ਜਗਜੀਤ ਸਿੰਘ
ਮੁਕੇਰੀਆਂ, 12 ਨਵੰਬਰ
ਭੰਗਾਲਾ ਪੁਲੀਸ ਚੌਕੀ ਵਿੱਚ ਇਨਸਾਫ ਲਈ ਆਉਂਦੇ ਸ਼ਿਕਾਇਤਕਰਤਾਵਾਂ ਦੀ ਖੱਜਲ-ਖੁਆਰੀ ਖਿਲਾਫ਼ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਚੌਕੀ ਅੱਗੇ ਰੋਸ ਧਰਨਾ ਦਿੱਤਾ ਗਿਆ। ਸਭਾ ਦੇ ਤਹਿਸੀਲ ਪ੍ਰਧਾਨ ਅਸ਼ੋਕ ਮਹਾਜਨ ਅਤੇ ਰਘੁਵੀਰ ਸਿੰਘ ਦੀ ਅਗਵਾਈ ਵਿੱਚ ਲੱਗੇ ਇਸ ਧਰਨੇ ਦੌਰਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ।
ਆਗੂਆਂ ਨੇ ਦੋਸ਼ ਲਾਇਆ ਕਿ ਆਪਣੀਆਂ ਧੱਕੇਸ਼ਾਹੀਆਂ ਖਿਲਾਫ਼ ਇਨਸਾਫ਼ ਲਈ ਭੰਗਾਲਾ ਚੌਕੀ ਵਿੱਚ ਆਉਂਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਥਾਂ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਿੰਡਾਂ ਵਿੱਚ ਆਪਸੀ ਤਣਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ। ਲੋਕਾਂ ਨੂੰ ਇਨਸਾਫ਼ ਦੁਆਉਣ ਦਾ ਦਾਅਵਾ ਕਰਨ ਵਾਲੀ ਪੁਲੀਸ ਪਿੰਡਾਂ ਵਿੱਚ ਰਾਜਸੀ ਧੜੇਬੰਦੀ ਸਥਾਪਤ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਥਾਣੇ ਮੂਹਰੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਧਰਨੇ ਦੌਰਾਨ ਪੁੱਜੇ ਐੱਸਐੱਚਓ ਬਲਵਿੰਦਰ ਸਿੰਘ ਨੇ ਕੁਝ ਮਸਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਦਿਆਂ ਰਹਿੰਦੇ ਮਸਲੇ ਤਿੰਨ ਦਿਨਾਂ ਅੰਦਰ ਨਬਿੇੜਨ ਦਾ ਭਰੋਸਾ ਦੁਆਇਆ, ਜਿਸ ਉਪਰੰਤ ਧਰਨਾਕਾਰੀਆਂ ਆਪਣਾ ਧਰਨਾ ਸਮਾਪਤ ਕਰ ਦਿੱਤਾ।