ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਂ ’ਤੇ ਬਣੇ ਬਾਲਾ ਸਾਹਿਬ ਹਸਪਤਾਲ ਵਿਚ ਡਾਇਲਸਿਸ ਸੈਂਟਰ ਦਾ ਨਾਂ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦੇ ਨਾਂ ’ਤੇ ਰੱਖਿਆ ਗਿਆ ਤੇ ਇਸਦਾ ਰਸਮੀ ਉਦਘਾਟਨ 7 ਮਾਰਚ ਨੂੰ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਮੀਡੀਆ ਨੂੰ ਦਿੱਤੀ ਤੇ ਇਹ ਵੀ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਸਸਤੀ ਐੱਮਆਰਆਈ ਤੇ ਸੀਟੀ ਸਕੈਨ ਦੀ ਸਹੂਲਤ ਵੀ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਸ਼ੁਰੂ ਹੋਣ ਜਾ ਰਹੀ ਹੈ, ਜਿਸਦਾ ਰਸਮੀ ਉਦਘਾਟਨ 11 ਮਾਰਚ ਨੂੰ ਕੀਤਾ ਜਾਵੇਗਾ।
ਸ੍ਰੀ ਕਾਲਕਾ ਨੇ ਕਿਹਾ ਕਿ ਦਿੱਲੀ ਦੀ ਸੰਗਤ ਹੀ ਨਹੀਂ ਬਲਕਿ ਦੇਸ਼ ਭਰ ਤੋਂ ਲੋਕ ਆ ਕੇ ਸਸਤੀ ਐੱਮਆਰਆਈ, ਸੀਟੀ ਸਕੈਨ ਅਤੇ ਡਾਇਲਸਿਸ ਸੈਂਟਰ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਵਾਦਾਂ ਦੇ ਚਲਦੇ ਖੰਡਰ ਬਣ ਚੁੱਕੇ ਬਾਲਾ ਸਾਹਿਬ ਨੂੰ ਸ਼ੁਰੂ ਕਰਨ ਦਾ ਵਾਅਦਾ ਅਸੀਂ ਸੰਗਤ ਨਾਲ ਕੀਤਾ ਸੀ ਤੇ ਇਸਦੇ ਪੜਾਅ ਵਿਚ ਡਾਇਲਸਿਸ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਚਲ ਰਹੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਨੂੰ ਵੀ ਅਤਿਆਧੁਨਿਕ ਮਸ਼ੀਨਰੀ ਨਾਲ ਲੈਸ ਕਰ ਕੇ ਉਸਦਾ ਨਵੀਨੀਕਰਨ ਕਰਨ ਦੀ ਬਦੌਲਤ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦੀ ਸਭ ਤੋਂ ਸਸਤੀ ਐੱਮ ਆਰ ਆਈ ਦੀ ਸਹੂਲਤ ਵੀ ਸੰਗਤ ਲਈ ਸ਼ੁਰੂ ਕੀਤੀ ਜਾ ਰਹੀ ਹੈ।
ਸ੍ਰੀ ਕਾਲਕਾ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਕਾਲ ਵਿਚ ਵੀ ਲਗਾਤਾਰ ਲੰਗਰ ਸੇਵਾ ਰਾਹੀਂ ਲੱਖਾਂ ਲੋਕਾਂ ਨੂੰ ਰੋਜ਼ਾਨਾ ਲੰਗਰ ਛਕਾਇਆ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕੰਮ ਸਰਕਾਰਾਂ ਦਾ ਸੀ ਪਰ ਦਿੱਲੀ ਗੁਰਦੁਆਰਾ ਕਮੇਟੀ ਨੇ ਇਸਨੂੰ ਬਾਖੂਬੀ ਨਿਭਾਇਆ। ਉਨ੍ਹਾਂ ਕਿਹਾ ਕਿ ਇਸ ਮਗਰੋਂ ਅਸੀਂ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਲਈ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹੇ ਤੇ ਕਰੋਨਾ ਮਰੀਜ਼ਾਂ ਲਈ ਐਂਬੂਲੈਂਸਾਂ ਵੀ ਚਲਾਈਆਂ ਅਤੇ ਹੁਣ ਸਸਤੀ ਆਰ ਐਮ ਆਰ ਟੀ, ਸੀ ਟੀ ਸਕੈਨ ਤੇ ਹੋਰ ਸਹੂਲਤਾਂ ਸੰਗਤ ਦੀ ਸੇਵਾ ਵਿਚ ਹਾਜ਼ਰ ਕਰ ਰਹੇ ਹਾਂ।