ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਕੋਵਿਡ -19 ਦੇ ਰੋਜ਼ਾਨਾ ਮਾਮਲਿਆਂ ਵਿੱਚ ਵਾਧੇ ਤੇ ਪਾਜ਼ੇਵਿਟ ਦਰ ਦੋ ਪ੍ਰਤੀਸ਼ਤ ਤੋਂ ਪਾਰ ਜਾਣ ਦੇ ਵਿਚਕਾਰ ਪਿਛਲੇ ਇੱਕ ਹਫ਼ਤੇ ਵਿੱਚ ਘਰੇਲੂ ਇਕਾਂਤਵਾਸ ਮਾਮਲਿਆਂ ਦੀ ਗਿਣਤੀ ਵਿੱਚ ਲਗਪਗ 48 ਫ਼ੀਸਦ ਦਾ ਵਾਧਾ ਹੋਇਆ ਹੈ। ਵੀਰਵਾਰ ਨੂੰ ਘਰੇਲੂ ਇਕਾਂਤਵਾਸ ਦੇ ਕੇਸਾਂ ਦੀ ਗਿਣਤੀ 574 ਰਹੀ ਜਦੋਂ ਕਿ 2.39 ਫ਼ੀਸਦ ਦੀ ਪਾਜ਼ੇਵਿਟ ਦਰ ਨਾਲ 325 ਨਵੇਂ ਕਰੋਨਾਵਾਇਰਸ ਕੇਸ ਦਰਜ ਕੀਤੇ ਗਏ। ਪਿਛਲੇ ਕੁਝ ਦਿਨਾਂ ਵਿੱਚ ਰੋਜ਼ਾਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਜਦੋਂ ਕਿ ਇੱਥੇ ਪਾਜ਼ੇਵਿਟ ਦਰ 4 ਅਪਰੈਲ ਤੋਂ ਇੱਕ ਫ਼ੀਸਦ ਤੋਂ ਵੱਧ ਦਰਜ ਕੀਤੀ ਗਈ ਹੈ ਜਦੋਂ ਇਹ 1.34 ਫ਼ੀਸਦ ਸੀ। ਜਿਵੇਂ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ ਸਕਾਰਾਤਮਕਤਾ ਦਰ 1 ਅਪਰੈਲ ਨੂੰ 0.57 ਪ੍ਰਤੀਸ਼ਤ ਤੋਂ ਵੱਧ ਕੇ 14 ਅਪਰੈਲ ਨੂੰ 2.39 ਪ੍ਰਤੀਸ਼ਤ ਹੋ ਗਈ ਹੈ, ਪਿਛਲੇ ਇੱਕ ਹਫ਼ਤੇ ਵਿੱਚ ਘਰੇਲੂ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ 8 ਅਪਰੈਲ ਨੂੰ ਸ਼ਹਿਰ ਵਿੱਚ 1.39 ਫ਼ੀਸਦ ਦੀ ਪਾਜ਼ੇਵਿਟ ਦਰ ਦੇ ਨਾਲ 146 ਕੇਸ ਸਾਹਮਣੇ ਆਏ ਸਨ ਤੇ 388 ਮਰੀਜ਼ ਘਰਾਂ ਵਿੱਚ ਇਕਾਂਤਵਾਸ ਸਨ। ਇਸ ਸਮੇਂ ਦੌਰਾਨ ਹੋਮ ਆਈਸੋਲੇਸ਼ਨ ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ ਜੋ ਕਿ 14 ਅਪਰੈਲ ਨੂੰ ਵੱਧ ਕੇ 574 ਹੋ ਗਿਆ ਹੈ। 11 ਅਪਰੈਲ ਨੂੰ ਇਹ ਅੰਕੜੇ 447 ਸਨ ਤੇ 13 ਅਪਰੈਲ ਨੂੰ ਇਹ 504 ਹੋ ਗਏ ਸਨ। ਡਾਕਟਰਾਂ ਨੇ ਕਿਹਾ ਸੀ ਕਿ ਇਹ ਘਬਰਾਹਟ ਵਾਲੀ ਸਥਿਤੀ ਨਹੀਂ ਸੀ ਕਿਉਂਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਅਜੇ ਵੀ ਘੱਟ ਸੀ। ਕਈ ਡਾਕਟਰਾਂ ਨੇ ਇਹ ਵੀ ਕਿਹਾ ਸੀ ਕਿ ਲੱਛਣ ਸ਼ੁਰੂ ਹੋਣ ਤੋਂ ਬਾਅਦ ਬਹੁਤ ਘੱਟ ਲੋਕ ਕੋਵਿਡ ਟੈਸਟ ਲਈ ਜਾ ਰਹੇ ਹਨ ਤੇ ਲੋਕ ਹੁਣ ਘਰ ਵਿੱਚ ਹੀ ਠੀਕ ਹੋਣ ਨੂੰ ਤਰਜੀਹ ਦੇ ਰਹੇ ਹਨ।