ਪਾਲ ਸਿੰਘ ਨੌਲੀ
ਜਲੰਧਰ, 3 ਅਪਰੈਲ
ਨਗਰ ਨਿਗਮ ਨੇ ਅੱਜ ਮੁੜ ਕਾਰਵਾਈ ਕਰਦਿਆ ਚਾਰ ਦੁਕਾਨਾਂ ਸੀਲ ਕੀਤੀਆਂ ਹਨ ਜਿਨ੍ਹਾਂ ਨੇ ਕਿਰਾਇਆ ਨਹੀਂ ਸੀ ਦਿੱਤਾ।
ਤਹਿ-ਬਾਜ਼ਾਰੀ ਬਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਘੁਮਾਰ ਮੰਡੀ ਵਿੱਚ ਚਾਰ ਦੁਕਾਨਾਂ ਹਨ ਜੋ ਨਗਰ ਨਿਗਮ ਦੀ ਜਾਇਦਾਦ ਹਨ। ਇਨ੍ਹਾਂ ਦੁਕਾਨਾਂ ਨੂੰ ਕਿਰਾਏ ’ਤੇ ਲੈਣ ਵਾਲਿਆਂ ਨੇ ਕਿਰਾਏ ਦਾ ਸਮੇਂ ਸਿਰ ਭੁਗਤਾਨ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੂੰ 15 ਦਿਨ ਪਹਿਲਾਂ ਦਾ ਨੋਟਿਸ ਭੇਜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਈ ਦੁਕਾਨਾਂ ਵਾਲਿਆਂ ਵੱਲ 5 ਲੱਖ ਤੇ ਕਈਆਂ ਵੱਲ 8 ਲੱਖ ਦਾ ਬਕਾਇਆ ਖੜ੍ਹਾ ਹੈ। ਜਦੋਂ ਨੋਟਿਸ ਭੇਜਣ ਦੇ ਬਾਵਜੂਦ ਕਿਰਾਇਆ ਨਹੀਂ ਦਿੱਤਾ ਗਿਆ ਤਾਂ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਕਰਨੀ ਪਈ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਬੀਤੇ ਦਿਨੀਂ ਵੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 21 ਦੁਕਾਨਾਂ ਸੀਲ ਕੀਤੀਆਂ ਸਨ ਜਿਨ੍ਹਾਂ ਨੇ ਕਿਰਾਇਆ ਨਹੀਂ ਜਮ੍ਹਾਂ ਕਰਵਾਇਆ ਸੀ। ਇਨ੍ਹਾਂ 21 ਦਿਨਾਂ ਦਾ 1 ਕਰੋੜ ਤੋਂ ਵੀ ਵੱਧ ਦਾ ਕਿਰਾਇਆ ਬਣਦਾ ਸੀ ਜਿਸ ਦਾ ਉਨ੍ਹਾਂ ਨੇ ਭੁਗਤਾਨ ਨਹੀਂ ਸੀ ਕੀਤਾ।