ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਨਵੰਬਰ
ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਤੋਂ ‘ਮਾੜੀ’ ਹੋ ਗਈ ਹੈ ਤੇ ਹਵਾ ਗੁਣਵੱਤਾ ਸੂਚਕ ਅੰਕ ਮੰਗਲਵਾਰ ਨੂੰ ਸਵੇਰੇ 276 ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ 20 ਕਿਲੋਮੀਟਰ ਪ੍ਰਤੀ ਘੰਟਾ ਤੇ ਸੋਮਵਾਰ ਨੂੰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਸਦਕਾ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਇਸ ਕਰ ਕੇ ਦੂਰ ਤਕ ਦੇਖਣ ਵਿਚ ਵੀ ਸੁਧਾਰ ਹੋਇਆ ਹੈ। ਐਤਵਾਰ (349) ਤੇ ਸੋਮਵਾਰ (311) ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕਰਨ ਦਾ ਕਾਰਨ ਇਹ ਹੈ ਕਿ ਕਿਸੇ ਵੀ ਸਮੇਂ ’ਤੇ ਹਵਾ ਗੁਣਵੱਤਾ ਰੀਡਿੰਗ ਪਿਛਲੇ 24 ਘੰਟਿਆਂ ਵਿੱਚ ਰਿਕਾਰਡ ਕੀਤੇ ਗਏ ਸੂਚਕ ਅੰਕ ਦੀ ਔਸਤ ਹੈ।
ਗੁਆਂਢੀ ਫਰੀਦਾਬਾਦ (270), ਗਾਜ਼ੀਆਬਾਦ (232), ਗ੍ਰੇਟਰ ਨੋਇਡਾ (212), ਗੁਰੂਗ੍ਰਾਮ (273) ਤੇ ਨੋਇਡਾ (232) ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇਖਿਆ ਗਿਆ। ਧਰਤੀ ਵਿਗਿਆਨ ਮੰਤਰਾਲੇ ਦੇ ਹਵਾ ਗੁਣਵੱਤਾ ਮਾਨੀਟਰ ਨੇ ਕਿਹਾ ਕਿ ਬੁੱਧਵਾਰ ਤੋਂ ਹਵਾਵਾਂ ਹੌਲੀ ਹੋਣ ਦੀ ਸੰਭਾਵਨਾ ਹੈ ਤੇ ਨਤੀਜੇ ਵਜੋਂ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦਿੱਲੀ ਸਰਕਾਰ ਨੇ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਮਜ਼ਦੂਰਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਮੱਦੇਨਜ਼ਰ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ਤੋਂ ਪਾਬੰਦੀ ਹਟਾ ਦਿੱਤੀ ਹੈ। ਸਰਕਾਰ ਬੁੱਧਵਾਰ ਨੂੰ ਸਮੀਖਿਆ ਮੀਟਿੰਗ ਦੌਰਾਨ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਅਤੇ ਆਪਣੇ ਕਰਮਚਾਰੀਆਂ ਲਈ ਘਰ-ਘਰ ਕੰਮ ਕਰਨ ਦਾ ਫ਼ੈਸਲਾ ਕਰੇਗੀ।