ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 30 ਅਪਰੈਲ
ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਗੜ੍ਹਸ਼ੰਕਰ ਅਤੇ ਸਬ-ਤਹਿਸੀਲ ਮਾਹਿਲਪੁਰ ਵੱਲ ਆਉਣ ਵਾਲੀਆਂ ਸਰਕਾਰੀ ਬੱਸਾਂ ਦੇ ਕਈ ਰੂਟ ਬੰਦ ਪਏ ਹਨ। ਇਸ ਕਰ ਕੇ ਵੱਖ ਵੱਖ ਸਿੱਖਿਅਕ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਸਣੇ ਆਮ ਮੁਸਾਫ਼ਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਹਿਲਪੁਰ ਨੇੜਲੇ ਅੱਡਾ ਈਸਪੁਰ ਤੋਂ ਵਾਇਆ ਖੈਰੜ ਅੱਛਰੋਵਾਲ, ਕਾਲੇਵਾਲ ਫੱਤੂ, ਹਕੂਮਤਪੁਰ, ਲਕਸੀਹਾ, ਨਗਦੀਪੁਰ ਤੋਂ ਮਾਹਿਲਪੁਰ ਨੂੰ ਆਉਣ ਲਈ ਸਰਕਾਰੀ ਬੱਸਾਂ ਦੇ ਸੱਤ ਰੂਟ ਹੁੰਦੇ ਸਨ। ਇਹ ਬੱਸਾਂ ਮਾਹਿਲਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਚੰਡੀਗੜ੍ਹ, ਅੰਮਿਤਸਰ, ਕਪੂਰਥਲਾ ਨੂੰ ਜਾਂਦੀਆਂ ਸਨ ਪਰ ਹੁਣ ਇਹ ਰੂਟ ਮੁਕੰਮਲ ਤੌਰ ’ਤੇ ਬੰਦ ਹਨ। ਇਸ ਕਰ ਕੇ ਮਾਹਿਲਪੁਰ ਇਲਾਕੇ ਦੇ ਪਿੰਡਾਂ ਲਕਸੀਹਾ, ਖੈਰੜ ਅੱਛਰੋਵਾਲ ਕਾਲੇਵਾਲ ਫੱਤੂ, ਹਕੂਮਤਪੁਰ, ਭਗਤੂਪੁਰ, ਨਗਦੀਪੁਰ, ਮਖਸੂਸਪੁਰ, ਦਾਤਾ ਚੇਲਾ, ਪਚਨੰਗਲਾ, ਖੁਸ਼ਹਾਲਪੁਰ, ਨੰਗਲ ਕਲਾਂ, ਰਾਜਪੁਰ ਅਲਾਵਲਪੁਰ, ਭਾਣਾਂ ਅਤੇ ਪੰਜੌੜਾ ਆਦਿ ਦੇ ਵਿਦਿਆਰਥੀਆਂ ਨੂੰ ਮਾਹਿਲਪੁਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਆਉਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਆਲ ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਆਰਗੇਨਾਈਜ਼ਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬਿੱਲਾ ਖੜੌਦੀ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਸਰਕਾਰੀ ਰੂਟ ਬੰਦ ਹਨ। ਇਸ ਕਰ ਕੇ ਪ੍ਰਾਈਵੇਟ ਕੰਪਨੀ ਦੀ ਇੱਕ ਬੱਸ ਵਿੱਚ ਵਿਦਿਆਰਥੀਆਂ ਨੂੰ ਭੀੜ-ਭੜੱਕੇ ਵਿੱਚ ਸਫ਼ਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦੇ ਰਹੀ ਹੈ ਦੂਜੇ ਪਾਸੇ ਬੰਦ ਰੂਟ ਚਾਲੂ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਵੀ ਹਲ਼ਕਾ ਗੜ੍ਹਸ਼ੰਕਰ ਦੇ ‘ਆਪ’ ਵਿਧਾਇਕ ਡਿਪਟੀ ਸਪੀਕਰ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੌੜੀ ਨੂੰ ਵੀ ਮੰਗ ਪੱਤਰ ਵੀ ਭੇਜਿਆ ਗਿਆ ਸੀ ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਇਲਾਕੇ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।