ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਵੇਂ ਸਾਲ ’ਤੇ ਦਿੱਲੀ ਵਾਸੀਆਂ ਨੂੰ ਰਾਹਤ ਦਿੰਦੇ ਹੋਏ ਪਾਣੀ ਦੇ ਬਿੱਲ ’ਤੇ ਛੋਟ ਦੀ ਯੋਜਨਾ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ। ਦਿੱਲੀ ਦੇ ਜਲ ਮੰਤਰੀ ਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਵੱਲੋਂ ਨਵੇਂ ਸਾਲ ’ਤੇ ਦਿੱਲੀ ਦੇ ਲੋਕਾਂ ਨੂੰ ਇਹ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਡੀਜੇਬੀ ਦੇ ਇਸ ਫ਼ੈਸਲੇ ਨਾਲ ਲੱਖਾਂ ਖਪਤਕਾਰਾਂ ਨੂੰ ਲਾਭ ਹੋਵੇਗਾ। ਇਸ ਤੋਂ ਪਹਿਲਾਂ, ਦਿੱਲੀ ਜਲ ਬੋਰਡ ਨੇ ਪਾਣੀ ਦੇ ਬਿੱਲ ’ਤੇ ਛੋਟ ਸਕੀਮ ਨੂੰ 31 ਦਸੰਬਰ 2020 ਤੱਕ ਵਧਾ ਦਿੱਤਾ ਸੀ। ਦਿੱਲੀ ਦੇ ਜਲ ਮੰਤਰੀ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤਿੰਦਰ ਜੈਨ ਨੇ ਕਿਹਾ, ‘ਕਰੋਨਾ ਕਾਰਨ ਦਿੱਲੀ ਦੇ ਵਸਨੀਕ ਚੁਣੌਤੀਪੂਰਨ ਪੜਾਅ ’ਚੋਂ ਲੰਘ ਰਹੇ ਹਨ। ਹਾਲਾਂਕਿ ਦਿੱਲੀ ਦੇ ਲੋਕਾਂ ਨੇ ਬੜੀ ਬਹਾਦਰੀ ਤੇ ਸਬਰ ਨਾਲ ਕਰੋਨਾ ਵਿਰੁੱਧ ਲੜਾਈ ਲੜੀ ਹੈ ਤੇ ਫਿਰ ਵੀ ਆਪਣੀ ਲੜਾਈ ਜਾਰੀ ਰੱਖੀ ਹੈ। ਦਿੱਲੀ ਜਲ ਬੋਰਡ ਦਾ ਚੇਅਰਮੈਨ ਬਣਨ ’ਤੇ ਖੁਦ ਦਿੱਲੀ ਦਾ ਵਸਨੀਕ ਹੋਣ ਕਰ ਕੇ, ਮੈਂ ਦਿੱਲੀ ਦੇ ਲੋਕਾਂ ਦੀ ਮੌਜੂਦਾ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਤੇ ਸਾਰਿਆਂ ਲਈ ਹਮਦਰਦੀ ਰੱਖਦਾ ਹਾਂ।’
ਜੈਨ ਨੇ ਕਿਹਾ ਕਿ ਫਰਜ਼ ਬਣਦਾ ਹੈ ਕਿ ਉਹ ਦਿੱਲੀ ਵਿਚ ਰਹਿੰਦੇ ਹਰ ਵਿਅਕਤੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਤੇ ਦਿੱਲੀ ਜਲ ਬੋਰਡ ਦੁਆਰਾ ਲਿਆਂਦੀ ਗਈ ਯੋਜਨਾ ਦੀ ਅੰਤਮ ਤਾਰੀਕ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਖਪਤਕਾਰਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਪਾਉਣ ਜਾਂ ਕਿਸੇ ਮੁਸ਼ਕਲ ਦਾ ਸਾਹਮਣਾ ਕੀਤੇ ਆਪਣੇ ਪਾਣੀ ਦੇ ਬਕਾਏ ਘੱਟ ਦਰਾਂ ’ਤੇ ਅਦਾ ਕਰਨੇ ਪੈਣ। ਇਸ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਸਰਕਾਰ ਨੇ ਇਸ ਛੋਟ ਸਕੀਮ ਨੂੰ 31 ਦਸੰਬਰ 2020 ਤੋਂ ਵਧਾ ਕੇ 31 ਮਾਰਚ 2021 ਕਰਨ ਦਾ ਫ਼ੈਸਲਾ ਕੀਤਾ ਹੈ।