ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ 1 ਅਕਤੂਬਰ ਤੋਂ ਦਿੱਲੀ ਦੇ ਲੋਕ ਬਿਜਲੀ ਸਬਸਿਡੀ ਦੀ ਚੋਣ ਕਰ ਸਕਦੇ ਹਨ ਤੇ ਇਹ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇੱਕ ਪ੍ਰੈੱਸ ਕਾਨਫਰਸੰ ਵਿੱਚ ਬੋਲਦੇ ਹੋਏ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਹੁਣ ਲੋਕਾਂ ਤੋਂ ਪੁੱਛੇਗੀ ਕਿ ਕੀ ਉਹ ਬਿਜਲੀ ’ਤੇ ਸਬਸਿਡੀ ਲੈਣਾ ਚਾਹੁੰਦੇ ਹਨ। 1 ਅਕਤੂਬਰ ਤੋਂ ਸਿਰਫ ਉਨ੍ਹਾਂ ਖਪਤਕਾਰਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਜੋ ਇਸ ਦੀ ਚੋਣ ਕਰਨਗੇ। ਵਰਤਮਾਨ ਵਿੱਚ ਦਿੱਲੀ ਦੇ ਖਪਤਕਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਦਾ ਜ਼ੀਰੋ ਬਿਜਲੀ ਬਿੱਲ ਤੇ 201 ਤੋਂ 400 ਯੂਨਿਟ ਬਿਜਲੀ ਦੀ ਖਪਤ ਕਰਨ ’ਤੇ 800 ਰੁਪਏ ਦੀ ਸਬਸਿਡੀ ਮਿਲਦੀ ਹੈ। ਸ੍ਰੀ ਕੇਜਰੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਦਿੱਲੀ ਕੈਬਨਿਟ ਨੇ ਇੱਕ ਸਟਾਰਟ-ਅੱਪ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਨੌਜਵਾਨਾਂ ਨੂੰ ਕੰਪਨੀਆਂ ਸਥਾਪਤ ਕਰਨ ਵਿੱਚ ਵਿੱਤੀ ਮਦਦ ਦੇਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸ ਉਦੇਸ਼ ਲਈ 20 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਚਲਾਏ ‘ਬਿਜ਼ਨਸ ਬਲਾਸਟਰ’ ਪ੍ਰੋਗਰਾਮ ਨੂੰ ਕਾਲਜ ਦੇ ਵਿਦਿਆਰਥੀਆਂ ਤੱਕ ਵਧਾਇਆ ਜਾਵੇਗਾ ਤਾਂ ਜੋ ਉਹ ਸਰਕਾਰ ਤੋਂ ਮੁੱਢਲੇ ਪੈਸੇ ਨਾਲ ਆਪਣੇ ਵਪਾਰਕ ਵਿਚਾਰਾਂ ’ਤੇ ਕੰਮ ਕਰ ਸਕਣ। ਇਹ ਟ੍ਰੇਡਮਾਰਕ ਰਜਿਸਟ੍ਰੇਸ਼ਨ ਤੇ ਹੋਰ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਲਈ ਨਵੇਂ ਸਟਾਰਟ-ਅਪਸ ਨੂੰ ਮੁਫਤ ਮਦਦ ਦੇਣ ਲਈ ਏਜੰਸੀਆਂ ਅਤੇ ਮਾਹਿਰਾਂ ਦਾ ਇੱਕ ਪੈਨਲ ਬਣਾਏਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ 20 ਮੈਂਬਰੀ ਟਾਸਕ ਫੋਰਸ, ਜਿਸ ਵਿੱਚ ਇੱਕ ਸਰਕਾਰੀ ਅਧਿਕਾਰੀ, ਅਕਾਦਮਿਕ ਤੇ ਵਪਾਰਕ ਨੁਮਾਇੰਦੇ ਹੋਣਗੇ, ਸਟਾਰਟ-ਅੱਪਸ ਦੀਆਂ ਰਜਿਸਟ੍ਰੇਸ਼ਨ ਅਰਜ਼ੀਆਂ ’ਤੇ ਫੈਸਲਾ ਲਵੇਗੀ।
ਮੋਦੀ ਦੇ ਰਾਹ ’ਤੇ ਚੱਲੇ ਕੇਜਰੀਵਾਲ: ਕਾਂਗਰਸ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹ ’ਤੇ ਚੱਲ ਪਏ ਹਨ। ਜਿਸ ਤਰ੍ਹਾਂ ਸ੍ਰੀ ਮੋਦੀ ਨੇ ਪਹਿਲਾਂ ਗੈਸ ਸਬਸਿਡੀ ਛੱਡਣ ਲਈ ਕਿਹਾ ਤੇ ਬਾਅਦ ਵਿੱਚ ਸਾਰੀ ਸਬਸਿਡੀ ਬੰਦ ਕਰ ਦਿੱਤੀ, ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਵੀ ਆਪਣੇ ਵਾਅਦੇ ਤੋਂ ਪਿੱਛੇ ਹਟਣ ਲਈ ਪਹਿਲਾ ਕਦਮ ਚੁੱਕਿਆ ਹੈ।
ਕੇਜਰੀਵਾਲ ਮਾਡਲ ਹੁਣ ਢਹਿ-ਢੇਰੀ: ਭਾਜਪਾ
ਦਿੱਲੀ ਭਾਜਪਾ ਦੇ ਬੁਲਾਰੇ ਨੇ ਕਿਹਾ ਹੈ ਕਿ ਦਿੱਲੀ ਦੇ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ 200 ਯੂਨਿਟ ਮੁਫਤ ਬਿਜਲੀ ਸਵੈ-ਇੱਛਾ ਨਾਲ ਕਰਨ ਦੇ ਐਲਾਨ ਨੂੰ ਸੁਣ ਕੇ ਹੈਰਾਨ ਹਨ ਜਦੋਂ ਕਿ ਉਹ ਚੋਣਾਂ ਲੜ ਰਹੇ ਦੂਜੇ ਰਾਜਾਂ ਵਿੱਚ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰਦੇ ਹਨ। ਅੱਜ ਸਪੱਸ਼ਟ ਹੋ ਗਿਆ ਹੈ ਕਿ ਸਾਰਿਆਂ ਨੂੰ ਮੁਫਤ ਬਿਜਲੀ ਤੇ ਪਾਣੀ ਦੇਣ ਦਾ ਕੇਜਰੀਵਾਲ ਮਾਡਲ ਹੁਣ ਢਹਿ-ਢੇਰੀ ਹੋ ਗਿਆ ਹੈ ਕਿਉਂਕਿ ਦਿੱਲੀ ਸਰਕਾਰ ਦੀ ਵਿੱਤੀ ਹਾਲਤ ਡੁੱਬ ਚੁੱਕੀ ਹੈ। ਸੰਭਵ ਹੈ ਕਿ ਅਸੀਂ ਜਲਦੀ ਹੀ ਦਿੱਲੀ ਵਿੱਚ ਮੁਫਤ ਸਕੀਮਾਂ ਦਾ ਅੰਤ ਤੇ ਮੁਫਤ ਬਿਜਲੀ, ਪਾਣੀ ਤੇ ਬੱਸ ਯਾਤਰਾ ਦਾ ਅੰਤ ਦੇਖਾਂਗੇ।