ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਮਈ
ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ’ਚ ਤਾਇਨਾਤ ਪੀਐੱਸਪੀਸੀਐੱਲ ਦੇ ਸਹਾਇਕ ਲਾਈਨਮੈਨ (ਏਐੱਲਐੱਮ) ਖ਼ਿਲਾਫ਼ 75 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀਐੱਸਪੀਸੀਐੱਲ ਦੇ ਦਫਤਰ ਪਿੰਡ ਬੜਿੰਗ, ਜਲੰਧਰ ਵਿੱਚ ਤਾਇਨਾਤ ਏਐੱਲਐੱਮ ਅੰਮ੍ਰਿਤ ਲਾਲ ਮੋਦੀ ਵਿਰੁੱਧ ਬਲਵੀਰ ਕੌਰ ਵਾਸੀ ਪਿੰਡ ਤੱਲ੍ਹਣ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਵਟਸਐਪ ਨੰਬਰ ’ਤੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਇਹ ਲਾਈਨਮੈਨ ਪਹਿਲਾਂ ਹੀ ਉਸ ਦੇ ਘਰੇਲੂ ਬਿਜਲੀ ਬਿੱਲ ਦੇ ਨਬਿੇੜੇ ਲਈ ਤਿੰਨ ਕਿਸ਼ਤਾਂ ਵਿੱਚ 75,000 ਰੁਪਏ ਲੈ ਚੁੱਕਿਆ ਹੈ ਪਰ ਉਸ ਦੇ ਬਿਜਲੀ ਬਿੱਲ ਦਾ ਨਬਿੇੜਾ ਨਹੀਂ ਕੀਤਾ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਏਐੱਲਐੱਮ ਨੇ ਉਸ ਨੂੰ ਰਿਸ਼ਵਤ ਦੀ ਰਕਮ ਵਾਪਸ ਕਰਨ ਲਈ 50 ਹਜ਼ਾਰ ਰੁਪਏ ਦਾ ਚੈੱਕ ਵੀ ਦਿੱਤਾ ਸੀ ਪਰ ਬੈਂਕ ਵੱਲੋਂ ਇਹ ਚੈੱਕ ਰੱਦ ਕਰ ਦਿੱਤਾ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਦੋਸ਼ ਸਹੀ ਸਾਬਤ ਹੋਏ ਅਤੇ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਦੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਜਲੰਧਰ ਤੋਂ ਵਿਜੀਲੈਂਸ ਬਿਉਰੋ ਦੀ ਟੀਮ ਨੇ ਏਐੱਲਐੱਮ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।