ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਅਕਤੂਬਰ
ਵਾਰਿਸ ਸ਼ਾਹ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਲੇਖਕ ਜਸਪਾਲ ਧਾਮੀ ਦੀ ਪੁਸਤਕ ‘ਯਾਦਾਂ ਦਾ ਪਸ਼ਮੀਨਾ’ ਸਾਹਿਤ ਸਦਨ ਹੁਸ਼ਿਆਰਪੁਰ ਵੱਲੋਂ ਅੱਜ ਇੱਥੇ ਕਰਵਾਏ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਕਨਵੀਨਰ ਪ੍ਰੋ. ਭਾਰਤ ਭੂਸ਼ਣ ਭਾਰਤੀ, ਅਸ਼ੋਕ ਪੁਰੀ ਅਤੇ ਮਦਨ ਵੀਰਾ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਪੁਸਤਕ ’ਤੇ ਪ੍ਰੋ. ਹਰਪ੍ਰੀਤ ਸਿੰਘ ਅਤੇ ਸ਼ਮਸ਼ੇਰ ਮੋਹੀ ਨੇ ਪਰਚੇ ਪੜ੍ਹੇ। ਪੰਜਾਬੀ ਦੇ ਲੇਖਕ ਮਦਨ ਵੀਰਾ, ਜਸਵੀਰ ਧੀਮਾਨ ਤੇ ਡਾ. ਜਨਮੀਤ ਨੇ ਸਾਹਿਤ ਸਦਨ ਨੂੰ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਲਈ ਕਿਹਾ। ਉਨ੍ਹਾਂ ਨੇ ਲੇਖਕ ਜਸਪਾਲ ਧਾਮੀ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਨੇ ਸੰਜੀਦਾ ਗਾਇਕੀ ਨਾਲ ਅੰਦਰਲੇ ਕਲਾਕਾਰ ਦੇ ਗੁਣਾਂ ਨੂੰ ਉਜਾਗਰ ਕੀਤਾ।
ਕਨਵੀਨਰ ਅਸ਼ੋਕ ਪੁਰੀ, ਬਲਰਾਜ ਅਤੇ ਗੁਰਦੀਪ ਨੇ ਜਸਪਾਲ ਧਾਮੀ ਦੀਆਂ ਰਚਨਾਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਆਖਿਆ ਕਿ ਧਾਮੀ ਦੀਆਂ ਰਚਨਾਵਾਂ ਵਪਾਰਕ ਅਤੇ ਸਾਹਿਤਕ ਪੱਧਰ ’ਤੇ ਉਚ ਕੋਟੀ ਹੋਣ ਦਾ ਪ੍ਰਮਾਣ ਹਨ। ਬਲਰਾਜ, ਗੁਰਦੀਪ ਸਿੰਘ ਅਤੇ ਸ਼ਮਸ਼ੇਰ ਮੋਹੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੰਤ ਭਾਗ ਸਿੰਘ ਯੂਨੀਵਰਸਿਟੀ ਤੋਂ ਡਾ. ਹਰਪ੍ਰੀਤ ਸਿੰਘ, ਡਾ. ਜਨਮੀਤ, ਪ੍ਰੋ. ਭਾਰਤ ਭੂਸ਼ਨ ਭਾਰਤੀ, ਮਦਨ ਵੀਰਾ, ਅਸ਼ੋਕ ਪੁਰੀ, ਪ੍ਰੋ. ਅਜੀਤ ਲੰਗੇਰੀ ਅਤੇ ਗੁਰਦੀਪ ਸਿੰਘ ਨੇ ਜਸਪਾਲ ਧਾਮੀ ਨੂੰ ‘ਵਾਰਿਸ ਸ਼ਾਹ ਯਾਦਗਾਰੀ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿਚ ਡਾ. ਜਨਮੀਤ, ਪ੍ਰੋ. ਕੇ. ਕਲੋਟੀ, ਪੰਮੀ ਦਿਵੇਦੀ, ਪ੍ਰਿੰਸੀਪਲ ਬੀਐੱਸ ਬੱਲੀ, ਜਸਵੀਰ ਧੀਮਾਨ, ਗੁਰਦੀਪ ਸਿੰਘ, ਬਲਰਾਜ, ਐੱਸਪੀ ਜੋਸ਼ੀ, ਧਰਮਪਾਲ ਸਾਹਿਲ, ਪ੍ਰੋ. ਅਜੀਤ ਲੰਗੇਰੀ, ਅਸ਼ੋਕ ਖੁਰਾਣਾ, ਰਮੇਸ਼ ਕੁਮਾਰ, ਕੁਲਤਾਰ ਸਿੰਘ ਕੁਲਤਾਰ, ਡਾ. ਨਿਰੰਜਨ, ਰਮੇਸ਼ ਕੁਮਾਰ ਆਦਿ ਸ਼ਾਮਲ ਸਨ।