ਜੇਬੀਸੇਖੋਂ
ਗੜ੍ਹਸ਼ੰਕਰ, 24 ਨਵੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਰਜ਼ਮਾਨ ਬੀਬੀ ਨਿਮਿਸ਼ਾ ਮਹਿਤਾ ਵੱਲੋਂ ਪਿਛਲੇ ਹਫਤੇ ਤੋਂ ਗੜ੍ਹਸ਼ੰਕਰ ਦੇ ਵੱਖ ਵੱਖ ਵਾਰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਸਫਾਈ ਦੇ ਨਾਕਸ ਪ੍ਰਬੰਧਾਂ ਸਬੰਧੀ ਦੌਰਾ ਕਰਕੇ ਨਗਰ ਕੌਂਸਲ ਦੇ ਸਫਾਈ ਪ੍ਰਬੰਧਾਂ ’ਤੇ ਨਾਖੁਸ਼ੀ ਜ਼ਾਹਿਰ ਕੀਤੀ ਗਈ। ਬੀਬੀ ਮਹਿਤਾ ਨੇ ਵਾਰਡ ਨੰਬਰ ਇਕ ਦੋ ਅਤੇ ਸ਼ਹਿਰ ਦੇ ਰਾਵਲਪਿੰਡੀ ਰੋਡ ’ਤੇ ਸਥਿਤ ਘਰਾਂ ਅੱਗੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਕੂੜੇ ਕਰਕਟ ਦੇ ਲੱਗੇ ਢੇਰਾਂ ਸਬੰਧੀ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਨਮਰਜ਼ੀ ਕਾਰਨ ਲੋਕ ਬਦਬੂਦਾਰ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਅਕਾਲੀ ਭਾਜਪਾ ਗੱਠਜੋੜ ਨਾਲ ਚੁਣੀ ਕਮੇਟੀ ਵਿੱਚ ਘਪਲੇਬਾਜ਼ੀਆਂ ਦੇ ਦੋਸ਼ ਲਗਾਏ। ਇਸ ਸਬੰਧੀ ਈਓ ਅਵਤਾਰ ਚੰਦ ਨੇ ਸਫਾਈ ਪ੍ਰਬੰਧਾਂ ਦੇ ਖਰਚਿਆਂ ਵਿੱਚ ਧਾਂਦਲੀ ਦੇ ਦੋਸ਼ਾਂ ਨੂੰ ਨਕਾਰਦਿਆਂ ਅਤੇ ਸਫਾਈ ਦੇ ਸਮੁੱਚੇ ਕੰਮ ਨਿਯਮਾਂ ਅਨੁਸਾਰ ਕਰਨ ਦਾ ਦਾਅਵਾ ਕੀਤਾ।