ਪੱਤਰ ਪ੍ਰੇਰਕ
ਮੁਕੇਰੀਆਂ, 28 ਜੂਨ
ਇਥੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਹਿਮਾਚਲ ਦੇ ਇਕ ਕਰੱਸ਼ਰ ਦੇ ਮਾਲਕਾਂ ਵੱਲੋਂ ਕਥਿਤ ਕਬਜ਼ਾ ਕਰ ਕੇ ਬਣਾਏ ਗਏ ਡੰਪ ਦੀ ਜਾਂਚ ਲਈ ਗਏ ਵਿਭਾਗੀ ਮੁਲਾਜ਼ਮ ਨੂੰ ਬੰਦੀ ਬਣਾਉਣ ਦੇ ਮਾਮਲੇ ਨੂੰ ਹੁਣ ਨਹਿਰੀ ਵਿਭਾਗ, ਮਾਈਨਿੰਗ ਅਧਿਕਾਰੀਆਂ ਅਤੇ ਪੁਲੀਸ ਨੇ ਕਰੱਸ਼ਰ ਮਾਲਕ ਨੂੰ ਦੋ ਦਿਨਾਂ ’ਚ ਡੰਪ ਦਾ ਮਾਲ ਉੱਥੋਂ ਚੁੱਕ ਲੈਣ ਦੀ ਹਦਾਇਤ ਕਰ ਕੇ ਨਬਿੇੜ ਲਿਆ ਹੈ। ਦੂਜੇ ਪਾਸੇ ਮੁਲਾਜ਼ਮ ਜਥੇਬੰਦੀ ਨੇ ਇਨਸਾਫ਼ ਲਈ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਦੱਸਣਯੋਗ ਹੈ ਕਿ ਤਲਵਾੜਾ ਦੇ ਪੌਂਗ ਡੈਮ ਦੇ 52 ਗੇਟਾਂ ਦੇ ਮੁਹਾਣੇ ’ਤੇ ਪੈਂਦੀ ਨਹਿਰੀ ਜ਼ਮੀਨ ਉੱਤੇ ਕਰੱਸ਼ਰ ਮਾਲਕ ਵੱਲੋਂ ਨਾਜਾਇਜ਼ ਡੰਪ ਬਣਾਇਆ ਗਿਆ ਸੀ। ਕਰੱਸ਼ਰ ਮਾਲਕ ਨੇ ਵਿਭਾਗ ਦੀ ਇਮਾਰਤ ’ਤੇ ਕਬਜ਼ਾ ਕਰ ਕੇ ਉਸ ਵਿੱਚ ਪਸ਼ੂਆਂ ਸਮੇਤ ਗੁੱਜਰ ਭਾਈਚਾਰੇ ਦੇ ਲੋਕ ਬਿਠਾਏ ਹੋਏ ਸਨ, ਜਿਨ੍ਹਾਂ ਨੂੰ ਬਿਜਲੀ ਸਪਲਾਈ ਵੀ ਆਪਣੀ ਨੇੜੇ ਹੀ ਪੈਂਦੀ ਮੋਟਰ ਤੋਂ ਦਿੱਤੀ ਹੋਈ ਸੀ। ਮਾਮਲਾ ਸਾਹਮਣੇ ਆਉਣ ’ਤੇ ਜਾਂਚ ਲਈ ਗਏ ਵਿਭਾਗੀ ਮੁਲਾਜ਼ਮ ਨੂੰ ਕਰੱਸ਼ਰ ਮਾਲਕ ਤੇ ਉਸਦੇ ਸਾਥੀਆਂ ਨੇ ਬੰਦੀ ਬਣਾ ਲਿਆ ਸੀ। ਸ਼ਾਹ ਨਹਿਰ ਯੂਬੀਡੀਸੀ ਮੁਲਾਜ਼ਮ ਦਲ ਮੁਕੇਰੀਆਂ ਦੇ ਪ੍ਰਧਾਨ ਜਸਪਾਲ ਸਿੰਘ (ਪੀੜਤ ਮੁਲਾਜ਼ਮ) ਅਤੇ ਜਨਰਲ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਨਹਿਰੀ ਵਿਭਾਗ, ਮਾਈਨਿੰਗ ਅਧਿਕਾਰੀਆਂ ਅਤੇ ਪੁਲੀਸ ਦੀ ਕਥਿਤ ਕਰੱਸ਼ਰ ਮਾਲਕ ਪੱਖੀ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਕਰੱਸ਼ਰ ਮਾਲਕ ਦਾ ਡੰਪ ਅਧਿਕਾਰੀਆਂ ਦੀ ਕਥਿਤ ਸਹਿਮਤੀ ਨਾਲ ਹੀ ਚੱਲ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮਾਮਲਾ ਉਜਾਗਰ ਹੋਣ ’ਤੇ ਤਿੰਨੋਂ ਧਿਰਾਂ ਮੁੜ ਕਰੱਸ਼ਰ ਮਾਲਕ ਨੂੰ ਬਚਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਨੂੰ ਸੰਪਰਕ ਕਰਨ ’ਤੇ ਉਨ੍ਹਾਂ ਦੇ ਪੀਏ ਦਲਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਜਾਂਚ ਕਾਰਵਾਈ ਕੀਤੀ ਜਾਵੇਗੀ।
ਨਹਿਰੀ ਵਿਭਾਗ ਦੇ ਐਕਸੀਅਨ ਨੇ ਦੋਸ਼ ਨਕਾਰੇ
ਨਹਿਰੀ ਵਿਭਾਗ ਦੇ ਐਕਸੀਅਨ ਦਿਨੇਸ਼ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ,‘‘ਡੰਪ ਵਿਭਾਗ ਦੀ ਜ਼ਮੀਨ ’ਤੇ ਲੱਗਿਆ ਹੋਇਆ ਸੀ ਅਤੇ ਕਰੱਸ਼ਰ ਮਾਲਕ ਨੂੰ ਦੋ ਦਿਨਾਂ ਅੰਦਰ ਮਾਲ ਚੁੱਕਣ ਦੀ ਹਦਾਇਤ ਕੀਤੀ ਹੈ। ਇਸ ਤੋਂ ਵੱਧ ਸਾਡੀ ਕੋਈ ਕਾਰਵਾਈ ਨਹੀਂ ਬਣਦੀ।’’ ਮਾਈਨਿੰਗ ਵਿਭਾਗ ਦੇ ਐਸਡੀਓ ਰਾਜ ਕੁਮਾਰ ਨੇ ਕਿਹਾ ਕਿ ਹਿਮਾਚਲੀ ਕਰੱਸ਼ਰ ਵਲੋਂ ਮਾਈਨਿੰਗ ਕੀਤੀ ਨਜ਼ਰ ਨਹੀਂ ਆਈ ਅਤੇ ਕਰੱਸ਼ਰ ਮਾਲਕ ਨੂੰ ਦੋ ਦਿਨਾਂ ਅੰਦਰ ਨਹਿਰੀ ਜ਼ਮੀਨ ਤੋਂ ਡੰਪ ਚੁੱਕ ਲੈਣ ਦੀ ਹਦਾਇਤ ਕੀਤੀ ਹੈ। ਏਐੱਸਆਈ ਸਤਨਾਮ ਸਿੰਘ ਨੇ ਕਿਹਾ ਕਿ ਮਾਈਨਿੰਗ ਤੇ ਨਹਿਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਕੀਤੀ।