ਪੱਤਰ ਪ੍ਰੇਰਕ
ਫਗਵਾੜਾ, 22 ਅਗਸਤ
ਇਥੋਂ ਦੇ ਪਿੰਡ ਪੰਡੋਰੀ ਲਾਗਿਉਂ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰੇ ਇੱਕ ਮਹਿਲਾ ਪਾਸੋਂ ਐਕਟਿਵਾ ਖੋਹ ਕੇ ਲੈ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਮਹਿਲਾ ਪੂਜਾ ਚੌਪੜਾ ਵਾਸੀ ਡੱਡਲ ਮੁਹੱਲਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਖਲਵਾੜਾ ਬਾਈਪਾਸ ਕੋਲ ਐਕਟਿਵਾ (ਪੀ.ਬੀ.36.ਜੇ.3939) ’ਤੇ ਗਈ ਸੀ ਤਾਂ ਇਸੇ ਦੌਰਾਨ ਉਸਦੇ ਪਿੱਛੇ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਲੱਗ ਗਏ। ਉਹ ਉਸਦਾ ਪਿੱਛਾ ਕਰਦੇ ਰਹੇ ਪਰ ਉਹ ਸਮਝ ਨਾ ਸਕੀ। ਜਦੋਂ ਉਸ ਨੇ ਪਿੰਡ ਪੰਡੋਰੀ ਵੱਲ ਨੂੰ ਸਕੂਟਰੀ ਮੋੜ ਲਈ ਤਾਂ ਉਨ੍ਹਾਂ ਪੰਪ ਨਜ਼ਦੀਕ ਪੁੱਜ ਕੇ ਮੋਟਰਸਾਈਕਲ ਲਿਆ ਕੇ ਉਨ੍ਹਾਂ ਦੇ ਅੱਗੇ ਲੱਗਾ ਲਿਆ ਤੇ ਦਾਤਰ ਕੱਢ ਲਿਆ। ਲੁਟੇਰੇ ਉਸਨੂੰ ਐਕਟਿਵਾ ਤੋਂ ਉੱਤਰ ਜਾਣ ਲਈ ਕਹਿਣ ਲੱਗੇ। ਉਸਨੇ ਦੱਸਿਆ ਕਿ ਉਹ ਐਕਟਿਵਾ ਤੋਂ ਉੱਤਰ ਗਈ ਤਾਂ ਇਹ ਲੁਟੇਰੇ ਉਸਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ।
ਉਸਨੇ ਦੱਸਿਆ ਕਿ ਤਿੰਨ ਲੁਟੇਰੇ ਸਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ। ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਰਜਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮਗਰੋਂ ਬਣਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।