ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 1 ਸਤੰਬਰ
ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਨੇ ਚੇਅਰਮੈਨ ਮੱਖਣ ਲੁਹਾਰ ਅਤੇ ਜਨਰਲ ਸਕੱਤਰ ਜਗਦੀਸ਼ ਰਾਣਾ ਦੁਆਰਾ ਸੰਪਾਦਤ 52 ਕਵੀਆਂ ਦੀਆਂ ਰਚਨਾਵਾਂ ਵਾਲਾ ਕਾਵਿ ਸੰਗ੍ਰਹਿ ‘ਸ਼ਬਦਾਂ ਦੀ ਲੋਅ’ ਲੋਕ ਅਰਪਣ ਕੀਤਾ। ਇਸੇ ਦੌਰਾਨ ਸ੍ਰੀ ਗੁਰੂ ਰਵਿਦਾਸ ਮੰਦਰ ਰੁੜਕਾ ਰੋਡ ਗੁਰਾਇਆ ਵਿਖੇ ਸਮਾਰੋਹ ਮੌਕੇ ਮਰਹੂਮ ਉਸਤਾਦ ਸ਼ਾਇਰ ਰਜਿੰਦਰ ਪਰਦੇਸੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਜੀਵ ਕੁਮਾਰ ਹੀਰ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ, ਮੱਖਣ ਲੁਹਾਰ, ਪ੍ਰੋ. ਸੰਧੂ ਵਰਿਆਣਵੀ, ਜਗਦੀਸ਼ ਰਾਣਾ, ਮਿਸ਼ਨਰੀ ਲੇਖਕ ਸੋਹਣ ਸਹਿਜਲ, ਸੁਰਿੰਦਰ ਸੇਠੀ, ਡਾ. ਜਸਬੀਰ ਸਿੰਘ ਘੁਲਾਲ ਅਤੇ ਸ਼ਾਮ ਸਰਗੁੰਦੀ ਨੇ ਕੀਤੀ। ਇਸ ਮੌਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ ਦੇ ਚੇਅਰਮੈਨ ਗੀਤਕਾਰ ਮੱਖਣ ਲੁਹਾਰ ਨੇ ਸਾਰਿਆਂ ਦੀ ਸਲਾਹ ਨਾਲ ਪ੍ਰਸਿੱਧ ਸ਼ਾਇਰ ਭਜਨ ਵਿਰਕ ਤੇ ਸੋਹਣ ਸਹਿਜਲ ਨੂੰ ਮੰਚ ਦਾ ਸਰਪ੍ਰਸਤ ਨਿਯੁਕਤ ਕੀਤਾ। ਇਸ ਦੇ ਨਾਲ ਹੀ ਗੀਤਕਾਰ ਦਵਿੰਦਰ ਜੱਸਲ ਦੇ ਗੀਤ ‘ਸਾਡਾ ਨਾਮ’ ਅਤੇ ਜੱਖੂ ਜਰਮਨ ਦੇ ਗੀਤ ‘ਨਿਕਲੋ ਬਾਹਰ ਮਕਾਨੋਂ ਸੇ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਮੰਚ ਵਲੋਂ ਕਵਿੱਤਰੀ ਨੇਚਰਦੀਪ ਕਾਹਲੋਂ ਦੀ ਪੁਸਤਕ ‘ਤੈਨੂੰ ਪਤੈ’ ਅਤੇ ਕਨੇਡਾ ਵੱਸਦੀ ਕਵਿੱਤਰੀ ਸੁਖਦੀਪ ਕੌਰ ਸੰਧੂ ਦੀ ਪੁਸਤਕ ‘ਤੇਰੇ ਜਾਣ ਤੋਂ ਬਾਅਦ’ ਵੀ ਲੋਕ ਅਰਪਣ ਕੀਤੀਆਂ ਗਈਆਂ। ਪ੍ਰੋਗਰਾਮ ਦੇ ਅਖ਼ੀਰ ਵਿਚ ਆਜ਼ਾਦ ਰੰਗ ਮੰਚ ਵਲੋਂ ਮੱਖਣ ਲੁਹਾਰ ਦੇ ਗੀਤ ‘ਗੈਰਾਂ ਲਈ ਲੜੇ ਬਥੇਰਾ ਹੁਣ ਆਪਣੇ ਲਈ ਲੜਨਾ ਹੈ’ ’ਤੇ ਕੋਰੀਓਗ੍ਰਾਫੀ ਕੀਤੀ ਗਈ।