੌਕੇ ਹੈੱਡ ਮਾਸਟਰ ਬਲਵੰਤ ਰਾਏ ਅਤੇ ਰਾਮਦਾਸ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ 2.59 ਦੇ ਫਾਰਮੂਲੇ ਨਾਲ ਪੈਨਸ਼ਨ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 12 ਫੀਸਦੀ ਮਹਿੰਗਾਈ ਭੱਤੇ ਦੇ ਬਕਾਏ ਅਤੇ ਤਨਖਾਹ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੇ ਕਿਰਾਏ ਵਿੱਚ 2000 ਰੁਪਏ ਪ੍ਰਤੀ ਮਹੀਨਾ ਛੋਟ ਦਿੱਤੀ ਜਾਵੇ। -ਪੱਤਰ ਪ੍ਰੇਰਕ