ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਸਤੰਬਰ
ਤਰਕਸ਼ੀਲ ਸੁਸਾਇਟੀ ਦੀ ਸਥਾਨਕ ਇਕਾਈ ਨੇ ਪ੍ਰਸ਼ਾਸਨ ਵੱਲੋਂ ਜੱਲ੍ਹਿਆਂਵਾਲਾ ਬਾਗ਼ ਦੀ ਹਦੂਦ ਅੰਦਰ ਦਫ਼ਾ-144 ਲਾ ਕੇ ਜਨਤਕ ਜਥੇਬੰਦੀਆਂ ਵਲੋਂ ਬਾਗ਼ ਦੇ ਨਵੀਨੀਕਰਨ ਤੇ ਇਸ ਦੇ ਪੁਰਾਤਨ ਸਰੂਪ ਨਾਲ ਕੀਤੀ ਛੇੜਛਾੜ ਖ਼ਿਲਾਫ਼ ਕੀਤੇ ਜਾਣ ਵਾਲੇ ਮੁਜ਼ਾਹਰਿਆਂ ’ਤੇ ਲਾਈ ਪਾਬੰਦੀ ਦੀ ਨਿਖੇਧੀ ਕਰਦਿਆਂ ਬਾਗ਼ ਦਾ ਪੁਰਾਤਨ ਸਰੂਪ ਬਹਾਲ ਕਰਨ ਦੀ ਮੰਗ ਕੀਤੀ ਹੈ।
ਜਨਤਕ ਜਥੇਬੰਦੀਆਂ ਦੀ ਮੀਟਿੰਗ ਵਿਚ ਸ਼ਮੂਲੀਅਤ ਤੋਂ ਬਾਅਦ ਤਰਕਸ਼ੀਲ ਆਗੂਆਂ ਜਸਪਾਲ ਬਾਸਰਕਾ, ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ ਨੇ ਇਸ ਪਾਬੰਦੀ ਨੂੰ ਜਮਹੂਰੀ ਅਧਿਕਾਰਾਂ ਦੀ ਸਖ਼ਤ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਤੋਂ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂਅ ਹੇਠ ਜਲ੍ਹਿਆਂਵਾਲਾ ਬਾਗ਼ ਨੂੰ ਲੋਕਾਂ ਲਈ ਬੰਦ ਕਰ ਕੇ ਨਾ ਸਿਰਫ਼ ਇਸ ਦੇ ਵਿਰਾਸਤੀ ਢਾਂਚੇ ਨਾਲ ਛੇੜ-ਛਾੜ ਕੀਤੀ ਗਈ ਹੈ ਸਗੋਂ ਦਾਖ਼ਲਾ ਟਿਕਟ ਲਾਉਣ ਦੀ ਵੀ ਯੋਜਨਾ ਹੈ। ਇਸ ਖ਼ਿਲਾਫ਼ ਪੰਜਾਬ ਦੀਆਂ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵਲੋਂ 14 ਸਤੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਆਗੂ ਗੁਰਬਚਨ ਸਿੰਘ ਅਤੇ ਯਸ਼ਪਾਲ ਝਬਾਲ ਨੇ ਕਿਹਾ ਕਿ ਪ੍ਰਦਰਸ਼ਨ ਵਿਚ ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਜਮਹੂਰੀ ਅਧਿਕਾਰ ਸਭਾ ਸਣੇ ਵੱਖ-ਵੱਖ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਗ਼ੈਰ-ਲੋੜੀਦੀਆਂ ਤਬਦੀਲੀਆਂ ਭਗਵੇਂਕਰਨ ਦੇ ਏਜੰਡੇ ਹੇਠ ਕੀਤੀਆਂ ਗਈਆਂ ਹਨ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਸਾਮਰਾਜੀ ਬਰਤਾਨਵੀਂ ਹਕੂਮਤ ਵੱਲੋਂ ਕੀਤੇ ਜੁਲਮ ਦੇ ਇਤਿਹਾਸ ਦੀ ਜਾਣਕਾਰੀ ਤੋਂ ਵਾਂਝਾ ਰੱਖਿਆ ਜਾ ਸਕੇ।
ਇਸ ਮੌਕੇ ਕਾਮਰੇਡ ਬਲਵਿੰਦਰ ਦੁਧਾਲਾ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੇ ਪੁਰਾਤਨ ਸਰੂਪ ਤੇ ਪ੍ਰਮਾਣਿਕ ਤੱਥਾਂ ਨਾਲ ਛੇੜ-ਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।