
ਜਲੰਧਰ ਵਿੱਚ ਇਕ ਸੜਕ ’ਤੇ ਭਰੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਸਰਬਜੀਤ ਸਿੰਘ
ਹਤਿੰਦਰ ਮਹਿਤਾ
ਜਲੰਧਰ, 25 ਮਾਰਚ
ਇੱਥੇ ਜਲੰਧਰ ਸ਼ਹਿਰ, ਆਦਮਪੁਰ, ਲਾਬੜਾ ਤੇ ਜੰਡੂ ਸਿੰਘਾਂ ਦੇ ਹੇਠਲੇ ਇਲਾਕਿਆਂ ਵਿੱਚ ਦੇਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਸੀਵਰੇਜ ਜਾਮ ਹੋਣ ਕਾਰਨ ਪਾਣੀ ਗਲੀਆਂ ਵਿੱਚ ਖੜ੍ਹਨ ਕਾਰਨ ਆਵਾਜਾਈ ਵਿੱਚ ਵੀ ਅੜਿੱਕਾ ਪਿਆ। ਉੱਧਰ ਡੰਮੂਡਾ, ਕਢਿਆਣਾ, ਨਾਹਲਾਂ, ਬੋਪਾਰਾਏ, ਰਹੀਮਪੁਰ, ਊਗੀ, ਡਰੋਲੀ ਕਲਾਂ, ਕੰਦੋਲਾ, ਦਿਵਾਲੀ, ਮਹਿਤਪੁਰ, ਖਿੱਚੀਪੁਰ, ਮਹਿਮੰਦਪੁਰ, ਹਰੀਪੁਰ, ਕਠਾਰ, ਸਿੰਕਦਰਪੁਰ, ਨੂਰਪੁਰ, ਚੋਗਾਵਾ, ਰਹੀਮਪੁਰ, ਪੰਡੋਰੀ ਨਿੱਝਰਾ, ਸੇਖਾ, ਕਾਹਨਪੁਰ, ਬੱਲਾ, ਲਾਬੜਾ ਅਤੇ ਹੋਰ ਕਈ ਪਿੰਡਾਂ ਵਿਚ ਕਣਕ ਦੀ ਫ਼ਸਲ ਵਿਛ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਨੇ ਮੁਰਝਾਏ ਚਿਹਰਿਆਂ ਨਾਲ ਦੱਸਿਆ ਕਿ ਇਸ ਮੀਂਹ੍ਵ ਦਾ ਸਿੱਧਾ ਅਸਰ ਕਣਕ ਦੀ ਫ਼ਸਲ ਦੇ ਝਾੜ ’ਤੇ ਪਵੇਗਾ।
ਫਗਵਾੜਾ (ਪੱਤਰ ਪ੍ਰੇਰਕ): ਮੀਂਹ ਦੇ ਪਾਣੀ ਕਾਰਨ ਫਗਵਾੜਾ ਸ਼ਹਿਰ ਦੇ ਬਾਜ਼ਾਰਾਂ ’ਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ। ਜਾਣਕਾਰੀ ਅਨੁਸਾਰ ਮੀਂਹ ਨਾਲ ਸ਼ਹਿਰ ਦੇ ਬਾਂਸਾ ਬਾਜ਼ਾਰ, ਚੱਢਾ ਮਾਰਕੀਟ, ਗਊਸ਼ਾਲਾ ਰੋਡ, ਹਰਗੋਬਿੰਦ ਨਗਰ, ਬੰਗਾ ਰੋਡ, ਸਿੰਗਲਾ ਮਾਰਕੀਟ, ਲੋਹਾ ਮੰਡੀ, ਸਰਾਏ ਰੋਡ ਸਣੇ ਹੋਰ ਇਲਾਕਿਆਂ ’ਚ ਪਾਣੀ ਪੂਰੀ ਤਰ੍ਹਾਂ ਨਾਲ ਭਰ ਗਿਆ। ਨਗਰ ਨਿਗਮ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਸਵੇਰੇ ਖੁਦ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਕਿਹਾ ਕਿ ਸ਼ਹਿਰ ’ਚ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਸ਼ਹਿਰ ’ਚ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ।
ਮੀਂਹ ਤੇ ਝੱਖੜ ਕਾਰਨ ਕਣਕ ਦੀ ਫ਼ਸਲ ਨੁਕਸਾਨੀ
ਮਾਨਸਰ (ਮਨਪ੍ਰੀਤ): ਮਾਝਾ ਤੇ ਦੋਆਬਾ ਖੇਤਰ ਵਿੱਚ ਮੀਂਹ ਨਾਲ ਚੱਲੀ ਤੇਜ਼ ਹਵਾ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਮੀਂਹ ਤੇ ਹਵਾ ਕਾਰਨ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਵਿੱਛ ਗਈ ਹੈ। ਇਸ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਦੀ ਵਾਢੀ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਕਿਸਾਨ ਰਘੁਵੀਰ ਸਿੰਘ ਹਯਾਤਪੁਰ, ਨਰਿੰਦਰ ਸਿੰਘ, ਇੰਦਰਜੀਤ ਸਿੰਘ, ਹਰਜੀਤ ਸਿੰਘ, ਕਮਲਜੀਤ ਸਿੰਘ, ਭਜਨ ਸਿੰਘ, ਉਂਕਾਰ ਸਿੰਘ ਤੇ ਅਮਨਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਮੀਂਹ ਨੇ ਬਹੁਤੇ ਪਿੰਡਾਂ ਵਿੱਚ ਦੋ ਹਫ਼ਤਿਆਂ ਤੱਕ ਪੱਕਣ ਕੰਢੇ ਖੜ੍ਹੀ ਕਣਕ ਦੀ ਫਸਲ ਵਿਛਾ ਦਿੱਤੀ। ਇਸ ਦੌਰਾਨ ਪੀੜਤ ਕਿਸਾਨਾਂ ਨੇ ਸੂਬਾ ਸਰਕਾਰ ਤੋਂ ਫ਼ਸਲਾਂ ਦੀ ਗਿਰਦਾਵਰੀ ਕਰਵਾਏ ਮੁਆਵਜ਼ੇ ਦੀ ਮੰਗ ਕੀਤੀ ਹੈ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਇੱਥੋਂ ਦੇ ਪਿੰਡਾਂ ਚਾਹੜਕੇ, ਲੁਹਾਰਾਂ, ਬੁੱਟਰਾਂ, ਮੁਕੰਦਪੁਰ, ਸਿੰਘਪੁਰ, ਬੁਲੋਵਾਲ ਜਮਾਲਪੁਰ ਆਦਿ ਵਿੱਚ ਬੇਮੌਸਮੇ ਮੀਂਹ ਕਾਰਨ ਕਣਕ ਦੀ ਫ਼ਸਲ ਵਿਛ ਗਈ ਹੈ ਅਤੇ ਕਿਸਾਨਾਂ ਨੂੰ ਝਾੜ ਘਟਣ ਦਾ ਖ਼ਦਸ਼ਾ ਹੈ। ਪਿੰਡ ਚਾਹੜਕੇ ਦੇ ਕਿਸਾਨ ਜਗਦੇਵ ਸਿੰਘ ਸੈਣੀ, ਬਲਕਾਰ ਸਿੰਘ ਪਟਵਾਰੀ, ਅਮਰਜੀਤ ਸਿੰਘ ਭੰਗੂ, ਸੁਖਦੇਵ ਸਿੰਘ ਅਟਵਾਲ ਅਤੇ ਗੁਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਇਸ ਵਾਰ ਹਾੜ੍ਹੀ ਦੀ ਫ਼ਸਲ ਕੁਦਰਤੀ ਕਰੋਪੀ ਦੀ ਭੇਟ ਚੜ੍ਹ ਗਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ