ਪੱਤਰ ਪ੍ਰੇਰਕ
ਜਲੰਧਰ, 30 ਅਪਰੈਲ
ਇੱਥੋਂ ਦੇ ਗੌਤਮ ਨਗਰ ਨੇੜੇ ਫੈਕਟਰੀ ਮਾਲਕ 15 ਸਾਲਾ ਨਾਬਾਲਗ ਲੜਕੀ ਨੂੰ ਆਪਣੇ ਨਾਲ ਲੈ ਗਿਆ। ਇਸ ਕਾਰਨ ਪੀੜਤ ਪਰਿਵਾਰ ਨੇ ਸੋਮਵਾਰ ਦੇਰ ਰਾਤ ਬਸਤੀ ਬਾਵਾ ਖੇਲ ਥਾਣੇ ਦੇ ਬਾਹਰ ਹੰਗਾਮਾ ਕੀਤਾ ਤੇ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਫ਼ਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੀਆਂ ਦੋ ਧੀਆਂ ਪਿਛਲੇ ਕਾਫ਼ੀ ਸਮੇਂ ਤੋਂ ਜਲੰਧਰ ’ਚ ਰਹਿ ਰਹੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 15 ਸਾਲਾ ਛੋਟੀ ਧੀ ਪਿਛਲੇ ਤਿੰਨ ਸਾਲਾਂ ਤੋਂ ਗੌਤਮ ਨਗਰ ਸਥਿਤ ਫੈਕਟਰੀ ਵਿੱਚ ਕੰਮ ਕਰਦੀ ਸੀ। ਉਹ ਪਿਛਲੇ ਡੇਢ ਹਫ਼ਤੇ ਤੋਂ ਘਰ ਨਹੀਂ ਆਈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੂੰ 45 ਸਾਲਾ ਫੈਕਟਰੀ ਮਾਲਕ ਵਿਸ਼ਾਲ ਨੇ ਅਗਵਾ ਕਰ ਲਿਆ ਹੈ। ਪੀੜਤ ਪਰਿਵਾਰ ਨੇ ਥਾਣੇ ਪਹੁੰਚ ਕੇ ਇਨਸਾਫ਼ ਦੀ ਅਪੀਲ ਕੀਤੀ ਹੈ। ਭਾਜਪਾ ਆਗੂ ਸੂਬੇਦਾਰ ਸਿੰਘ ਯਾਦਵ ਨੇ ਦੋਸ਼ ਲਾਇਆ ਹੈ ਕਿ ਪੁਲੀਸ ਮਾਮਲੇ ਵਿੱਚ ਕਾਰਵਾਈ ਨਹੀਂ ਕਰ ਰਹੀ। ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।