ਪਾਲ ਸਿੰਘ ਨੌਲੀ
ਜਲੰਧਰ, 20 ਦਸੰਬਰ
ਭੁਲੱਥ ਹਲਕੇ ਦੇ ਪਿੰਡ ਮਿਰਜ਼ਾਪੁਰ ਦੀ ਪੰਚਾਇਤ ਵੱਲੋਂ ਐੱਸਸੀ ਭਾਈਚਾਰੇ ਵਿੱਚੋਂ ਲੋੜਵੰਦਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਲਈ ਸੱਦਿਆ ਗਿਆ ਵਿਸ਼ੇਸ਼ ਇਜਲਾਸ ਇਹ ਕਹਿ ਕੇ ਮੁਲਤਵੀ ਕਰ ਦਿੱਤਾ ਕਿ ਇਸ ਦਾ ਕੋਰਮ ਪੂਰਾ ਨਹੀਂ ਹੈ ਜਦ ਕਿ ਪਲਾਟ ਮੰਗਣ ਗਏ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਕੋਰਮ ਪੂਰਾ ਸੀ ਪਰ ਪੰਜਾਬ ਸਰਕਾਰ ਦੀ ਸ਼ਹਿ ’ਤੇ ਅਜਿਹਾ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੇ ਇੱਕਠ ਵਿੱਚ ਸ਼ਾਮਿਲ ਔਰਤਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ।ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਕਾਂਗਰਸੀ ਵਿਧਾਇਕਾਂ ਨੂੰ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਪੰਚ ਦੇ ਪਤੀ ਅਤੇ ਹੋਰ ਕਾਂਗਰਸੀ ਆਗੂਆਂ ਨੇ ਅੱਜ ਪਹਿਲਾਂ ਹੀ ਤੈਅਸ਼ੁਦਾ ਗ੍ਰਾਮ ਸਭਾ ਇਜਲਾਸ ਦੇ ਬਰਾਬਰ ਸਾਜ਼ਿਸ਼ ਤਹਿਤ ਬੇਜ਼ਮੀਨੇ ਕਿਰਤੀਆਂ ਦਾ ਰਿਹਾਇਸ਼ੀ ਪਲਾਟਾਂ ਦਾ ਹੱਕ ਮਾਰਨ ਲਈ ਜਾਣਬੁੱਝ ਕੇ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਦਾ ਪ੍ਰੋਗਰਾਮ ਰੱਖਿਆ। ਸੈਂਕੜੇ ਗ੍ਰਾਮ ਸਭਾ ਮੈਂਬਰ ਸਵੇਰੇ 11 ਵਜੇ ਤੋਂ ਹੀ ਇਜਲਾਸ ਵਾਲੇ ਸਥਾਨ ਉੱਤੇ ਆੳਣੇ ਸ਼ੁਰੂ ਹੋ ਗਏ ਸਨ। ਜਦੋਂ ਮਜ਼ਦੂਰਾਂ ਦੀ ਗੱਲ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨਾਅਰਾ ਬੁਲੰਦ ਕੀਤਾ,‘ ਘਰ ਘਰ ਦੇ ਵਿੱਚ ਚੱਲਦੀ ਗੱਲ, ਕਾਂਗਰਸੀ ਹੀਚੰਨੀ ਦੀ ਸੁਣਦੇ ਨੀ ਗੱਲ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਪਲਾਟ ਦੇਣ ਦੇ ਕੀਤੇ ਐਲਾਨ ਦੀ ਕਾਂਗਰਸੀ ਪੰਚਾਇਤਾਂ ਤੇ ਆਗੂ ਖ਼ੁਦ ਹੀ ਫੂਕ ਕੱਢ ਰਹੇ ਹਨ।
ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਤਹਿਸੀਲ ਪ੍ਰਧਾਨ ਅਮਰੀਕ ਸਿੰਘ ਬੂਲੇਵਾਲ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਬਲਕਾਰ ਸਿੰਘ,ਸਕੱਤਰ ਲਖਵਿੰਦਰਪਾਲ ਸਿੰਘ ਤੇ ਇੰਦਰਜੀਤ ਸਿੰਘ ਵਲੋਂ ਸਾਂਝੀ ਮੀਟਿੰਗ ਉਪਰੰਤ ਐਲਾਨ ਕੀਤਾ ਕਿ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤਹਿਤ ਕਾਂਗਰਸੀ ਮੰਤਰੀਆਂ, ਵਿਧਾਇਕਾਂ ਆਦਿ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ।