ਸੁਰਜੀਤ ਮਜਾਰੀ
ਬੰਗਾ, 22 ਜੁਲਾਈ
ਬੇਜ਼ਮੀਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਅੱਜ ਪੇਂਡੂ ਮਜ਼ਦੂਰ ਯੂਨੀਅਨ ਸ੍ਰੀ ਗੁਰੂ ਰਵਿਦਾਸ ਮਿਸ਼ਨ ਦੇ ਬੈਨਰ ਹੇਠ ਪ੍ਰਦਰਸ਼ਨ ਕੀਤਾ ਗਿਆ। ਪਿੰਡ ਬੀਸਲਾ ਵਿੱਚ ਯੂਨੀਅਨ ਦੀ ਹੋਈ ਇਕੱਤਰਤਾ ਵਿੱਚ ਮੰਗ ਕੀਤੀ ਗਈ ਕਿ ਸੂਬੇ ਅੰਦਰ ਬਾਕੀ ਵਰਗਾਂ ਦੀ ਕਰਜ਼ਾ ਮੁਆਫ਼ੀ ਦੇ ਤਰਜ਼ ’ਤੇ ਬੇਜ਼ਮੀਨੇ ਮਜ਼ਦੂਰਾਂ ਦੇ ਸਿਰ ਤੋਂ ਕਰਜ਼ੇ ਦਾ ਭਾਰ ਲਾਹਿਆ ਜਾਵੇ। ਉਨ੍ਹਾਂ ਇਸ ਮੁੱਦੇ ’ਤੇ ਪੰਜਾਬ ਸਰਕਾਰ ਵਲੋਂ ਲੰਬੇ ਅਰਸੇ ਤੋਂ ਕੀਤੀ ਜਾ ਰਹੀ ਆਨਾਕਾਨੀ ਦੀ ਨਿਖੇਧੀ ਕੀਤੀ।
ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਖੈਰੜ ਨੇ ਦੱਸਿਆ ਕਿ ਬੇਜ਼ਮੀਨੇ ਵਰਗ ਦੇ ਹੱਕ ’ਚ ਲੰਬੇ ਸਮੇਂ ਤੋਂ ਸੰਘਰਸ਼ ਹੋ ਰਿਹਾ ਹੈ ਅਤੇ ਸਰਕਾਰ ਦੇ ਨੁਮਾਇੰਦਿਆਂ ਤੱਕ ਸਮੇਂ ਸਮੇਂ ਸਾਰੇ ਤੱਥ ਲਿਖਤੀ ਰੂਪ ’ਚ ਭੇਜੇ ਜਾ ਚੁੱਕੇ ਹਨ ਪਰ ਸਰਕਾਰੇ ਦਰਬਾਰੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ਅੰਦਰ ਵੱਖ ਵੱਖ ਜ਼ਿਲ੍ਹਿਆਂ ਦੀ ਖੁਦਮੁਖਤਿਆਰ ਸਹਿਕਾਰੀ ਸਭਾਵਾਂ ਦਾ 64 ਕਰੋੜ ਦੇ ਕਰੀਬ ਕਰਜ਼ਾ ਬਕਾਇਆ ਖੜ੍ਹਾ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਰੀ ਕੀਤੇ ਮੰਗ ਪੱਤਰ ਵਿੱਚ ਬੁਢਾਪਾ ਪੈਨਸ਼ਨ 3000, ਮਨਰੇਗਾ ਦਿਹਾੜੀ 600, ਸ਼ਗਨ ਸਕੀਮ 51 ਹਜ਼ਾਰ ਕਰਨ ਦੀ ਵਕਾਲਤ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਗਿਆਨ ਚੰਦ ਹੱਪੋਵਾਲ, ਸੂਬਾਈ ਜਨਰਲ ਸਕੱਤਰ ਮਹਾਂ ਚੰਦ ਹੀਉਂ ਅਤੇ ਸਥਾਨਕ ਨੁਮਾਇੰਦੇ ਜੁਗਿੰਦਰ ਸਿੰਘ, ਹਰਦੀਪ ਸਿੰਘ, ਪਰਮਜੀਤ ਕੌਰ, ਅਮਰਜੀਤ ਕੌਰ ਤੇ ਪਲਵਿੰਦਰ ਝੰਡੇਰ ਨੇ ਵੀ ਸੰਬੋਧਨ ਕੀਤਾ।