ਜਗਜੀਤ ਸਿੰਘ
ਮੁਕੇਰੀਆਂ, 13 ਜੁਲਾਈ
ਕੋਵਿਡ-19 ਦੌਰਾਨ ਨਿਰਵਿਘਨ ਬਿਜਲੀ ਸਪਲਾਈ ਲਈ ਡਿਊਟੀ ਦੇ ਰਹੇ ਲਾਈਨਮੈਨ ਦੀ ਸ਼ਹਿਰ ਦੇ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਕਥਿਤ ਸ਼ਰਾਬੀ ਹਾਲਤ ਵਿਚ ਕੁੱਟਮਾਰ ਕਰਨ ਅਤੇ ਦਸਤਾਰ ਦੀ ਬੇਦਅਦਬੀ ਕਰਨ ਖ਼ਿਲਾਫ਼ ਪਾਵਰਕੌਮ ਅਧਿਕਾਰੀ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਜ਼ਖ਼ਮੀ ਲਾਈਨਮੈਨ ਸਿਵਲ ਹਸਪਤਾਲ ਮੁਕੇਰੀਆਂ ਵਿਚ ਦਾਖ਼ਲ ਹੈ ਤੇ ਊਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਕੰਮਕਾਜ ਠੱਪ ਕਰਨ ਦੀ ਚਿਤਾਵਨੀ ਦਿੱਤੀ ਹੈ। ਲਾਈਨਮੈਨ ਦੀ ਕੁੱਟਮਾਰ ਕਾਰਨ ਸ਼ਹਿਰ ਦੇ ਕੁਝ ਖੇਤਰ ਦੀ ਬਿਜਲੀ ਸਪਲਾਈ ਕਰੀਬ 4 ਘੰਟੇ ਬੰਦ ਰਹੀ।
ਸਹਾਇਕ ਕਾਰਜਕਾਰੀ ਇੰਜਨੀਅਰ ਹਰਮਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲਾਈਨਮੈਨ ਗੁਰਨਾਮ ਸਿੰਘ ਦੀ ਡਿਊਟੀ ਸ਼ਹਿਰ ਦੇ ਸ਼ਿਕਾਇਤ ਕੇਂਦਰ ਵਿਚ ਲੌਕਡਾਊਨ ਦੌਰਾਨ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਲੱਗੀ ਹੋਈ ਹੈ। ਬੀਤੀ ਸ਼ਾਮ ਜਦੋਂ ਲਾਈਨਮੈਨ ਗੁਰਨਾਮ ਸਿੰਘ ਆਪਣੇ ਸਾਥੀਆਂ ਸਮੇਤ ਸ਼ਿਕਾਇਤ ਨਿਪਟਾ ਕੇ ਸ਼ਿਕਾਇਤ ਕੇਂਦਰ ਦੇ ਬਾਹਰ ਲੱਗੇ ਜੀ.ਓ. ਸਵਿੱਚ ਕੋਲ ਦੂਜੀ ਸ਼ਿਕਾਇਤ ਦਾ ਨਿਵਾਰਨ ਕਰਨ ਲਈ ਆਇਆ ਤਾਂ ਕਥਿਤ ਸ਼ਰਾਬੀ ਹਾਲਤ ਵਿੱਚ ਸੌਰਵ ਵਰਮਾ ਤੇ ਮੋਹਿਤ ਵਰਮਾ ਤੇ ਉਸ ਦੇ 3-4 ਸਾਥੀਆਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ, ਦਸਤਾਰ ਉਤਾਰੀ ਅਤੇ ਦਾੜ੍ਹੀ ਤੇ ਕੇਸਾਂ ਦੀ ਬੇਅਦਬੀ ਕਰਦਿਆਂ ਗਾਲੀ ਗਲੋਚ ਕੀਤਾ। ਰੌਲਾ ਪੈਣ ’ਤੇ ਪੁੱਜੇ ਉਸ ਦੇ ਸਾਥੀਆਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਨਸਾਫ਼ ਨਾ ਮਿਲਣ ’ਤੇ ਸਬੰਧਤ ਦਫ਼ਤਰ ਦਾ ਸਾਰਾ ਕੰਮ ਠੱਪ ਕਰ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ ਜਥੇਦਾਰ ਗੁਰਵਤਨ ਸਿੰਘ ਨੇ ਡੀਐੱਸਪੀ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਮੰਗੀ ਹੈ।
ਹੁਸ਼ਿਆਰਪੁਰ ’ਚ 7 ਨਵੇਂ ਕੇਸ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ ’ਚ ਅੱਜ 7 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 207 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਰੀਜ਼ਾਂ ’ਚ ਦੋ ਪੰਜਾਬ ਪੁਲੀਸ ਦੇ ਜਵਾਨ ਹਨ। ਦੋ ਵਿਦੇਸ਼ ਤੋਂ ਆਏ ਹਨ, ਜੋ ਗੜ੍ਹਸ਼ੰਕਰ ਨਾਲ ਸਬੰਧਤ ਹਨ। ਦੋ ਖੜਕਾਂ ਕੈਂਪ ਤੇ ਇੱਕ ਚੱਕ ਸਾਦੂ ਨਾਲ ਸਬੰਧਤ ਹੈ।
ਪਠਾਨਕੋਟ (ਪੱਤਰ ਪ੍ਰੇਰਕ): ਕਰੋਨਾ ਪਾਜ਼ੇਟਿਵ ਪਠਾਨਕੋਟ ਵਾਸੀ ਧਰਮਪਾਲ (84) ਦੀ ਬੀਤੇ ਦਿਨ ਮੌਤ ਹੋਣ ਮਗਰੋਂ ਅੱਜ ਦੇਰ ਸ਼ਾਮ 182 ਸੈਂਪਲਾਂ ਦੀ ਆਈ ਰਿਪੋਰਟ ਵਿਚ ਮ੍ਰਿਤਕ ਦੀ ਨੂੰਹ, ਪੋਤਰਾ ਤੇ ਪੋਤਰੀ ਵੀ ਪਾਜ਼ੇਟਿਵ ਆ ਗਏ ਹਨ। ਇਸ ਤੋਂ ਇਲਾਵਾ ਪੰਜ ਹੋਰ ਕਰੋਨਾ ਪਾਜ਼ੇਟਿਵ ਆਏ ਹਨ।
ਵਿਧਾਇਕ ਦੇ ਪੁੱਤਰ ਨੂੰ ਵੀ ਕਰੋਨਾ
ਫਗਵਾੜਾ (ਜਸਬੀਰ ਸਿੰਘ ਚਾਨਾ ): ਇੱਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਦੇ ਪੁੱਤਰ ਨੂੰ ਵੀ ਕਰੋਨਾ ਹੋ ਗਿਆ ਹੈ। ਉਨ੍ਹਾਂ ਸਮੇਤ ਅੱਜ ਤਿੰਨ ਵਿਅਕਤੀ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚ ਇਕ ਪੁਲੀਸ ਕਰਮਚਾਰੀ ਵੀ ਸ਼ਾਮਲ ਹੈ। ਐੱਸਐੱਮਓ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਧਾਰੀਵਾਲ ਦੇ ਪੁੱਤਰ ਨੂੰ ਸ਼ਾਹਕੋਟ ਦੇ ਆਈਐੱਮਏ ਆਈਸੋਲੇਸ਼ਨ ਸੈਂਟਰ ਵਿੱਚ ਭੇਜਿਆ ਗਿਆ ਹੈ।