ਪਾਲ ਸਿੰਘ ਨੌਲੀ
ਜਲੰਧਰ, 12 ਅਪਰੈਲ
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਾਲ ਵਿਭਾਗ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਕੰਪਿਊਟਰੀਕਰਨ ਨੂੰ ਹੋਰ ਉਤਸ਼ਾਹਿਤ ਕਰਨ ਲਈ 52.80 ਲੱਖ ਰੁਪਏ ਦੀ ਲਾਗਤ ਨਾਲ ਜਲੰਧਰ ਦੇ 88 ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਨਵੇਂ ਲੈਪਟਾਪ ਮੁਹੱਈਆ ਕਰਵਾਏ ਗਏ ਹਨ।ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਮਾਲ ਅਧਿਕਾਰੀਆਂ ਨੂੰ ਫੀਲਡ ਵਿੱਚ ਕੰਮ ਕਰਨ ਦੌਰਾਨ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਪਟਵਾਰੀਆਂ ਅਤੇ ਕਾਨੂੰਨਗੋਆਂ ਦੇ ਫੀਲਡ ਦੌਰੇ ਦੌਰਾਨ ਰੁਟੀਨ ਦੇ ਕੰਮਕਾਜ ਵਿੱਚ ਵਿਘਨ ਨਾ ਪਵੇ। ਮਾਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਵੇਂ ਲੈਪਟਾਪ ਖ਼ਰੀਦਣ ਲਈ ਅਧਿਕਾਰੀਆਂ ਨੂੰ 60,000 ਤੱਕ ਦੀ ਯਕਮੁਸ਼ਤ ਰਾਸ਼ੀ ਦਿੱਤੀ ਗਈ ਸੀ। ਅਧਿਕਾਰੀਆਂ ਵੱਲੋਂ ਸਾਮਾਨ ਦੀ ਖ਼ਰੀਦ ਕਰਨ ਤੋਂ ਬਾਅਦ ਆਪਣੇ ਬਿੱਲ ਜ਼ਿਲ੍ਹਾ ਮਾਲ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾ ਕਰਵਾ ਦਿੱਤੇ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਖ਼ਰੀਦ ਦੀ ਤਸਦੀਕ ਉਪਰੰਤ ਪ੍ਰਸ਼ਾਸਨ ਵੱਲੋਂ ਰਾਸ਼ੀ ਦੀ ਅਦਾਇਗੀ ਕਰ ਦਿੱਤੀ ਗਈ ਹੈ। ਸਬੰਧਤ ਅਧਿਕਾਰੀ ਨੂੰ 300 ਰੁਪਏ ਪ੍ਰਤੀ ਮਹੀਨਾ ਇੰਟਰਨੈੱਟ ਖਰਚੇ ਵਜੋਂ ਵੀ ਅਦਾ ਕੀਤੇ ਜਾਣਗੇ। ਕੰਮਕਾਜ ਨੂੰ ਹੋਰ ਡਿਜੀਟਾਈਜ਼ ਅਤੇ ਕੰਪਿਊਟਰੀਕਰਨ ਦੀ ਦਿਸ਼ਾ ਵਿੱਚ ਇਸ ਫੈਸਲੇ ਨੂੰ ਕ੍ਰਾਂਤੀਕਾਰੀ ਕਦਮ ਦੱਸਦਿਆਂ ਘਨਸ਼ਿਆਮ ਥੋਰੀ ਨੇ ਕਿਹਾ ਕਿ ਜੇ ਕੋਈ ਅਧਿਕਾਰੀ ਬਾਕੀ ਰਹਿੰਦੇ ਹਨ ਤਾਂ ਉਹ ਤੁਰੰਤ ਨਵੇਂ ਲੈਪਟਾਪ ਖਰੀਦ ਕਰਨ ਅਤੇ ਭੁਗਤਾਨ ਦੀ ਜਲਦ ਅਦਾਇਗੀ ਲਈ ਬਿੱਲ ਡੀ.ਆਰ.ਓ ਦਫ਼ਤਰ ਵਿਖੇ ਜਮ੍ਹਾ ਕਰਵਾ ਦੇਣ।