ਭਗਵਾਨ ਦਾਸ ਸੰਦਲ
ਦਸੂਹਾ, 2 ਜੂਨ
ਇੱਥੋਂ ਦੇ ਨੇੜਲੇ ਕਸਬਾ ਘੋਗਰਾ ਤੋਂ ਇਕ ਅਖਬਾਰ ਦੇ ਪੱਤਰਕਾਰ ਰਵਿੰਦਰ ਸਲਾਰੀਆ (35) ਪੁੱਤਰ ਹਰਭਜਨ ਸਿੰਘ ਵਾਸੀ ਘੋਗਰਾ ਉੱਤੇ ਲੰਘੀ ਰਾਤ ਤਿੰਨ ਵਿਅਕਤੀਆਂ ਨੇ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਹਮਲਾਵਰਾਂ ਨੇ ਪੱਤਰਕਾਰ ਦੇ ਸਿਰ ਵਿੱਚ ਲੋਹੇ ਦੀਆਂ ਰਾਡਾਂ ਨਾਲ ਵਾਰ ਕੀਤੇ। ਗੰਭੀਰ ਜ਼ਖਮੀ ਰਵਿੰਦਰ ਸਲਾਰੀਆ ਸਿਵਲ ਹਸਪਤਾਲ ਦਸੂਹਾ ਵਿੱਚ ਜ਼ੇਰੇ ਇਲਾਜ ਹੈ। ਮੁਲਜ਼ਮਾਂ ਦੀ ਪਛਾਣ ਰਘਵੀਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਮਨਦੀਪ ਸਿੰਘ ਉਰਫ ਮਨੀ (ਸਾਰੇ ਵਾਸੀ ਘੋਗਰਾ) ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਪੁਲੀਸ ਨੇ ਆਈ.ਪੀ.ਸੀ ਦੀ ਧਾਰਾ 323, 295-ਏ, 379 ਤੇ 31 ਤਹਿਤ ਕੇਸ ਦਰਜ ਕਰ ਲਿਆ ਹੈ।
ਰਵਿੰਦਰ ਸਲਾਰੀਆ ਨੇ ਦੱਸਿਆ ਕਿ ਘੋਗਰਾ ਦੇ ਸਰਕਾਰੀ ਸਕੂਲ ਮੂਹਰੇ ਅੰਡਿਆਂ ਦੀਆਂ ਲੱਗਦੀਆਂ ਰੇਹੜੀਆਂ ’ਤੇ ਵਿਕਦੀ ਸ਼ਰਾਬ ਦੇ ਵਿਰੋਧ ’ਚ 12 ਮਈ ਨੂੰ ਇਕ ਅਖਬਾਰ ’ਚ ਖਬਰ ਪ੍ਰਕਾਸ਼ਿਤ ਹੋਈ ਸੀ ਜਦੋ ਕਿ ਰਘਵੀਰ ਸਿੰਘ ਰੇਹੜੀ ਵਾਲਿਆਂ ਦੀ ਹਮਾਇਤ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਲੰਘੀ ਰਾਤ ਘੋਗਰਾ ਅੱਡਾ ’ਚ ਆਪਣੇ ਨਿੱਜੀ ਕੰਮ ਲਈ ਇਕ ਦੁਕਾਨ ’ਤੇ ਖੜ੍ਹਾ ਸੀ ਤਾਂ ਰਘਵੀਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਤੇ ਮਨਦੀਪ ਸਿੰਘ ਉਰਫ ਮਨੀ ਨੇ ਪਹਿਲਾਂ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਮਗਰੋਂ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਉਸ ਦੇ ਸਿਰ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਸੱਟਾਂ ਲੱਗਣ ਅਤੇ ਖੂਨ ਵੱਗਣ ਕਾਰਨ ਉਹ ਬੇਹੋਸ਼ ਹੋ ਗਿਆ ਤੇ ਨੇੜਲੇ ਦੁਕਾਨਦਾਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਦਸੂਹਾ ਪ੍ਰੈਸ ਕੱਲਬ ਦੇ ਪ੍ਰਧਾਨ ਸੰਜੇ ਰੰਜਨ ਨੇ ਕਿਹਾ ਕਿ ਪੱਤਰਕਾਰ ’ਤੇ ਹੋਇਆ ਹਮਲਾ ਨਿੰਦਣਯੋਗ ਹੈ ਜਦੋਂ ਕਿ ਗੈਰ ਸਮਾਜੀ ਅਨਸਰਾਂ ਵੱਲੋਂ ਨਿੱਤ ਮੀਡੀਆ ਕਰਮੀਆਂ ’ਤੇ ਕੀਤੇ ਜਾ ਰਹੇ ਹਮਲੇ ਕਾਨੂੰਨ ਵਿਵਸਥਾ ਨੂੰ ਮੂੰਹ ਚਿੜਾ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਹੀ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।