ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਫਰਵਰੀ
ਕਾਂਗਰਸੀ ਕੌਂਸਲਰ ਜਸਲੀਨ ਸੇਠੀ ਵੱਲੋਂ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਲਾਏ ਹੋਰਡਿੰਗ ਤੋਂ ਦਲਿਤ ਸਮਾਜ ਭੜਕ ਪਿਆ ਹੈ। ਨਕੋਦਰ ਰੋਡ ’ਤੇ ਦੋਆਬਾ ਸਕੂਲ ਨੇੜੇ ਜਿਹੜਾ ਬੋਰਡ ਵਾਰਡ ਨੰਬਰ-20 ਤੋਂ ਕਾਂਗਰਸੀ ਕੌਂਸਲਰ ਡਾ. ਜਸਲੀਨ ਸੇਠੀ ਵੱਲੋਂ ਲਾਇਆ ਗਿਆ ਸੀ ਉਸ ’ਤੇ ਗੁਰੂ ਰਵੀਦਾਸ ਜੀ ਦੀ ਤਸਵੀਰ ਦੇ ਉੱਪਰ ਕਾਂਗਰਸ ਦਾ ਚੋਣ ਨਿਸ਼ਾਨ ‘ਪੰਜਾ’, ਮੁੱਖ ਮੰਤਰੀ ਸਣੇ ਐੱਮਪੀ ਚੌਧਰੀ ਸੰਤੋਖ ਸਿੰਘ ਤੇ ਕਾਂਗਰਸ ਦੇ ਚਾਰੇ ਵਿਧਾਇਕਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸਨ। ਦਲਿਤ ਸਮਾਜ ਇਸ ਗੱਲ ਨੂੰ ਲੈ ਕੇ ਗੁੱਸੇ ਵਿਚ ਸੀ ਕਿ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਗੁਰੂ ਰਵੀਦਾਸ ਜੀ ਦੀ ਤਸਵੀਰ ਤੋਂ ਉੱਪਰ ਕਿਉਂ ਲਾਈਆਂ ਗਈਆਂ ਹਨ। ਲੰਘੀ ਰਾਤ ਨਕੋਦਰ ਰੋਡ ’ਤੇ ਗੁੱਸੇ ਵਿਚ ਆਏ ਲੋਕਾਂ ਨੇ ਜਾਮ ਲਾ ਦਿੱਤਾ। ਦਲਿਤ ਸਮਾਜ ਦਾ ਵਫ਼ਦ ਅੱਜ ਪੁਲੀਸ ਕਮਿਸ਼ਨਰ ਦੇਣ ਲਈ ਪੁੱਜਾ। ਕਾਂਗਰਸੀ ਕੌਂਸਲਰ ਡਾ. ਜਸਲੀਨ ਸੇਠੀ ਨੇ ਇਸ ਗੱਲ ਦੀ ਮੁਆਫੀ ਮੰਗਦਿਆਂ ਕਿਹਾ ਕਿ ਜਲਦਬਾਜ਼ੀ ਵਿਚ ਉਨ੍ਹਾਂ ਕੋਲੋਂ ਡਿਜ਼ਾਈਨ ਦੇਖ ਨਹੀਂ ਹੋਇਆ।