ਪੱਤਰ ਪ੍ਰੇਰਕ
ਹੁਸ਼ਿਆਰਪੁਰ, 25 ਅਪਰੈਲ
ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਇਕ ਵਫ਼ਦ ਸੂਬਾ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਅਤੇ ਜਨਰਲ ਸਕੱਤਰ ਅਰਵਿੰਦ ਸੈਣੀ ਦੀ ਅਗਵਾਈ ਹੇਠ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਸਥਾਨਕ ਰੈਸਟ ਹਾਊਸ ਵਿਖੇ ਮਿਲਿਆ ਅਤੇ ਮੰਗ ਪੱਤਰ ਦਿੱਤਾ। ਇਸ ਮੌਕੇ ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਦੇ ਸੂਬਾ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਅਤੇ ਸੂਬਾਈ ਆਗੂ ਕਰਮਜੀਤ ਸਿੰਘ ਖੋਖਰ ਵੀ ਮੌਜੂਦ ਸਨ। ਵਫ਼ਦ ਨੇ ਮੰਗ ਕੀਤੀ ਕਿ ਜੇ.ਈ/ਈ.ਈ ਅਤੇ ਪਦਉਨਤ ਉਪ ਮੰਡਲ ਇੰਜਨੀਅਰਾਂ ਦੀਆਂ ਬੇਲੋੜੀਆਂ ਬਦਲੀਆਂ ਨਾ ਕੀਤੀਆਂ ਜਾਣ, ਫ਼ੀਲਡ ਵਿਚ ਜਾਣ ਲਈ ਖੋਹਿਆ ਗਿਆ ਪੈਟਰੋਲ ਭੱਤਾ ਮੁੜ ਬਹਾਲ ਕੀਤਾ ਜਾਵੇ, ਜੂਨੀਅਨ ਇੰਜਨੀਅਰ ਤੋਂ ਉਪ ਮੰਡਲ ਇੰਜਨੀਅਰ ਪਦਉਨਤੀ ਦਾ ਕੋਟਾ ਚੰਡੀਗੜ੍ਹ ਪੈਟਰਨ ਅਨੁਸਾਰ 50 ਤੋਂ ਵਧਾ ਕੇ 75 ਫ਼ੀਸਦੀ ਕੀਤਾ ਜਾਵੇ ਅਤੇ ਵਿੱਤੀ ਸ਼ਕਤੀਆਂ ਪਹਿਲਾਂ ਵਾਂਗ ਉਪ ਮੰਡਲ ਪੱਧਰ ’ਤੇ ਦਿੱਤੀਆਂ ਜਾਣ, ਵਿਭਾਗ ਅੰਦਰ ਇੰਜਨੀਅਰਾਂ ਦੀ ਆਊਟਸੋਰਸ ਭਰਤੀ ’ਤੇ ਪਾਬੰਦੀ ਲਗਾਈ ਜਾਵੇ, ਵਿਭਾਗ ਅੰਦਰ ਰੱਖੇ ਸੇਵਾਮੁਕਤ ਇੰਜਨੀਅਰਾਂ ਨੂੰ ਤੁਰੰਤ ਫ਼ਾਰਗ ਕੀਤਾ ਜਾਵੇ, ਜਲਦ ਨਵੀਂ ਭਰਤੀ ਕੀਤੀ ਜਾਵੇ, ਵਿਭਾਗ ਅੰਦਰ ਕੰਮ ਦੀ ਗੁਣਵੱਤਾ ਲਈ ਨਿੱਜੀ ਏਜੰਸੀਆਂ ਤੋਂ ਚੈਕਿੰਗ ਬੰਦ ਕਰਕੇ ਵਿਭਾਗੀ ਤੌਰ ’ਤੇ ਕਰਵਾਈ ਜਾਵੇ। ਕੈਬਨਿਟ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਜਾਵੇਗੀ।