ਗੁਰਦੇਵ ਸਿੰਘ ਗਹੂੰਣ
ਬਲਾਚੌਰ, 3 ਅਗਸਤ
ਨਗਰ ਕੌਂਸਲ ਬਲਾਚੌਰ ਦੇ ਇਲਾਕੇ ਵਿੱਚ ਪੈਂਦੇ ਬਲਾਚੌਰ-ਗਹੂੰਣ ਸੜਕ ’ਤੇ ਸ਼ਮਸ਼ਾਨਘਾਟ ਲਾਗੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵਲੋਂ ਘਰਾਂ ਅਤੇ ਦੁਕਾਨਾਂ ਦਾ ਕੂੜ-ਕਰਕਟ ਨਿੱਤ ਦਿਨ ਸੁੱਟਣ ਕਾਰਨ ਬਦਬੂ ਮਾਰਦੀ ਸੜਕ ਤੋਂ ਰਾਹਗੀਰਾਂ ਦਾ ਲੰਘਣਾ ਬੇਹੱਦ ਮੁਹਾਲ ਹੋਇਆ ਪਿਆ ਹੈ। ਉੱਥੇ ਹੀ ਇਸ ਇਲਾਕੇ ਦੇ ਨੇੜਲੇ ਵਾਰਡਾਂ ਦੇ ਲੋਕਾਂ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੂੰ ਇਹ ਕੂੜਾ-ਕਰਕਟ ਸੁੱਟਣ ਤੋਂ ਰੋਕਣ ਖਾਤਰ ਨਗਰ ਕੌਂਸਲ ਬਲਾਚੌਰ ਦੇ ਅਧਿਕਾਰੀਆਂ ਨੂੰ ਵਾਰ-ਵਾਰ ਕੀਤੀਆਂ ਬੇਨਤੀਆਂ ਦਾ ਵੀ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ। ਨਗਰ ਕੌਂਸਲ ਵਲੋਂ ਜਗਤਪੁਰ ਰੋਡ ’ਤੇ ਕੂੜੇ ਦਾ ਡੰਪ ਬਣਾਇਆ ਹੋਇਆ ਹੈ ਪਰ ਇਲਾਕਾ ਵਾਸੀ ਅਤੇ ਦੁਕਾਨਦਾਰਾਂ ਵੱਲੋਂ ਕੂੜ-ਕਰਕਟ ਬੋਰੀਆਂ ਵਿੱਚ ਭਰ ਕੇ ਸੜਕ ਦੇ ਐਨ ਨਾਲ ਹੀ ਸੁੱਟ ਦਿੱਤਾ ਜਾਂਦਾ ਹੈ। ਇਸ ਸਬੰਧੀ ਨਗਰ ਕੌਂਸਲ ਬਲਾਚੌਰ ਦੇ ਅਧਿਕਾਰੀਆਂ ਵਲੋਂ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਜਾਂਦਾ। ਬਲਾਚੌਰ-ਗਹੂੰਣ ਸੜਕ ਦੇ ਨੇੜਲੇ ਵਾਰਡਾਂ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਨਗਰ ਕੌਂਸਲ ਸ਼ਹਿਰ ਵਾਸੀਆਂ ਨੂੰ ਇਸ ਥਾਂ ’ਤੇ ਕੂੜਾ-ਕਰਕਟ ਸੁੱਟਣ ਤੋਂ ਸਖ਼ਤੀ ਨਾਲ ਰੋਕੇ ਤਾਂ ਜੋ ਸ਼ਹਿਰ ਵਿੱਚ ਭਿਆਨਕ ਬਿਮਾਰੀਆਂ ਨਾ ਫੈਲ ਸਕਣ।