ਪਾਲ ਸਿੰਘ ਨੌਲੀ
ਜਲੰਧਰ, 30 ਸਤੰਬਰ
ਅਮਰੀਕਾ ਦੀ ਵੱਡੀ ਕਾਰੋਬਾਰੀ ਕੰਪਨੀ ਵਾਲ ਮਾਰਟ ਦੇ ਜਲੰਧਰ ਵਿਚਲੇ ਬੈਸਟ ਪ੍ਰਾਈਜ਼ ਦੇ ਦੋਵੇਂ ਗੇਟ ਬੰਦ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਹਫ਼ਤੇ ਭਰ ਲਈ ਮਾਲ ਨੂੰ ਬੰਦ ਕਰ ਦਿੱਤਾ ਹੈ। ਕਿਸਾਨਾਂ ਨੇ ਬੈਸਟ ਪ੍ਰਾਈਜ਼ ਦੇ ਦੋਵੇਂ ਗੇਟਾਂ ’ਤੇ ਧਰਨੇ ਲਾ ਕੇ ਕੰਪਨੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਬਹੁਦੇਸ਼ੀ ਕੰਪਨੀਆਂ ਪੰਜਾਬ ਤੇ ਪੰਜਾਬੀਅਤ ’ਤੇ ਕਰਾਰੀ ਚੋਟ ਕਰ ਰਹੀਆਂ ਹਨ। ਕਿਸਾਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਤੇ ਇਕਜੁੱਟ ਹੋ ਕੇ ਇਨ੍ਹਾਂ ਕੰਪਨੀਆਂ ਵਿਰੁੱਧ ਡਟਣ। ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਦੇ ਬੈਸਟ ਪ੍ਰਾਈਜ਼ ਨੂੰ ਉਕਤ ਜਥੇਬੰਦੀ ਨੇ ਕਿਸਾਨੀ ਘੋਲ ਕਾਰਨ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਘੇਰਨ ਦੇ ਸੱਦੇ ਤਹਿਤ ਘੇਰਿਆ ਹੋਇਆ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਮਾਲ ਦੇ ਸਵਾ ਸੌ ਦੇ ਕਰੀਬ ਮੁਲਾਜ਼ਮਾਂ ਨੂੰ ਕੰਪਨੀ ਨੇ ਨੌਕਰੀਓ ਕੱਢ ਦਿੱਤਾ ਹੈ ਜਿਨ੍ਹਾਂ ਨੂੰ ਬਹਾਲ ਕਰਾਉਣ ਲਈ ਜਥੇਬੰਦੀ ਨੇ ਪੰਜਾਬ ਵਿਚਲੇ ਬਾਕੀ ਰਹਿੰਦੇ ਪੰਜੇ ਮਾਲ ਬੰਦ ਕਰ ਦਿੱਤੇ ਹਨ। ਇਨ੍ਹਾਂ ਵਿਚ ਜਲੰਧਰ ਦਾ ਸ਼ਾਪਿੰਗ ਮਾਲ ਵੀ ਆਉਂਦਾ ਹੈ। ਅੱਜ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਜਲੰਧਰ ਦੇ ਬੈਸਟ ਪ੍ਰਾਈਜ਼ ਦੇ ਦੋਵੇਂ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਹੈ।